‘ਦ ਖ਼ਾਲਸ ਬਿਊਰੋ : ਰਿਸ਼ਵਤਖੋਰੀ ਮਾਮਲੇ ਵਿੱਚ ਗ੍ਰਿਫ਼ਤਾਰ AIG ਅਸ਼ੀਸ਼ ਕਪੂਰ ਨੂੰ ਲੈ ਕੇ ਹੁਣ ਵਿਜੀਲੈਂਸ ਬਿਊਰੋ ( Punjab Vigilance Bureau ) ਨੇ ਆਪਣੀ ਜਾਂਚ ਪੜਤਾਲ ਨੂੰ ਹੋਰ ਅੱਗੇ ਵਧਾ ਦਿੱਤਾ ਹੈ। ਭ੍ਰਿਸ਼ਟਾਚਾਰ ਦੇ ਗੰਭੀਰ ਦੋਸ਼ਾਂ ਦਾ ਸਾਹਮਣਾ ਕਰ ਰਹੇ ਪੰਜਾਬ ਪੁਲੀਸ ਦੇ ਏਆਈਜੀ ਆਸ਼ੀਸ਼ ਕਪੂਰ ਖ਼ਿਲਾਫ਼ ਵਿਜੀਲੈਂਸ ਬਿਊਰੋ ਨੇ ਅੱਜ ਮੁਹਾਲੀ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਹੈ।
ਜਾਣਕਾਰੀ ਅਨੁਸਾਰ ਆਸ਼ੀਸ਼ ਕਪੂਰ ਇਸ ਵੇਲੇ ਨਿਆਂਇਕ ਹਿਰਾਸਤ ਅਧੀਨ ਪਟਿਆਲਾ ਜੇਲ੍ਹ ਵਿੱਚ ਬੰਦ ਹੈ। ਇਸ ਮਾਮਲੇ ਵਿੱਚ ਗ੍ਰਿਫ਼ਤਾਰ ਏਐੱਸਆਈ ਹਰਜਿੰਦਰ ਸਿੰਘ ਪਹਿਲਾਂ ਹੀ ਜੁਡੀਸ਼ਲ ਹਿਰਾਸਤ ਵਿੱਚ ਹੈ, ਜਦਕਿ ਇਸ ਮਾਮਲੇ ਵਿੱਚ ਨਾਮਜ਼ਦ ਡੀਐੱਸਪੀ ਇੰਟੈਲੀਜੈਂਸ ਪਵਨ ਕੁਮਾਰ ਹਾਲੇ ਵੀ ਵਿਜੀਲੈਂਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਤੇ ਉਸ ਦੀ ਭਾਲ ਜਾਰੀ ਹੈ।
ਜਾਣਕਾਰੀ ਅਨੁਸਾਰ ਏਆਈਜੀ ਆਸ਼ੀਸ਼ ਕਪੂਰ ਦੇ ਬੈਂਕ ਲਾਕਰ ’ਚੋਂ ਕਿੱਲੋ ਤੋਂ ਵੱਧ ਗਹਿਣੇ ਮਿਲੇ ਸੀ। ਵਿਜੀਲੈਂਸ ਅਨੁਸਾਰ ਇਨ੍ਹਾਂ ਗਿਹਣਿਆਂ ’ਚੋਂ ਅੱਧਾ ਸੋਨਾ ਤਾਂ ਆਸ਼ੀਸ਼ ਕਰਨਾਲ ਵਿੱਚ 16-17 ਲੱਖ ਵਿੱਚ ਵੇਚ ਚੁੱਕਾ ਹੈ। ਵਿਜੀਲੈਂਸ ਅਨੁਸਾਰ ਆਸ਼ੀਸ਼ ਕਪੂਰ ਵੱਲੋਂ ਮੁਹਾਲੀ ਦੇ ਸੈਕਟਰ-88 ਵਿੱਚ ਹਾਲ ਹੀ ਵਿੱਚ ਬਣਾਈ ਆਲੀਸ਼ਾਨ ਕੋਠੀ ਦੀ ਰਜਿਸਟਰੀ 80 ਲੱਖ ਰੁਪਏ ਵਿੱਚ ਕਰਵਾਈ ਹੋਈ ਹੈ ਜਦਕਿ ਇਸ ਪ੍ਰਾਈਮ ਲੋਕੇਸ਼ਨ ’ਤੇ ਮੌਜੂਦਾ ਪਲਾਟਾਂ ਦੀ ਕੀਮਤ 3 ਕਰੋੜ ਤੋਂ ਵੀ ਵੱਧ ਹੈ।
AIG ਅਸ਼ੀਸ਼ ਕਪੂਰ ਨੂੰ ਅਕਤੂਬਰ ਮਹੀਨੇ ਵਿੱਚ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਸੀ। ਸਹਾਇਕ ਇੰਸਪੈਕਟਰ ਜਨਰਲ ਆਫ ਪੁਲਿਸ ਅਸ਼ੀਸ਼ ਕਪੂਰ ਜੋ ਕਿ ਹੁਣ ਕਮਾਂਡੈਂਟ, ਚੌਥੀ ਆਈ.ਆਰ.ਬੀ, ਪਠਾਨਕੋਟ ਦੇ ਅਹੁਦੇ ‘ਤੇ ਤਾਇਨਾਤ ਹੈ, ਨੂੰ ਵੱਖ-ਵੱਖ ਚੈੱਕਾਂ ਰਾਹੀਂ ਇੱਕ ਕਰੋੜ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ ਹੇਠ ਗ੍ਰਿਫ਼ਤਾਰ ਕੀਤਾ ਗਿਆ ਸੀ।
ਰਿਸ਼ਵਤ ਲੈਣ ਦੇ ਇਲਜ਼ਾਮ ਇੱਕ ਮਹਿਲਾ ਵੱਲੋਂ ਲਗਾਏ ਗਏ ਸੀ ਤੇ ਦਾਅਵਾ ਕੀਤਾ ਸੀ ਕਿ ਇੱਕ ਕੇਸ ‘ਚੋਂ ਬਰੀ ਕਰਵਾਉਣ ਵੱਖ ਵੱਖ ਚੈੱਕਾਂ ਰਾਹੀਂ ਅਸ਼ੀਸ਼ ਕਪੂਰ ਨੇ ਆਪਣੇ ਰਿਸ਼ਤੇਦਾਰਾਂ ਦੇ ਖਾਤਿਆਂ ‘ਚ ਪੈਸੇ ਜਮਾ ਕਰਵਾਏ ਸਨ। ਜਿਸ ਦੀ ਪੜਤਾਲ ਕੀਤੀ ਗਈ ਤੇ ਵਿਜੀਲੈਂਸ ਨੇ AIG ਅਸ਼ੀਸ਼ ਕਪੂਰ ਗ੍ਰਿਫ਼ਤਾਰ ਕੀਤਾ ਸੀ।