The Khalas Tv Blog Punjab ਟਰਾਂਸਪੋਰਟ ਮੰਤਰੀ ਨੂੰ ਮਿਲਿਆ “ਉੱਡਤਾ ਮੰਤਰੀ” ਦਾ ਖਿਤਾਬ
Punjab

ਟਰਾਂਸਪੋਰਟ ਮੰਤਰੀ ਨੂੰ ਮਿਲਿਆ “ਉੱਡਤਾ ਮੰਤਰੀ” ਦਾ ਖਿਤਾਬ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਦੀ ਇੱਕ ਵੀਡੀਓ ਖ਼ੂਬ ਵਾਇਰਲ ਹੋ ਰਹੀ ਹੈ ਜਿਸ ਵਿੱਚ ਉਹ ਚੱਲਦੀ ਹੋਈ ਗੱਡੀ ਦੇ ਸਨਰੂਫ਼ ਉੱਤੇ ਬੈਠੇ ਨਜ਼ਰ ਆ ਰਹੇ ਹਨ। ਨੈਸ਼ਨਲ ਹਾਈਵੇਅ ਉੱਤੇ ਇਹ ਗੱਡੀ ਤੇਜ਼ ਰਫ਼ਤਾਰ ਨਾਲ ਚੱਲ ਰਹੀ ਹੈ। ਸੁਰੱਖਿਆ ਕਰਮੀਆਂ ਨੂੰ ਵੀ ਆਪਣੀ ਜਾਨ ਤਲੀ ਉੱਤੇ ਰੱਖ ਕੇ ਗੱਡੀ ਦੀ ਬਾਰੀ ਵਿੱਚ ਬੈਠ ਕੇ ਆਪਣੀ ਜ਼ਿੰਮੇਵਾਰੀ ਨਿਭਾਉਣੀ ਪਈ।

ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ

ਨੈਸ਼ਨਲ ਰੋਡ ਸੇਫ਼ਟੀ ਕਾਊਂਸਿਲ ਦੇ ਮੈਂਬਰ ਕਮਲਜੀਤ ਸੋਈ ਨੇ ਕਿਹਾ ਕਿ ਮੰਤਰੀ ਨੇ ਜੋ ਰੋਡ ਉੱਤੇ ਆਪਣਾ ਵਿਵਹਾਰ ਦਿਖਾਇਆ ਹੈ, ਜਿਹੜੇ ਕਿ ਸੜਕ ਸੁਰੱਖਿਆ ਕਾਊਂਸਿਲ ਪੰਜਾਬ ਦੇ ਚੇਅਰਮੈਨ ਵੀ ਹਨ, ਉਹ ਆਪਣੀ ਜਾਨ ਤਾਂ ਖਤਰੇ ਵਿੱਚ ਪਾ ਹੀ ਰਹੇ ਹਨ, ਨਾਲ ਹੀ ਲੋਕਾਂ ਦੀ ਜਾਨ ਵੀ ਖਤਰੇ ਵਿੱਚ ਪਾਈ ਹੈ। ਗੱਡੀ ਚਲਾ ਰਹੇ ਡਰਾਈਵਰ ਨੇ ਵੀ ਸੀਟਬੈੱਲਟ ਨਹੀਂ ਪਾਈ ਹੋਈ ਹੈ। ਉਨ੍ਹਾਂ ਨੇ ਕਿਹਾ ਕਿ ਮੋਟਰ ਵਹੀਕਲ ਐਕਟ ਮੁਤਾਬਕ ਉਨ੍ਹਾਂ ਉੱਤੇ ਧਾਰਾ 184 F ਲੱਗਦੀ ਹੈ ਜਿਸਦੇ ਮੁਤਾਬਕ ਪੈਨਲਟੀ 1000 ਰੁਪਏ ਹਨ ਜੋ ਵੱਧ ਕੇ 10 ਹਜ਼ਾਰ ਵੀ ਹੋ ਸਕਦੀ ਹੈ। ਜੇ ਇਨ੍ਹਾਂ ਉੱਤੇ ਮਲਟੀ ਪੈਨਲਟੀ ਲਗਾਈ ਜਾਵੇ ਤਾਂ ਉਨ੍ਹਾਂ ਉੱਤੇ ਲੱਖਾਂ ਦੀ ਪੈਨਲਟੀ ਲੱਗਣੀ ਚਾਹੀਦੀ ਹੈ। ਇਹਨਾਂ ਨੂੰ ਇੱਕ ਸਾਲ ਦੀ ਸਜ਼ਾ ਵੀ ਹੋ ਸਕਦੀ ਹੈ। ਸੋਈ ਨੇ ਕਿਹਾ ਕਿ ਅਸੀਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤੋਂ ਉਮੀਦ ਕਰਦੇ ਹਾਂ ਕਿ ਉਹ ਇਨ੍ਹਾਂ ਖਿਲਾਫ਼ ਕੋਈ ਐਕਸ਼ਨ ਲੈਣਗੇ। ਉਨ੍ਹਾਂ ਨੇ ਭੁੱਲਰ ਨੂੰ ਵੀ ਚੇਅਰਮੈਨ ਦੇ ਅਹੁਦੇ ਤੋਂ ਅਸਤੀਫਾ ਦੇਣ ਲਈ ਕਿਹਾ।

ਨੈਸ਼ਨਲ ਰੋਡ ਸੇਫ਼ਟੀ ਕਾਊਂਸਿਲ ਦੇ ਮੈਂਬਰ ਕਮਲਜੀਤ ਸੋਈ

ਲਾਲਜੀਤ ਸਿੰਘ ਭੁੱਲਰ ਨੇ ਆਪਣੀ ਸਫ਼ਾਈ ਦਿੰਦਿਆਂ ਕਿਹਾ ਕਿ ਇਹ ਕੋਈ ਸਟੰਟ ਨਹੀਂ ਹੈ। ਇਹ ਜਦੋਂ ਢਾਈ ਤਿੰਨ ਮਹੀਨੇ ਪਹਿਲਾਂ ਚੋਣਾਂ ਦੀ ਗਿਣਤੀ ਹੋਈ ਸੀ, ਉਦੋਂ ਦੀ ਵੀਡੀਓ ਹੈ। ਜਦੋਂ ਅਸੀਂ ਜਿੱਤੇ ਸੀ, ਉਦੋਂ ਪ੍ਰਸ਼ਾਸਨ ਸਾਨੂੰ ਘਰ ਛੱਡਣ ਲਈ ਆਇਆ ਸੀ। ਹਾਲਾਂਕਿ, ਭੁੱਲਰ ਨੇ ਅੱਗੇ ਤੋਂ ਅਜਿਹਾ ਨਾ ਕਰਨ ਦਾ ਵਾਅਦਾ ਕਰਕੇ ਮੁਆਫ਼ੀ ਵੀ ਮੰਗ ਲਈ ਹੈ।

ਗੱਡੀ ਦੇ ਸਨਰੂਫ਼ ‘ਤੇ ਬੈਠੇ ਹੋਏ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ

ਸ਼੍ਰੋਮਣੀ ਅਕਾਲੀ ਦਲ ਦੇ ਲੀਡਰ ਡਾ.ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਮੰਤਰੀ ਦੀ ਹਵਾ ਵਿੱਚ ਉੱਡਦਿਆਂ ਦੀ ਵੀਡੀਓ ਦੇਖ ਕੇ ਬਹੁਤ ਸ਼ਰਮ ਮਹਿਸੂਸ ਹੋਈ। ਇਹ ਉਹੀ ਆਮ ਆਦਮੀ ਪਾਰਟੀ ਹੈ ਜੋ ਪੰਜਾਬ ਨੂੰ ਬਦਨਾਮ ਕਰਨ ਵਾਸਤੇ ਉੱਡਤਾ ਪੰਜਾਬ ਵਰਗੀਆਂ ਫਿਲਮਾਂ ਨੂੰ ਪ੍ਰਮੋਟ ਕਰਦੀਆਂ ਸਨ। ਅੱਜ ਖੁਦ ਇਸ ਸਰਕਾਰ ਦੇ ਮੰਤਰੀ ਕਾਰਾਂ ਦੀਆਂ ਛੱਤਾਂ ਉੱਤੇ ਚੜ ਕੇ ਗਾਣੇ ਗਾ ਰਹੇ ਹਨ ਕਿ ਗੇੜੀ ਲਾਉਣ ਦਾ, ਮੰਤਰੀ ਜਿਤਾਉਣ ਦਾ, ਫੇਰ ਪੈੱਗ ਲਾਉਣ ਦਾ ਨਜ਼ਾਰਾ ਆਉਂਦਾ ਜੱਟ ਨੂੰ।

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਡਾ.ਦਲਜੀਤ ਸਿੰਘ ਚੀਮਾ

ਜੇ ਮੰਤਰੀਆਂ ਦੀ ਇਹ ਹਾਲਤ ਹੈ, ਇਨ੍ਹਾਂ ਦੀ ਗਾਣਿਆਂ ਦੀ choice ਵੀ ਵੇਖ ਲਵੋ ਅਤੇ ਐਕਸ਼ਨ ਵੀ ਦੇਖ ਲਵੋ। ਇਹ ਉਹ ਟਰਾਂਸਪੋਰਟ ਮੰਤਰੀ ਹੈ ਜਿਸਦੀ ਜ਼ਿੰਮੇਵਾਰੀ ਪੰਜਾਬ ਦੀ ਜਨਤਾ ਨੂੰ ਸੜਕੀ ਨਿਯਮਾਂ ਬਾਰੇ ਦੱਸਣਾ ਹੈ। ਉਨ੍ਹਾਂ ਨੇ ਭਗਵੰਤ ਮਾਨ ਨੂੰ ਸਵਾਲ ਕਰਦਿਆਂ ਕਿਹਾ ਕਿ ਤੁਸੀਂ ਹੁਣ ਇਸ ਮੰਤਰੀ ਉੱਤੇ ਕੀ ਐਕਸ਼ਨ ਲਵੋਗੇ।

ਅਕਾਲੀ ਲੀਡਰ ਵਿਰਸਾ ਸਿੰਘ ਵਲਟੋਹਾ

ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਲਾਲਜੀਤ ਭੁੱਲਰ ਦੇ ਖਿਲਾਫ਼ ਕਾਰਵਾਈ ਕਰਨ ਦੀ ਮੰਗ ਕੀਤੀ ਹੈ।

Exit mobile version