The Khalas Tv Blog India 15 ਜੂਨ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਵੋਲਵੋ ਬੱਸਾਂ : ਮਾਲਵਿੰਦਰ ਕੰਗ
India Punjab

15 ਜੂਨ ਤੋਂ ਦਿੱਲੀ ਹਵਾਈ ਅੱਡੇ ਤੱਕ ਜਾਣਗੀਆਂ ਵੋਲਵੋ ਬੱਸਾਂ : ਮਾਲਵਿੰਦਰ ਕੰਗ

‘ਦ ਖ਼ਾਲਸ ਬਿਊਰੋ : ਆਮ ਆਦਮੀ ਪਾਰਟੀ ਦੇ ਬੁਲਾਰੇ ਮਾਲਵਿੰਦਰ ਸਿੰਘ ਕੰਗ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੋਕਾਂ ਦੀ ਸਹੂਲਤ ਨੂੰ ਦੇਖਦਿਆਂ ਹੋਏ  ਪ੍ਰਾਈਵੇਟ ਬੱਸ ਮਾਫੀਆ ਨੂੰ ਹਲੂਣਾ ਦਿੰਦਿਆਂ ਪੰਜਾਬ ਤੋਂ ਨਵੀਂ ਦਿੱਲੀ ਦੇ ਹਵਾਈ ਅੱਡੇ ਤੱਕ 15 ਜੂਨ ਤੋਂ ਸੁਪਰ ਲਗਜ਼ਰੀ ਵੋਲਵੋ ਬੱਸਾਂ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਮੰਤਰੀ ਨੇ ਚੋਣਾਂ ’ਚ ਕੀਤੇ ਵਾਅਦੇ ਨੂੰ ਪੂਰਾ ਕਰਦਿਆਂ ਬੱਸ ਮਾਫੀਆ ਦਾ ਗੱਠਜੋੜ ਤੋੜਿਆ ਹੈ । ਕੰਗ ਨੇ ਕਿਹਾ ਕਿ ਸਿਰਫ ਕੁਝ ਪਰਿਵਾਰਾਂ ਦੀ ਜੇਬ ਵਿਚ ਜਾਣ ਵਾਲਾ ਪੈਸਾ ਹੁਣ ਸਰਕਾਰੀ ਖਜ਼ਾਨੇ ’ਚ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ‘ਆਪ’ ਸਰਕਾਰ ਦੇ ਇਸ ਫੈਸਲੇ ਨਾਲ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਤੱਕ ਚੱਲਦੀ ਪ੍ਰਾਈਵੇਟ ਬੱਸ ਮਾਲਕਾਂ ਦੀ ਇਜਾਰੇਦਾਰੀ ਟੁੱਟੇਗੀ।

ਅੰਤਰ ਰਾਸ਼ਟਰੀ ਹਵਾਈ ਅੱਡਾ ਦਿੱਲੀ

ਕੰਗ ਨੇ ਕਿਹਾ ਕਿ ਪੰਜਾਬ ਦੇ ਵੱਡੇ ਸਿਆਸੀ ਘਰਾਣੇ ਦੀ ਪੰਜਾਬ ਤੋਂ ਦਿੱਲੀ  ਹਵਾਈ ਅੱਡੇ ਲਈ ਚੱਲਦੀ ਪ੍ਰਾਈਵੇਟ ਟਰਾਂਸਪੋਰਟ ਨੂੰ ਸਭ ਤੋਂ ਵੱਡਾ ਧੱਕਾ ਲੱਗੇਗਾ। ਉਨ੍ਹਾਂ ਨੇ ਕਿਹਾ ਕਿ 15 ਜੂਨ ਤੋਂ ਪੰਜਾਬ ਰੋੜਵੇਜ਼, ਪੀਆਰਟੀਸੀ ,ਪਨਬੱਸ ਅਤੇ ਪੈਪਸੂ ਦੀਆਂ ਬੱਸਾਂ ਸ਼੍ਰੀ ਅੰਮ੍ਰਿਤਸਰ ਸਾਹਿਬ ,ਹੁਸ਼ਿਆਰਪੁਰ , ਜਲੰਧਰ ਅਤੇ ਚੰਡੀਗੜ੍ਹ ਤੋਂ ਸਿੱਧਾ ਦਿੱਲੀ ਏਅਰਪੋਰਟ ਤੱਕ ਜਾਣਗੀਆਂ।

ਕੰਗ ਨੇ ਕਿਹਾ ਕਿ ਚੰਡੀਗੜ੍ਹ ਤੋਂ ਦਿੱਲੀ ਹਵਾਈ ਅੱਡੇ ਤੱਕ ਦਾ ਸਰਕਾਰੀ ਵੋਲਵੋ ਵਿਚ ਸਫ਼ਰ ਸਿਰਫ 830 ਰੁਪਏ ਵਿਚ ਪਏਗਾ ਜਦੋਂ ਕਿ ਵੱਡੇ ਘਰਾਣੇ ਦੀ ਬੱਸ ਕੰਪਨੀ ਵੱਲੋਂ ਇਹੋ ਭਾੜਾ 2500 ਰੁਪਏ ਵਸੂਲ ਕੀਤਾ ਜਾ ਰਿਹਾ ਸੀ। ਅੰਮ੍ਰਿਤਸਰ ਤੋਂ ਦਿੱਲੀ ਹਵਾਈ ਅੱਡੇ ਤੱਕ ਦਾ ਸਰਕਾਰੀ ਵੋਲਵੋ ਦਾ ਭਾੜਾ  1390 ਰੁਪਏ ਹੋਵੇਗਾ ਜਦੋਂ ਕਿ ਪ੍ਰਾਈਵੇਟ ਦਾ ਭਾੜਾ 2500 ਰੁਪਏ ਹੈ। ਇਵੇਂ ਹੀ ਜਲੰਧਰ ਤੋਂ ਦਿੱਲੀ ਹਵਾਈ ਅੱਡੇ ਦਾ ਭਾੜਾ ਪ੍ਰਾਈਵੇਟ ਬੱਸ ਮਾਲਕ 2500 ਰੁਪਏ ਵਸੂਲਦੇ ਸਨ ਜਦੋਂ ਕਿ ਸਰਕਾਰੀ ਵੋਲਵੋ ਹੁਣ 1170 ਰੁਪਏ ਵਸੂਲ ਕਰੇਗੀ। ਲੁਧਿਆਣਾ ਤੋਂ ਦਿੱਲੀ ਹਵਾਈ ਅੱਡੇ ਦਾ ਭਾੜਾ ਸਰਕਾਰੀ ਵੋਲਵੋ ਵਿਚ ਇੱਕ ਹਜ਼ਾਰ ਰੁਪਏ ਅਤੇ ਪ੍ਰਾਈਵੇਟ ਬੱਸ ਦਾ ਇਹੋ ਭਾੜਾ 2500 ਰੁਪਏ ਹੈ।

ਹੁਸ਼ਿਆਰਪੁਰ ਤੋਂ ਦਿੱਲੀ ਹਵਾਈ ਅੱਡੇ ਦਾ ਭਾੜਾ ਸਰਕਾਰੀ ਵੋਲਵੋ ’ਚ 1250 ਰੁਪਏ ਜਦੋਂ ਕਿ ਪ੍ਰਾਈਵੇਟ ਬੱਸ ਦਾ ਭਾੜਾ 2500 ਰੁਪਏ ਹੈ। ਕੰਗ ਨੇ ਕਿਹਾ ਕਿ ਸਰਕਾਰੀ ਵੋਲਵੋ ’ਚ ਸਹੂਲਤਾਂ ਵੱਧ ਮਿਲਣਗੀਆਂ ਜਦੋਂ ਕਿ ਕਿਰਾਇਆ ਘੱਟ ਹੈ। ਮੁੱਢਲੇ ਪੜ੍ਹਾਅ ’ਤੇ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਵੱਲੋਂ 20 ਵੋਲਵੋ ਬੱਸਾਂ ਪੰਜਾਬ ਤੋਂ ਦਿੱਲੀ ਹਵਾਈ ਅੱਡੇ ਅਤੇ ਇਸੇ ਤਰ੍ਹਾਂ ਉਧਰੋਂ ਦਿੱਲੀ ਹਵਾਈ ਅੱਡੇ ਤੋਂ ਪੰਜਾਬ ਲਈ 20 ਬੱਸਾਂ ਚਲਾਈਆਂ ਜਾਣਗੀਆਂ।

Exit mobile version