The Khalas Tv Blog India ਛੇਵੇਂ ਗੇੜ ’ਚ ਵੋਟਰਾਂ ਨੇ ਨਹੀਂ ਦਿਖਾਈ ਦਿਲਚਸਪੀ
India Lok Sabha Election 2024

ਛੇਵੇਂ ਗੇੜ ’ਚ ਵੋਟਰਾਂ ਨੇ ਨਹੀਂ ਦਿਖਾਈ ਦਿਲਚਸਪੀ

ਲੋਕ ਸਭਾ ਚੋਣਾਂ ਦੇ ਛੇਵੇਂ ਗੇੜ ਦੌਰਾਨ ਅੱਜ 58 ਹਲਕਿਆਂ ’ਚ 61.11 ਫ਼ੀਸਦ ਵੋਟਰਾਂ ਨੇ ਆਪਣੇ ਜਮਹੂਰੀ ਹੱਕ ਦੀ ਵਰਤੋਂ ਕੀਤੀ। ਪੱਛਮੀ ਬੰਗਾਲ ਦੀਆਂ ਅੱਠ ਸੀਟਾਂ ’ਤੇ ਰਿਕਾਰਡ 79.4 ਫ਼ੀਸਦ ਵੋਟਿੰਗ ਹੋਈ ਪਰ ਹਿੰਸਾ ’ਚ ਦੋ ਵਿਅਕਤੀ ਮਾਰੇ ਗਏ। ਕਈ ਥਾਵਾਂ ’ਤੇ ਇਲੈਕਟ੍ਰਾਨਿਕ ਵੋਟਿੰਗ ਮਸ਼ੀਨਾਂ ’ਚ ਨੁਕਸ ਕਾਰਨ ਵੋਟਾਂ ਪੈਣ ਦੇ ਅਮਲ ’ਚ ਦੇਰੀ ਹੋਈ। ਅਤਿ ਦੀ ਗਰਮੀ ਪੈਣ ਕਾਰਨ ਲੋਕਾਂ ਦਾ ਮਤਦਾਨ ’ਚ ਉਤਸ਼ਾਹ ਠੰਢਾ ਹੀ ਰਿਹਾ। ਉਂਜ ਕਈ ਪੋਲਿੰਗ ਸਟੇਸ਼ਨਾਂ ’ਤੇ ਚੋਣ ਕਮਿਸ਼ਨ ਨੇ ਠੰਢੇ ਜਲ, ਕੂਲਰਾਂ, ਪੱਖਿਆਂ ਅਤੇ ਟੈਂਟਾਂ ਦਾ ਪ੍ਰਬੰਧ ਕੀਤਾ ਸੀ।

ਹੁਣ ਤੱਕ 486 ਸੀਟਾਂ ’ਤੇ ਵੋਟਿੰਗ ਦਾ ਅਮਲ ਮੁਕੰਮਲ ਹੋ ਚੁੱਕਿਆ ਹੈ ਜਦਕਿ ਪੰਜਾਬ ਅਤੇ ਚੰਡੀਗੜ੍ਹ ਸਮੇਤ 57 ਸੀਟਾਂ ’ਤੇ ਆਖਰੀ ਅਤੇ ਸੱਤਵੇਂ ਗੇੜ ’ਚ ਪਹਿਲੀ ਜੂਨ ਨੂੰ ਵੋਟਾਂ ਪੈਣਗੀਆਂ। ਉੜੀਸਾ ਵਿਧਾਨ ਸਭਾ ਦੀਆਂ 42 ਸੀਟਾਂ ’ਤੇ ਵੀ ਅੱਜ ਹੀ ਵੋਟਿੰਗ ਹੋਈ। ਦਿੱਲੀ ਦੀਆਂ ਸਾਰੀਆਂ ਸੱਤ ਅਤੇ ਹਰਿਆਣਾ ਦੀਆਂ 10 ਸੀਟਾਂ ’ਤੇ ਅੱਜ ਵੋਟਾਂ ਪਈਆਂ। ਛੇਵੇਂ ਗੇੜ ’ਚ ਬਿਹਾਰ ਦੀਆਂ ਅੱਠ, ਜੰਮੂ ਕਸ਼ਮੀਰ ਦੀ ਇਕ, ਝਾਰਖੰਡ ਦੀਆਂ ਚਾਰ, ਉੜੀਸਾ ਦੀਆਂ ਛੇ ਅਤੇ ਉੱਤਰ ਪ੍ਰਦੇਸ਼ ਦੀਆਂ 14 ਸੀਟਾਂ ’ਤੇ ਵੋਟਾਂ ਪਈਆਂ ਹਨ। ਝਾਰਖੰਡ ’ਚ 63.76, ਯੂਪੀ ’ਚ 54.3, ਬਿਹਾਰ ’ਚ 55.24, ਹਰਿਆਣਾ ’ਚ 65 ਅਤੇ ਦਿੱਲੀ ’ਚ 57.67 ਫ਼ੀਸਦ ਵੋਟਿੰਗ ਹੋਈ ਹੈ।

ਜੰਮੂ ਕਸ਼ਮੀਰ ਦੀ ਅਨੰਤਨਾਗ-ਰਾਜੌਰੀ ਸੀਟ ’ਤੇ ਰਿਕਾਰਡ 54.15 ਫ਼ੀਸਦ ਵੋਟਿੰਗ ਹੋਈ ਹੈ ਜੋ ਪਿਛਲੇ 35 ਸਾਲਾਂ ’ਚ ਸਭ ਤੋਂ ਵਧ ਮਤਦਾਨ ਹੈ। ਕੌਮੀ ਰਾਜਧਾਨੀ ’ਚ ਰਾਸ਼ਟਰਪਤੀ ਦਰੋਪਦੀ ਮੁਰਮੂ, ਉਪ ਰਾਸ਼ਟਰਪਤੀ ਜਗਦੀਪ ਧਨਖੜ, ਕੇਂਦਰੀ ਮੰਤਰੀਆਂ ਐੱਸ ਜੈਸ਼ੰਕਰ ਤੇ ਹਰਦੀਪ ਸਿੰਘ ਪੁਰੀ, ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਦਿੱਲੀ ਦੀ ਮੰਤਰੀ ਆਤਿਸ਼ੀ, ਕਾਂਗਰਸ ਆਗੂਆਂ ਸੋਨੀਆ ਗਾਂਧੀ, ਰਾਹੁਲ ਗਾਂਧੀ ਅਤੇ ਪ੍ਰਿਯੰਕਾ ਗਾਂਧੀ ਵਾਡਰਾ ਸਮੇਤ ਹੋਰਾਂ ਨੇ ਪਰਿਵਾਰ ਸਣੇ ਵੋਟਾਂ ਭੁਗਤਾਈਆਂ।

ਸੀਪੀਐੱਮ ਆਗੂ ਬਰਿੰਦਾ ਕਰਤ ਨੇ ਦੋਸ਼ ਲਾਇਆ ਕਿ ਉਸ ਨੂੰ ਪੋਲਿੰਗ ਬੂਥ ’ਤੇ ਕਰੀਬ ਇਕ ਘੰਟੇ ਤੱਕ ਵੋਟ ਪਾਉਣ ਲਈ ਉਡੀਕ ਕਰਨੀ ਪਈ ਕਿਉਂਕਿ ਈਵੀਐੱਮ ਕੰਟਰੋਲ ਯੂਨਿਟ ਦੀ ਬੈਟਰੀ ਮੁੱਕ ਗਈ ਸੀ। ਜ਼ਿਲ੍ਹਾ ਚੋਣ ਅਧਿਕਾਰੀ ਨੇ ਬਾਅਦ ’ਚ ਕਿਹਾ ਕਿ 15 ਮਿੰਟ ’ਚ ਹੀ ਬੈਟਰੀ ਬਦਲ ਦਿੱਤੀ ਗਈ ਸੀ।

 

Exit mobile version