ਬਿਊਰੋ ਰਿਪੋਟਰ : ਸੁਨੀਲ ਜਾਖੜ ਨੂੰ ਪੰਜਾਬ ਬੀਜੇਪੀ ਦਾ ਸੂਬਾ ਪ੍ਰਧਾਨ ਬਣਾਉਣ ਤੋਂ ਬਾਅਦ ਬੀਜੇਪੀ ਦੀ ਕੇਂਦਰੀ ਲੀਡਰਸ਼ਿਪ ਪੰਜਾਬ ਵਿੱਚ ਵੱਡੇ ਬਦਲਾਅ ਕਰਨ ਜਾ ਰਹੀ ਹੈ। ਨਵੇਂ ਆਗੂਆਂ ਅਤੇ ਪੁਰਾਣਿਆਂ ਵਿੱਚ ਤਾਲਮੇਲ ਬਿਠਾਉਣ ਦੇ ਲਈ ਦੋਵਾਂ ਨੂੰ ਬਰਾਬਰ ਸਰਗਰਮ ਕਰਨ ਚਾਹੁੰਦੀ ਹੈ। ਇਸੇ ਲਈ SC ਕਮਿਸ਼ਨ ਦੇ ਚੇਅਰਮੈਨ ਵਿਜੇ ਸਾਂਪਲਾ ਨੇ ਆਪਣੇ ਅਹੁਦੇ ਤੋਂ ਦੂਜੀ ਵਾਰ ਅਸਤੀਫ਼ਾ ਦੇ ਦਿੱਤਾ ਹੈ। ਇਸ ਨੂੰ 2024 ਦੀਆਂ ਲੋਕਸਭਾ ਚੋਣਾ ਨਾਲ ਜੋੜ ਕੇ ਵੇਖਿਆ ਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਸਾਂਪਲਾ ਨੇ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਇਸ਼ਾਰੇ ‘ਤੇ ਅਸਤੀਫ਼ਾ ਦਿੱਤਾ ਹੈ ਇਸ ਤੋਂ ਇਲਾਵਾ ਪੰਜਾਬ ਤੋਂ ਇੱਕ ਕੇਂਦਰੀ ਮੰਤਰੀ ਦੀ ਕੈਬਨਿਟ ਤੋਂ ਛੁੱਟੀ ਦੀ ਤਿਆਰੀ ਚੱਲ ਰਹੀ ਹੈ ।
ਸਾਂਪਲਾ ਨੂੰ ਲੋਕਸਭਾ ਦੀ ਜ਼ਿੰਮੇਵਾਰੀ
2014 ਵਿੱਚ ਵਿਜੇ ਸਾਂਪਲਾ ਨੇ ਹੁਸ਼ਿਆਰਪੁਰ ਤੋਂ ਪਹਿਲੀ ਵਾਰ ਲੋਕਸਭਾ ਸੀਟ ਜਿੱਤੀ ਸੀ। ਜਿਸ ਤੋਂ ਬਾਅਦ ਉਨ੍ਹਾਂ ਦੀ ਕਿਸਮਤ ਅਜਿਹੀ ਚਮਕੀ ਕਿ ਕੇਂਦਰ ਵਿੱਚ ਰਾਜ ਮੰਤਰੀ ਦਾ ਅਹੁਦਾ ਵੀ ਮਿਲ ਗਿਆ ਅਤੇ 8 ਮਹੀਨੇ ਦੇ੍ ਅੰਦਰ ਉਹ ਪੰਜਾਬ ਬੀਜੇਪੀ ਦੇ ਸੂਬਾ ਪ੍ਰਧਾਨ ਵੀ ਬਣੇ। ਪਰ 2019 ਦੀਆਂ ਲੋਕਸਭਾ ਚੋਣਾਂ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਟਿਕਟ ਨਹੀਂ ਦਿੱਤੀ ਅਤੇ ਸੋਮ ਪ੍ਰਕਾਸ਼ ਨੂੰ ਹੁਸ਼ਿਆਰਪੁਰ ਤੋਂ ਲੋਕਸਭਾ ਦਾ ਉਮੀਦਵਾਰ ਬਣਾਇਆ । ਟਿਕਟ ਦੇ ਐਲਾਨ ਤੋਂ ਬਾਅਦ ਹਾਲਾਂਕਿ ਵਿਜੇ ਸਾਂਪਲਾ ਨੇ ਕਾਫੀ ਗੁੱਸਾ ਜ਼ਾਹਿਰ ਕੀਤੀ ਸੀ ਪਰ ਪਾਰਟੀ ਨੇ ਉਨ੍ਹਾਂ ਨੂੰ ਮਨਾ ਲਿਆ ਸੀ।
ਮੁੜ ਤੋਂ ਸਰਕਾਰ ਬਣਨ ਤੋਂ ਬਾਅਦ ਸਾਂਪਲਾ ਨੂੰ SC ਕਮਿਸ਼ਨ ਦਾ ਚੇਅਰਮੈਨ ਬਣਾਇਆ ਗਿਆ । 2022 ਦੀਆਂ ਪੰਜਾਬ ਵਿਧਾਨਸਭਾ ਚੋਣਾਂ ਦੌਰਾਨ ਉਨ੍ਹਾਂ ਨੇ ਕਮਿਸ਼ਨ ਦੇ ਚੇਅਰਮੈਨ ਅਹੁਦੇ ਤੋਂ ਅਸਤੀਫ਼ਾ ਦਿੱਤਾ ਅਤੇ ਚੋਣ ਲੜੇ ਪਰ ਹਾਰਨ ਤੋਂ ਬਾਅਦ ਉਹ ਮੁੜ ਤੋਂ SC ਕਮਿਸ਼ਨ ਦੇ ਚੇਅਰਮੈਨ ਬਣ ਗਏ । ਹੁਣ ਇੱਕ ਵਾਰ ਮੁੜ ਤੋਂ ਪਾਰਟੀ ਨੇ ਉਨ੍ਹਾਂ ਨੂੰ ਹੁਸ਼ਿਆਰਪੁਰ ਤੋਂ ਲੋਕਸਭਾ ਉਮੀਦਵਾਰ ਬਣਾਉਣ ਦਾ ਮਨ ਬਣਾ ਲਿਆ ਹੈ ।
ਇਸ ਦੀ ਤਿਆਰੀਆਂ ਵੀ ਸ਼ੁਰੂ ਹੋ ਗਈਆਂ ਹਨ । ਇਲਾਕੇ ਵਿੱਚ ਉਨ੍ਹਾਂ ਦੇ ਨਾਂ ਦੇ ਪੋਸਟਰ ਵੀ ਲੱਗ ਗਏ ਹਨ । ਦੱਸਿਆ ਜਾ ਰਿਹਾ ਹੈ ਅਮਿਤ ਸ਼ਾਹ ਦੀ ਗੁਰਦਾਸਪੁਰ ਰੈਲੀ ਦੌਰਾਨ ਉਨ੍ਹਾਂ ਨੂੰ ਇਹ ਇਸ਼ਾਰਾ ਮਿਲ ਗਿਆ ਸੀ । ਸੰਵਿਧਾਨਿਕ ਅਹੁਦੇ ‘ਤੇ ਰਹਿ ਕੇ ਉਹ ਤਿਆਰੀ ਨਹੀਂ ਕਰ ਸਕਦੇ ਸਨ ਇਸੇ ਲਈ ਉਨ੍ਹਾਂ ਨੇ ਐੱਸ ਸੀ ਕਮਿਸ਼ਨ ਤੋਂ ਅਸਤੀਫ਼ਾ ਦੇ ਦਿੱਤਾ ਹੈ।
ਅਸ਼ਵਨੀ ਸ਼ਰਮਾ ਦੇ ਪ੍ਰਧਾਨ ਰਹਿੰਦੇ ਹੋਏ ਉਨ੍ਹਾਂ ਦੇ ਗਰੁੱਪ ਨੂੰ ਕਾਫ਼ੀ ਨਜ਼ਰ ਅੰਦਾਜ਼ ਕੀਤਾ ਜਾ ਰਿਹਾ ਸੀ। ਉੱਧਰ ਪਾਰਟੀ ਦੀ ਇੱਕ ਹੋਰ ਰਣਨੀਤੀ ਹੈ ਹਿੰਦੂ ਜੱਟ ਚਿਹਰੇ ਦੇ ਨਾਲ ਦਲਿਤ ਭਾਈਚਾਰੇ ਦੇ ਆਗੂ ਵੀ ਸੂਬੇ ਵਿੱਚ ਸਰਗਰਮ ਕਰਕੇ ਦਲਿਤ ਵੋਟ ਨੂੰ ਆਪਣੇ ਨਾਲ ਜੋੜਨਾ ਹੈ ।
ਸੋਮ ਪ੍ਰਕਾਸ਼ ਦੀ ਛੁੱਟੀ ਕਿਉਂ
ਸੋਮ ਪ੍ਰਕਾਸ਼ ਸਾਬਕਾ IAS ਅਧਿਕਾਰੀ ਹਨ ਅਤੇ 2012 ਵਿੱਚ ਉਹ ਪਹਿਲੀ ਵਾਰ ਚੋਣ ਮੈਦਾਨ ਵਿੱਚ ਉਤਰੇ ਸਨ । ਚੰਗਾ ਅਕਸ ਹੋਣ ਦੀ ਵਜ੍ਹਾ ਕਰਕੇ ਉਹ 2 ਵਾਰ ਵਿਧਾਇਕ ਰਹੇ ਅਤੇ 1 ਵਾਰ ਐੱਮ ਪੀ ਅਤੇ ਕੇਂਦਰ ਵਿੱਚ ਮੰਤਰੀ । ਪਾਰਟੀ ਨੇ ਇਸੇ ਵਜ੍ਹਾ ਕਰਕੇ 2019 ਵਿੱਚ ਸਾਂਪਲਾ ਦੀ ਥਾਂ ‘ਤੇ ਉਨ੍ਹਾਂ ਨੂੰ ਮੈਦਾਨ ਵਿੱਚ ਉਤਾਰਿਆ ਸੀ ਪਰ 2 ਵਾਰ ਕੋਵਿਡ ਹੋਣ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਸਿਹਤ ਚੰਗੀ ਨਹੀਂ ਰਹਿੰਦੀ ਹੈ। ਅਜਿਹੇ ਵਿੱਚ ਪਾਰਟੀ ਨੇ ਉਨ੍ਹਾਂ ਨੂੰ ਕੇਂਦਰੀ ਕੈਬਨਿਟ ਤੋਂ ਵੀ ਹਟਾਉਣ ਦਾ ਲਗਭਗ ਫ਼ੈਸਲਾ ਕਰ ਲਿਆ ਹੈ। ਕਿਸੇ ਵੇਲੇ ਵੀ ਮੋਦੀ ਕੈਬਨਿਟ ਦਾ ਵਿਸਤਾਰ ਹੋ ਸਕਦਾ ਹੈ। ਹੁਣ ਵੱਡਾ ਸਵਾਲ ਇਹ ਹੈ ਕਿ ਜੇਕਰ ਸੋਮ ਪ੍ਰਕਾਸ਼ ਕੈਬਨਿਟ ਤੋਂ ਬਾਹਰ ਹੁੰਦੇ ਹਨ ਤਾਂ ਪੰਜਾਬ ਦੇ ਕਿਸ ਆਗੂ ਨੂੰ ਕੇਂਦਰੀ ਕੈਬਨਿਟ ਵਿੱਚ ਜਾਣ ਦਾ ਮੌਕਾ ਮਿਲ ਸਕਦਾ ਹੈ । 2014 ਵਾਂਗ ਪਾਰਟੀ ਵਿਜੇ ਸਾਂਪਲਾ ਨੂੰ ਕੈਬਨਿਟ ਵਿੱਚ ਥਾਂ ਦੇ ਕੇ ਉਨ੍ਹਾਂ ਦੀ ਹੁਸ਼ਿਆਰਪੁਰ ਵਿੱਚ ਸਥਿਤੀ ਮਜ਼ਬੂਤ ਕਰ ਸਕਦੀ ਹੈ ।