The Khalas Tv Blog Punjab ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਤਹਿਸੀਲਦਾਰ ਰੰਗੇ ਹੱਥੀ ਕਾਬੂ
Punjab

ਵਿਜੀਲੈਂਸ ਵੱਲੋਂ ਰਿਸ਼ਵਤ ਲੈਂਦਾ ਤਹਿਸੀਲਦਾਰ ਰੰਗੇ ਹੱਥੀ ਕਾਬੂ

 ਬਰਨਾਲਾ ਵਿਖੇ ਵਿਜੀਲੈਂਸ ਨੇ ਰਿਸ਼ਵਤ ਲੈਂਦਾ ਤਹਿਸੀਲਦਾਰ ਰੰਗੇ ਹੱਥ ਕਾਬੂ ਕੀਤਾ ਹੈ। ਬਰਨਾਲਾ ਦੇ ਤਪਾ ਮੰਡੀ ਵਿੱਚ ਟਰੈਪ ਲਗਾ ਕੇ ਤਹਿਸੀਲਦਾਰ ਸੁਖਚਰਨ ਸਿੰਘ ਨੂੰ 20 ਹਜ਼ਾਰ ਦੀ ਰਿਸ਼ਵਤ ਸਮੇਤ ਕਾਬੂ ਕੀਤਾ ਗਿਆ। ਇੱਕ ਕਿਸਾਨ ਤੋਂ ਜ਼ਮੀਨ ਦੀ ਰਜਿਸਟਰੀ ਬਦਲੇ 20 ਹਜ਼ਾਰ ਮੰਗੇ ਗਏ ਸਨ, ਜਿਸ ਤੋਂ ਬਾਅਦ ਉਕਤ ਕਿਸਾਨ ਨੇ ਮਾਮਲਾ ਵਿਜੀਲੈਂਸ ਦੇ ਧਿਆਨ ਵਿੱਚ ਲਿਆਂਦਾ।

ਅੱਜ ਤਹਿਸੀਲ ਕੰਪਲੈਕਸ ਤਪਾ ਮੰਡੀ ਤੋਂ ਮੁਲਜ਼ਮ ਤਹਿਸੀਲਦਾਰ ਨੂੰ ਵਿਜੀਲੈਂਸ ਦੀ ਟੀਮ ਨੇ ਗ੍ਰਿਫ਼ਤਾਰ ਕਰ ਲਿਆ। ਮੁਲਜ਼ਮ ਤਹਿਸੀਲਦਾਰ ਐਸੋਸੀਏਸ਼ਨ ਦਾ ਸੂਬਾ ਪ੍ਰਧਾਨ ਵੀ ਦੱਸਿਆ ਜਾ ਰਿਹਾ ਹੈ।

ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਦੱਸਿਆ ਕਿ ਉਕਤ ਅਧਿਕਾਰੀ ਨੂੰ ਅਮਰੀਕ ਸਿੰਘ ਵਾਸੀ ਪਿੰਡ ਬੀਹਲਾ, ਜ਼ਿਲ੍ਹਾ ਬਰਨਾਲਾ ਵੱਲੋਂ ਦਰਜ ਕਰਵਾਈ ਗਈ ਸ਼ਿਕਾਇਤ ਦੇ ਆਧਾਰ ‘ਤੇ ਗ੍ਰਿਫ਼ਤਾਰ ਕੀਤਾ ਗਿਆ ਹੈ।

ਉਨ੍ਹਾਂ ਅੱਗੇ ਦੱਸਿਆ ਕਿ ਸ਼ਿਕਾਇਤਕਰਤਾ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੱਸਿਆ ਕਿ ਉਸ ਦੇ ਦੋਸਤ ਹਰਭਜਨ ਸਿੰਘ ਵਾਸੀ ਪਿੰਡ ਮੌੜ ਨਾਭਾ, ਜ਼ਿਲ੍ਹਾ ਬਰਨਾਲਾ ਨੇ ਉਕਤ ਤਹਿਸੀਲਦਾਰ ਤੋਂ 2 ਕਨਾਲ 4 ਮਰਲੇ ਵਾਹੀਯੋਗ ਜ਼ਮੀਨ ਦੀ ਰਜਿਸਟਰੀ ਕਰਵਾਉਣੀ ਸੀ ਪਰ ਇਸ ਦੇ ਬਦਲੇ ਉਹ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਸੀ।

ਬੁਲਾਰੇ ਨੇ ਅੱਗੇ ਦੱਸਿਆ ਕਿ ਇਸ ਸ਼ਿਕਾਇਤ ਦੀ ਪੜਤਾਲ ਉਪਰੰਤ ਵਿਜੀਲੈਂਸ ਬਿਊਰੋ ਦੀ ਬਰਨਾਲਾ ਯੂਨਿਟ ਨੇ ਜਾਲ ਵਿਛਾ ਕੇ ਉਕਤ ਤਹਿਸੀਲਦਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਸ਼ਿਕਾਇਤਕਰਤਾ ਤੋਂ 20,000 ਰੁਪਏ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰ ਲਿਆ ਅਤੇ ਰਿਸ਼ਵਤ ਵਾਲੇ ਰੰਗੇ ਹੋਏ ਕਰੰਸੀ ਨੋਟ ਉਸ ਕੋਲੋਂ ਮੌਕੇ ਤੇ ਹੀ ਬਰਾਮਦ ਕਰ ਲਏ ਗਏ।

ਉਨ੍ਹਾਂ ਦੱਸਿਆ ਕਿ ਇਸ ਸਬੰਧੀ ਮੁਲਜ਼ਮ ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਵਿਜੀਲੈਂਸ ਬਿਊਰੋ ਦੇ ਥਾਣਾ ਪਟਿਆਲਾ ਰੇਂਜ ਵਿਖੇ ਮੁਕੱਦਮਾ ਦਰਜ ਕਰ ਲਿਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਅਗਲੇਰੀ ਕਾਰਵਾਈ ਜਾਰੀ ਹੈ।

 

 

Exit mobile version