The Khalas Tv Blog India ਮਣੀਪੁਰ ’ਚ ਫਿਰ ਭੜਕੀ ਹਿੰਸਾ! 3 ਦੀ ਮੌਤ: 10 ਤੋਂ ਵੱਧ ਜ਼ਖ਼ਮੀ, ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲ਼ੀ
India

ਮਣੀਪੁਰ ’ਚ ਫਿਰ ਭੜਕੀ ਹਿੰਸਾ! 3 ਦੀ ਮੌਤ: 10 ਤੋਂ ਵੱਧ ਜ਼ਖ਼ਮੀ, ਜ਼ਮੀਨੀ ਵਿਵਾਦ ਨੂੰ ਲੈ ਕੇ ਚੱਲੀ ਗੋਲ਼ੀ

ਬਿਉਰੋ ਰਿਪੋਰਟ: ਮਣੀਪੁਰ ਦੇ ਉਖਰੁਲ ਜ਼ਿਲ੍ਹੇ ਵਿੱਚ ਬੁੱਧਵਾਰ ਨੂੰ ਨਗਾ ਭਾਈਚਾਰੇ ਦੇ ਦੋ ਧਿਰਾਂ ਵਿਚਾਲੇ ਗੋਲ਼ੀਬਾਰੀ ਹੋਈ। ਇਸ ਵਿੱਚ 3 ਲੋਕਾਂ ਦੀ ਮੌਤ ਹੋ ਗਈ। 10 ਤੋਂ ਵੱਧ ਜ਼ਖਮੀ ਹਨ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (ਬੀਐਨਐਸ), 2023 ਦੀ ਧਾਰਾ 163 ਦੀ ਉਪ ਧਾਰਾ 1 ਦੇ ਅਧੀਨ ਖੇਤਰ ਵਿੱਚ ਕਾਰਵਾਈ ਕਰਦਿਆਂ ਅਗਲੇ ਹੁਕਮਾਂ ਤੱਕ ਲੋਕਾਂ ਨੂੰ ਘਰੋਂ ਬਾਹਰ ਨਿਕਲਣ ‘ਤੇ ਪਾਬੰਧੀ ਲਾ ਦਿੱਤੀ ਹੈ।

ਪੁਲਿਸ ਨੇ ਦੱਸਿਆ ਕਿ ਦੋਵੇਂ ਧਿਰਾਂ ਨਗਾ ਭਾਈਚਾਰੇ ਨਾਲ ਸਬੰਧਿਤ ਹਨ, ਪਰ ਹੁਨਫੁਨ ਅਤੇ ਹਾਂਗਪੁੰਗ ਨਾਂ ਦੇ ਦੋ ਵੱਖ-ਵੱਖ ਪਿੰਡਾਂ ਤੋਂ ਹਨ। ਦੋਵੇਂ ਧਿਰਾਂ ਇੱਕੋ ਜ਼ਮੀਨ ’ਤੇ ਦਾਅਵਾ ਕਰਦੀਆਂ ਹਨ। ਸਫ਼ਾਈ ਮੁਹਿੰਮ ਤਹਿਤ ਵਿਵਾਦਤ ਜ਼ਮੀਨ ਦੀ ਸਫ਼ਾਈ ਨੂੰ ਲੈ ਕੇ ਦੋਵਾਂ ਧਿਰਾਂ ਵਿਚਾਲੇ ਹਿੰਸਾ ਹੋਈ। ਆਸਾਮ ਰਾਈਫਲਜ਼ ਨੂੰ ਇਲਾਕੇ ’ਚ ਤਾਇਨਾਤ ਕੀਤਾ ਗਿਆ ਹੈ।

ਚੂਰਾਚੰਦਪੁਰ ‘ਚ ਬਾਗ਼ੀ ਦਾ ਗੋਲ਼ੀ ਮਾਰ ਕੇ ਕਤਲ

ਦੂਜੇ ਪਾਸੇ ਮੰਗਲਵਾਰ ਨੂੰ ਚੂਰਾਚੰਦਪੁਰ ਜ਼ਿਲੇ ਦੇ ਲੀਸ਼ਾਂਗ ਪਿੰਡ ਨੇੜੇ ਅਣਪਛਾਤੇ ਲੋਕਾਂ ਨੇ ਇਕ ਪਾਬੰਦੀਸ਼ੁਦਾ ਬਾਗ਼ੀ ਸੰਗਠਨ ਦੇ ਟਾਊਨ ਕਮਾਂਡਰ ਦਾ ਗੋਲ਼ੀ ਮਾਰ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜ਼ਿਲ੍ਹੇ ਦੇ ਪਿੰਡ ਕਪਰੰਗ ਦੇ ਰਹਿਣ ਵਾਲੇ ਸੇਖੋਹਾਓ ਹਾਓਕਿਪ ਵਜੋਂ ਹੋਈ ਹੈ।

ਪੁਲਿਸ ਨੇ ਦੱਸਿਆ ਕਿ ਮ੍ਰਿਤਕ ਯੂਨਾਈਟਿਡ ਕੁਕੀ ਨੈਸ਼ਨਲ ਆਰਮੀ (ਯੂਕੇਐਨਏ) ਦਾ ਮੈਂਬਰ ਸੀ। ਇਹ ਘਟਨਾ ਕੱਲ੍ਹ ਦੁਪਹਿਰ 12:15 ਵਜੇ ਚੂਰਾਚੰਦਪੁਰ ਦੇ ਤੋਰਬੰਗ ਬੰਗਲੇ ਤੋਂ ਕਰੀਬ 1.5 ਕਿਲੋਮੀਟਰ ਦੂਰ ਵਾਪਰੀ। ਪੁਲਿਸ ਨੇ ਹਾਓਕਿਪ ਦੀ ਲਾਸ਼ ਚੂਰਾਚੰਦਪੁਰ ਮੈਡੀਕਲ ਕਾਲਜ ਦੇ ਮੁਰਦਾਘਰ ਵਿੱਚ ਰੱਖਵਾ ਦਿੱਤੀ ਹੈ।

Exit mobile version