The Khalas Tv Blog India ਲੱਦਾਖ ’ਚ ਭੜਕੀ ਹਿੰਸਾ, ਬੀਜੇਪੀ ਦਫ਼ਤਰ ਤੇ ਸੀਆਰਪੀਐਫ ਦੀ ਗੱਡੀ ਸਾੜੀ, ਵਾਂਗਚੁਕ ਵੱਲੋ ਸ਼ਾਂਤੀ ਦੀ ਅਪੀਲ
India

ਲੱਦਾਖ ’ਚ ਭੜਕੀ ਹਿੰਸਾ, ਬੀਜੇਪੀ ਦਫ਼ਤਰ ਤੇ ਸੀਆਰਪੀਐਫ ਦੀ ਗੱਡੀ ਸਾੜੀ, ਵਾਂਗਚੁਕ ਵੱਲੋ ਸ਼ਾਂਤੀ ਦੀ ਅਪੀਲ

ਬਿਊਰੋ ਰਿਪੋਰਟ (24 ਸਤੰਬਰ 2026): ਲੇਹ ਵਿੱਚ ਬੁੱਧਵਾਰ ਨੂੰ ਲੱਦਾਖ ਨੂੰ ਪੂਰਨ ਰਾਜ ਦਾ ਦਰਜਾ ਦੇਣ ਦੀ ਮੰਗ ਨੂੰ ਲੈ ਕੇ ਪ੍ਰਦਰਸ਼ਨ ਹਿੰਸਕ ਰੂਪ ਧਾਰ ਗਿਆ। ਵਿਦਿਆਰਥੀਆਂ ਦੀ ਪੁਲਿਸ ਅਤੇ ਸੁਰੱਖਿਆ ਬਲਾਂ ਨਾਲ ਝੜਪ ਹੋ ਗਈ। ਗੁੱਸੇ ਵਿੱਚ ਆਏ ਪ੍ਰਦਰਸ਼ਨਕਾਰੀਆਂ ਨੇ ਬੀਜੇਪੀ ਦਫ਼ਤਰ ਤੇ ਹਮਲਾ ਕਰਕੇ ਅੱਗ ਲਗਾ ਦਿੱਤੀ ਅਤੇ ਸੀ.ਆਰ.ਪੀ.ਐਫ ਦੀ ਗੱਡੀ ਵੀ ਸਾੜ ਦਿੱਤੀ। ਪੁਲਿਸ ਉੱਤੇ ਪੱਥਰਬਾਜ਼ੀ ਵੀ ਕੀਤੀ ਗਈ।

ਇਹ ਪ੍ਰਦਰਸ਼ਨ ਸੋਸ਼ਲ ਐਕਟੀਵਿਸਟ ਸੋਂਮ ਵਾਂਗਚੁਕ ਦੇ ਸਮਰਥਨ ਵਿੱਚ ਹੋ ਰਹੇ ਸਨ, ਜੋ ਪਿਛਲੇ 15 ਦਿਨਾਂ ਤੋਂ ਭੁੱਖ ਹੜਤਾਲ ’ਤੇ ਬੈਠੇ ਸਨ। ਸਰਕਾਰ ਵੱਲੋਂ ਮੰਗਾਂ ਨਾ ਮਨਜ਼ੂਰ ਕਰਨ ਦੇ ਵਿਰੋਧ ਵਿੱਚ ਅੱਜ ਬੰਦ ਦਾ ਐਲਾਨ ਕੀਤਾ ਗਿਆ ਸੀ, ਜਿਸ ਦੌਰਾਨ ਹਿੰਸਾ ਹੋਈ।

ਹਿੰਸਾ ਤੋਂ ਬਾਅਦ ਵਾਂਗਚੁਕ ਨੇ ਆਪਣੀ ਭੁੱਖ ਹੜਤਾਲ ਤੋੜਦਿਆਂ ਕਿਹਾ- “ਇਹ ਲੱਦਾਖ ਲਈ ਦੁੱਖ ਦਾ ਦਿਨ ਹੈ। ਅਸੀਂ ਪਿਛਲੇ ਪੰਜ ਸਾਲਾਂ ਤੋਂ ਸ਼ਾਂਤੀ ਦੇ ਰਸਤੇ ’ਤੇ ਚੱਲ ਰਹੇ ਸੀ। ਅਨਸ਼ਨ ਕੀਤਾ, ਲੇਹ ਤੋਂ ਦਿੱਲੀ ਤੱਕ ਪੈਦਲ ਯਾਤਰਾ ਕੀਤੀ। ਅੱਜ ਇਹ ਸਭ ਅਸਫਲ ਹੁੰਦਾ ਦਿਸ ਰਿਹਾ ਹੈ। ਹਿੰਸਾ, ਗੋਲ਼ੀਬਾਰੀ ਅਤੇ ਅੱਗਜ਼ਨੀ ਹੋ ਰਹੀ ਹੈ। ਮੈਂ ਲੱਦਾਖ ਦੀ ਨਵੀਂ ਪੀੜ੍ਹੀ ਨੂੰ ਅਪੀਲ ਕਰਦਾ ਹਾਂ ਕਿ ਇਹ ਬੇਵਕੂਫ਼ੀ ਰੋਕੋ।”

ਉਨ੍ਹਾਂ ਐਲਾਨ ਕੀਤਾ ਕਿ ਹੁਣ ਉਹ ਭੁੱਖ ਹੜਤਾਲ ਖ਼ਤਮ ਕਰ ਰਹੇ ਹਨ ਅਤੇ ਪ੍ਰਦਰਸ਼ਨ ਰੋਕ ਰਹੇ ਹਨ। ਲੱਦਾਖ ਦੀਆਂ ਮੰਗਾਂ ਨੂੰ ਲੈ ਕੇ ਅਗਲੀ ਬੈਠਕ 6 ਅਕਤੂਬਰ ਨੂੰ ਦਿੱਲੀ ਵਿੱਚ ਹੋਵੇਗੀ।

ਯਾਦ ਰਹੇ ਕਿ 2019 ਵਿੱਚ ਧਾਰਾ 370 ਅਤੇ 35A ਹਟਾਉਣ ਤੋਂ ਬਾਅਦ ਜੰਮੂ-ਕਸ਼ਮੀਰ ਅਤੇ ਲੱਦਾਖ ਨੂੰ ਕੇਂਦਰ ਸ਼ਾਸਿਤ ਪ੍ਰਦੇਸ਼ ਬਣਾਇਆ ਗਿਆ ਸੀ। ਉਸ ਵੇਲੇ ਸਰਕਾਰ ਨੇ ਭਰੋਸਾ ਦਿੱਤਾ ਸੀ ਕਿ ਹਾਲਾਤ ਸਧਰਨ ’ਤੇ ਪੂਰਾ ਰਾਜ ਦਰਜਾ ਬਹਾਲ ਕਰ ਦਿੱਤਾ ਜਾਵੇਗਾ।

Exit mobile version