ਅੰਮ੍ਰਿਤਸਰ : ਪੰਜਾਬ ਵਿਚ ਨੌਜਵਾਨ ਦੀਨੋ-ਦਿਨ ਨਸ਼ਿਆਂ ‘ਚ ਰੁਲਦੇ ਜਾ ਰਹੇ ਹਨ। ਸੂਬੇ ਵਿੱਚ ਵਗ ਰਹੇ ਨ ਸ਼ਿਆਂ ਦੇ ਛੇਵੇਂ ਦਰਿਆ ਨੇ ਸੂਬੇ ਦੀ ਨੌਜਵਾਨੀ ਨੂੰ ਤਬਾਹ ਕਰ ਦਿੱਤਾ ਹੈ। ਪੰਜਾਬ ਵਿੱਚ ਨਸ਼ਾ ਸਰਾਪ(Drug overdose death) ਬਣਿਆ ਹੋਇਆ ਹੈ। ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਨੇ ਆਪਣੇ ਜਾਲ ’ਚ ਜਕੜਿਆ ਹੋਇਆ ਹੈ।
ਅੰਮ੍ਰਿਤਸਰ ਦੇ ਇੱਕ ਪਿੰਡ ਵਿੱਚ 3 ਨੌਜਵਾਨਾਂ ਦਾ ਸ਼ਰੇਆਮ ਨਸ਼ਾ ਕਰਨ ਦਾ ਵੀਡੀਓ ਵਾਇਰਲ ਹੋ ਰਿਹਾ ਹੈ। ਤਿੰਨੋਂ ਨੌਜਵਾਨ ਨਾੜ ਵਿੱਚ ਨਸ਼ੇ ਦਾ ਟੀਕਾ ਲਗਾ ਰਹੇ ਹਨ। ਵੀਡੀਓ ਬਣਾਉਣ ਵਾਲਾ ਵਿਅਕਤੀ ਆਪਣੇ ਆਪ ਨੂੰ ਸਿਪਾਹੀ ਦੱਸ ਰਿਹਾ ਹੈ।
ਵੀਡੀਓ ‘ਚ ਦੇਖਿਆ ਜਾ ਰਿਹਾ ਹੈ ਕਿ ਤਿੰਨਾਂ ਦੇ ਸਾਹਮਣੇ ਇਕ ਬੋਤਲ ਪਈ ਹੈ, ਜਿਸ ‘ਚੋਂ ਉਹ ਸਰਿੰਜ ਭਰ ਕੇ ਆਪਣੀਆਂ ਨਾੜੀਆਂ ‘ਚ ਟੀਕਾ ਲਗਾ ਰਹੇ ਹਨ। ਸਾਹਮਣੇ ਇਕ ਵਿਅਕਤੀ ਵੀਡੀਓ ਬਣਾ ਰਿਹਾ ਹੈ। ਨਸ਼ੇ ਦੇ ਆਦੀ ਨੌਜਵਾਨ ਕਹਿ ਰਿਹਾ ਹੈ ਕਿ ਉਸ ਕੋਲ 100 ਕਿੱਲੇ ਜ਼ਮੀਨ ਸੀ, ਜੋ ਉਸ ਨੇ ਨਸ਼ੇ ‘ਚ ਗਵਾ ਲਈ ਹੈ।
ਜਦੋਂ ਉਸ ਨੂੰ ਪੁੱਛਿਆ ਗਿਆ ਕਿ ਉਹ ਨਸ਼ਾ ਕਿੱਥੋਂ ਲਿਆਉਂਦਾ ਹੈ ਤਾਂ ਦੂਜੇ ਨੇ ਦੱਸਿਆ ਕਿ ਨੇੜਲੇ ਪਿੰਡ ਭੈਣੀ ਵਿੱਚ ਨਸ਼ਾ ਸ਼ਰੇਆਮ ਵਿਕਦਾ ਹੈ। ਨਸ਼ੇ ਨਾਲ ਲੋਕ ਸੜਕਾਂ ‘ਤੇ ਸ਼ਰੇਆਮ ਖੜ੍ਹੇ ਹਨ, ਜਿੰਨਾ ਚਾਹੇ ਖਰੀਦ ਸਕਦੇ ਹਨ।
ਭੈਣੀ ਪਿੰਡ ਵਿੱਚ ਖੁੱਲ੍ਹੇਆਮ ਨਸ਼ਾ ਵੇਚਣ ਦਾ ਮਾਮਲਾ ਪਹਿਲਾਂ ਵੀ ਸਾਹਮਣੇ ਆਇਆ ਸੀ। ਇਸ ਤੋਂ ਪਹਿਲਾਂ ਵੀ ਭੈਣੀ ‘ਚ ਇਕ ਨੌਜਵਾਨ ਨੇ ਨਸ਼ਾ ਖਰੀਦਣ ਦੀ ਖੁੱਲ੍ਹ ਕੇ ਗੱਲ ਕੀਤੀ ਸੀ। ਉਸ ਨੇ ਇਹ ਵੀ ਕਿਹਾ ਕਿ ਕੋਈ ਉਥੋਂ ਜਿੰਨੀ ਚਾਹੇ ਨਸ਼ੇ ਖਰੀਦ ਸਕਦਾ ਹੈ।
ਨੌਜਵਾਨਾਂ ਦਾ ਨਸ਼ਿਆਂ ਦੀ ਦਲਦਲ ਦੇ ਵਿੱਚ ਫਸਣਾ ਚਿੰਤਾ ਦਾ ਵਿਸ਼ਾ ਹੈ। ਇਸ ਦਾ ਮੁੱਖ ਕਾਰਨ ਸਰਕਾਰਾਂ ਦੀ ਕੁੰਭਕਰਨੀ ਨੀਂਦ, ਵੱਧ ਰਹੀ ਬੇਰੁਜ਼ਗਾਰੀ, ਗਾਇਕਾਂ ਵੱਲੋਂ ਨਸ਼ਿਆਂ ਪ੍ਰਤੀ ਉਤਸ਼ਾਹਿਤ ਕਰਨਾ ਆਦਿ ਹਨ। ਜ਼ਰੂਰਤ ਹੈ ਕਿ ਸਰਕਾਰਾਂ ਇਸ ਸਬੰਧੀ ਠੋਸ ਕਦਮ ਚੁੱਕਣ ਤਾਂ ਜੋ ਨੌਜਵਾਨਾਂ ਨੂੰ ਨਸ਼ਿਆਂ ਤੋਂ ਹਟਾ ਕੇ ਪੰਜਾਬ ਦੀ ਜਵਾਨੀ ਨੂੰ ਬਚਾਇਆ ਜਾ ਸਕੇ। ਨਸ਼ੇ ਨਾਲ ਬਰਬਾਦੀ ਦੀਆਂ ਕਈ ਉਦਾਹਰਣਾਂ ਦੇ ਬਾਵਜੂਦ ਕਈ ਲੋਕ ਇਸ ਦਾ ਸ਼ਿਕਾਰ ਹੋ ਰਹੇ ਹਨ।