‘ਦ ਖ਼ਾਲਸ ਬਿਊਰੋ :- ਭ੍ਰਿਸ਼ਟਾਚਾਰ ਦੇ ਮਾਮਲੇ ਵਿੱਚ ਕਾਫੀ ਸਮਾਂ ਜੇਲ੍ਹ ਵਿੱਚ ਰਹਿਣ ਤੋਂ ਬਾਅਦ ਜ਼ਮਾਨਤ ਮਿਲਣ ਉੱਤੇ ਪੰਜਾਬ ਸਰਕਾਰ ਦੇ ਸਾਬਕਾ ਸਿਹਤ ਮੰਤਰੀ ਡਾ. ਵਿਜੈ ਸਿੰਗਲਾ ਆਪਣੇ ਦਫ਼ਤਰ ਮਾਨਸਾ ਪਹੁੰਚੇ। ਉਹਨਾਂ ਦਾ ਚਾਹੁਣ ਵਾਲੇ ਪਾਰਟੀ ਵਰਕਰਾਂ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਸਵਾਗਤ ਕੀਤਾ ਗਿਆ।
ਇਸ ਮੌਕੇ ਡਾਕਟਰ ਵਿਜੇ ਸਿੰਗਲਾ ਨੇ ਕਿਹਾ ਕਿ ਸੂਬੇ ਵਿਚ ਸਾਡੀ ਪਾਰਟੀ ਦੀ ਸਰਕਾਰ ਹੈ ਅਤੇ ਸਾਡੇ ਦਫਤਰ ਵਿੱਚ ਸਾਰੇ ਪਾਰਟੀ ਵਰਕਰ ਇਕੱਤਰ ਹੋਏ ਹਨ ਤੇ ਅਸੀਂ ਰਲ-ਮਿਲ ਕੇ ਲੋਕਾਂ ਦੇ ਕੰਮਕਾਜ ਜਿਸ ਤਰਾਂ ਪਹਿਲਾਂ ਜਾਰੀ ਸਨ, ਇਨ੍ਹਾਂ ਨੂੰ ਉਸੇ ਤਰਾਂ ਜਾਰੀ ਰੱਖਾਂਗੇ। ਉਨ੍ਹਾਂ ਕਿਹਾ ਕਿ ਸਾਡੇ ਵਿਭਾਗ ਵਿੱਚ ਪੂਰੀ ਇਮਾਨਦਾਰੀ ਨਾਲ ਕੰਮ ਹੋਇਆ ਹੈ ਅਤੇ ਅਸੀਂ ਆਪਣੀ ਪਾਰਟੀ ਦੇ ਏਜੰਡੇ ਉੱਤੇ ਹੀ ਕੰਮ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਆਮ ਆਦਮੀ ਪਾਰਟੀ ਦਾ ਵਫ਼ਾਦਾਰ ਸਿਪਾਹੀ ਹਾਂ ਤੇ ਵਫ਼ਾਦਾਰੀ ਨਾਲ ਕੰਮ ਕਰਾਂਗੇ। ਉਨ੍ਹਾਂ ਕਿਹਾ ਕਿ ਮੈਨੂੰ ਪੂਰਾ ਵਿਸ਼ਵਾਸ ਹੈ ਕਿ ਜੋ ਵੀ ਮਸਲਾ ਹੈ, ਉਸ ਵਿੱਚ ਪਾਰਟੀ ਮੇਰਾ ਸਾਥ ਦੇਵੇਗੀ ਅਤੇ ਮੈਂ ਪਾਕ ਸਾਫ ਬਾਹਰ ਆਵਾਂਗਾ।