The Khalas Tv Blog India ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁਕੀ, ਮੰਨੀਆਂ ਚਾਰ ਗੱਲਾਂ
India Punjab

ਹਰਿਆਣਾ ਦੀ ਖੱਟਰ ਸਰਕਾਰ ਕਿਸਾਨਾਂ ਦੇ ਰੋਹ ਅੱਗੇ ਝੁਕੀ, ਮੰਨੀਆਂ ਚਾਰ ਗੱਲਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਅੱਜ ਹਰਿਆਣਾ ਦੇ ਹਿਸਾਰ ਵਿੱਚ ਕਿਸਾਨ ਨੇ ਵੱਡੇ ਪੱਧਰ ‘ਤੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਕਿਸਾਨਾਂ ਦੇ ਨਾਲ ਪ੍ਰਸ਼ਾਸਨ ਨੇ ਕਰੀਬ ਦੋ ਘੰਟੇ ਬੈਠਕ ਕੀਤੀ। ਕਿਸਾਨਾਂ ਨੇ ਬੈਠਕ ਲਈ 21 ਮੈਂਬਰੀ ਕਮੇਟੀ ਦਾ ਗਠਨ ਕੀਤਾ ਸੀ। ਬੈਠਕ ਵਿੱਚ ਕਿਸਾਨ ਲੀਡਰ ਰਾਕੇਸ਼ ਟਿਕੈਤ, ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਮੌਜੂਦ ਹੋਏ ਸਨ। ਇਸ ਮੀਟਿੰਗ ਵਿੱਚ ਕਮਿਸ਼ਨਰ, ਡੀਸੀ, ਆਈਜੀ ਅਫਸਰ ਮੌਜੂਦ ਸਨ।

ਬੈਠਕ ਤੋਂ ਬਾਅਦ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ‘ਹਿਸਾਰ ਪ੍ਰਸ਼ਾਸਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਘਿਰਾਉ ਕਰਨ ਜਾ ਰਹੇ ਕਿਸਾਨਾਂ ਉੱਤੇ ਕੀਤੇ ਗਏ ਲਾਠੀਚਾਰਜ ਦੀ ਘਟਨਾ ‘ਤੇ ਕਿਸਾਨਾਂ ਤੋਂ ਮੁਆਫੀ ਮੰਗ ਲਈ ਹੈ। ਚੜੂਨੀ ਨੇ ਕਿਹਾ ਕਿ ਪ੍ਰਸ਼ਾਸਨ ਨੇ ਕਿਸਾਨਾਂ ‘ਤੇ ਦਰਜ ਹੋਏ ਸਾਰੇ ਪਰਚੇ ਵਾਪਸ ਲੈਣ ਦਾ ਭਰੋਸਾ ਦਿੱਤਾ ਹੈ। ਪ੍ਰਸ਼ਾਸਨ ਨੇ ਕੇਸ ਵਾਪਸ ਲੈਣ ਦੀ ਪ੍ਰਕਿਰਿਆ ਲਈ ਇੱਕ ਮਹੀਨੇ ਦਾ ਸਮਾਂ ਮੰਗਿਆ ਹੈ। ਪ੍ਰਸ਼ਾਸਨ ਨੇ ਅੱਜ ਪ੍ਰਦਰਸ਼ਨ ਦੌਰਾਨ ਜੋ ਕਿਸਾਨ ਸ਼ਹੀਦ ਹੋਇਆ ਹੈ, ਉਸਦੇ ਪਰਿਵਾਰ ਨੂੰ ਨੌਕਰੀ ਦੇਣ ਦਾ ਭਰੋਸਾ ਦਿੱਤਾ ਹੈ’।

ਚੜੂਨੀ ਨੇ ਕਿਹਾ ਕਿ ‘ਪ੍ਰਦਰਸ਼ਨ ਦੌਰਾਨ ਸਾਡੇ ਜੋ ਵਹੀਕਲ ਟੁੱਟੇ ਹਨ, ਵਹੀਕਲਾਂ ਦਾ ਜੋ ਨੁਕਸਾਨ ਹੋਇਆ ਹੈ, ਉਸਨੂੰ ਪ੍ਰਸ਼ਾਸਨ ਠੀਕ ਕਰਵਾਏਗਾ। ਕਿਸਾਨਾਂ ‘ਤੇ ਲਾਠੀਚਾਰਜ ਕਰਨ ਵਾਲੇ ਪੁਲਿਸ ਕਰਮੀਆਂ ਦੇ ਖਿਲਾਫ ਮੁਕੱਦਮਾ ਕਰਨ ਦੀ ਸਾਡੀ ਮੰਗ ‘ਤੇ ਪ੍ਰਸ਼ਾਸਨ ਨੇ ਕਿਹਾ ਹੈ ਕਿ ਜੇ ਉਹ ਹੁਣ ਉਨ੍ਹਾਂ ਪੁਲਿਸ ਕਰਮੀਆਂ ‘ਤੇ ਮੁਕੱਦਮਾ ਦਰਜ ਕਰਦੇ ਹਨ ਤਾਂ ਕਿਸਾਨਾਂ ‘ਤੇ ਦਰਜ ਹੋਏ ਪਰਚੇ ਵਾਪਸ ਲੈਣ ਲਈ ਉਨ੍ਹਾਂ ਨੂੰ ਅਦਾਲਤ ਵਿੱਚ ਮੁਸ਼ਕਿਲ ਆ ਸਕਦੀ ਹੈ’।

Exit mobile version