The Khalas Tv Blog Punjab ਵਲਟੋਹਾ ਨੇ ਜਥੇਦਾਰ ਨੂੰ ਸੌਂਪਿਆ ਲਿਖਤੀ ਸਪਸ਼ਟੀਕਰਨ, ਲਾਏ ਸਨ ਗੰਭੀਰ ਇਲਜ਼ਾਮ
Punjab Religion

ਵਲਟੋਹਾ ਨੇ ਜਥੇਦਾਰ ਨੂੰ ਸੌਂਪਿਆ ਲਿਖਤੀ ਸਪਸ਼ਟੀਕਰਨ, ਲਾਏ ਸਨ ਗੰਭੀਰ ਇਲਜ਼ਾਮ

ਬਿਉਰੋ ਰਿਪੋਰਟ: ਸ਼੍ਰੋਮਣੀ ਅਕਾਲੀ ਦਲ ਦੇ ਆਗੂ ਵਿਰਸਾ ਸਿੰਘ ਵਲਟੋਹਾ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਪਹੁੰਚ ਕੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੂੰ ਆਪਣਾ ਲਿਖਤੀ ਸਪਸ਼ਟੀਕਰਨ ਸੌਪ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੇਰੇ ਤੋਂ ਜੋ ਸਵਾਲ ਪੁੱਛੇ ਗਏ ਸਨ ਮੈਂ ਨਿਮਰਤਾ ਸਾਹਿਤ ਆਪਣਾ ਪੱਖ ਰੱਖਿਆ ਹੈ। ਮੈਂ ਸਿੰਘ ਸਾਹਿਬ ਦਾ ਨਿਰਾਦਰ ਕਰਨ ਬਾਰੇ ਕਦੇ ਸੋਚ ਵੀ ਨਹੀਂ ਸਕਦਾ, ਸਿੰਘ ਸਾਹਿਬਾਨ ਸਾਰੀ ਕੌਮ ਲਈ ਸਤਿਕਾਰਯੋਗ ਹਨ। ਉਨ੍ਹਾਂ ਕਿਹਾ ਕਿ ਮੈ ਹਰ ਗੱਲ ਮਰਿਆਦਾ ਦੇ ਧਿਆਨ ’ਚ ਰੱਖ ਕੇ ਹੀ ਕੀਤੀ ਹੈ।

ਦਰਅਸਲ ਵਲਟੋਹਾ ਨੇ ਜਥੇਦਾਰ ਸਾਹਿਬ ’ਤੇ BJP ਤੇ RSS ਦੇ ਦਬਾਅ ਹੇਠ ਕੰਮ ਕਰਨ ਦਾ ਇਲਜ਼ਾਮ ਲਾਇਆ ਸੀ ਕਿਉਂਕਿ ਅਕਾਲੀ ਦਲ ਸੁਖਬੀਰ ਸਿੰਘ ਬਾਦਲ ਦੇ ਮਸਲੇ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਫੈਸਲਾ ਲੈਣ ਵਿੱਚ ਹੋ ਰਹੀ ਦੇਰੀ ਤੋਂ ਨਰਾਜ਼ ਸਨ।

ਇਸ ਮਾਮਲੇ ਦਾ ਨੋਟਿਸ ਲੈਂਦਿਆਂ ਬੀਤੇ ਦਿਨੀਂ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਨੇ ਵਲਟੋਹਾ ਨੂੰ ਮੀਡੀਆ ਰਾਹੀਂ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਬਾਰੇ ਜਨਤਕ ਰੂਪ ਵਿਚ BJP/RSS ਵਲੋਂ ਸੁਖਬੀਰ ਸਿੰਘ ਬਾਦਲ ਵਿਰੁੱਧ ਫੈਸਲਾ ਕਰਨ ਲਈ ਦਬਾਅ ਪਾਉਣ ਦੇ ਲਾਏ ਗਏ ਇਲਜ਼ਾਮਾਂ ਸਬੰਧੀ ਸਬੂਤ ਲੈ ਕੇ ਮਿਤੀ 15/10/24 ਨੂੰ ਸਵੇਰੇ 9 ਵਜੇ ਸ੍ਰੀ ਅਕਾਲ ਤਖ਼ਤ ਸਾਹਿਬ ’ਤੇ ਪੇਸ਼ ਹੋਣ ਦਾ ਆਦੇਸ਼ ਦਿੱਤਾ ਸੀ।

ਜਥੇਦਾਰ ਸਾਹਿਬ ਨੇ ਵਲਟੋਹਾ ਨੂੰ ਭੇਜੇ ਲਿਖਤੀ ਆਦੇਸ਼ ਵਿੱਚ ਇਹ ਵੀ ਆਖਿਆ ਸੀ ਕਿ ਜੇ ਉਹ ਸਮੇਂ ਸਿਰ ਪੇਸ਼ ਨਹੀਂ ਹੋਏ ਤਾਂ ਇਹ ਮੰਨਿਆ ਜਾਵੇਗਾ ਕਿ ਉਹ ਜਥੇਦਾਰ ਸਾਹਿਬ ’ਤੇ ਦਬਾਅ ਪਾਉਣ ਲਈ ਜਥੇਦਾਰ ਸਾਹਿਬਾਨ ਦੀ ਕਿਰਦਾਰਕੁਸ਼ੀ ਕਰਨ ਦਾ ਯਤਨ ਕਰ ਰਹੇ ਹਨ।

Exit mobile version