The Khalas Tv Blog India ਵਿਧਾਨ ਸਭਾ ਦੀ ਸੁਰੱਖਿਆ ’ਚ ਵੱਡੀ ਸੰਨ੍ਹ! ਤੇਜ਼ ਰਫ਼ਤਾਰ ਕਾਰ ਗੇਟ ਤੋੜ ਕੇ ਅੰਦਰ ਦਾਖ਼ਲ, 3 ਮੁਲਜ਼ਮ ਕਾਬੂ
India

ਵਿਧਾਨ ਸਭਾ ਦੀ ਸੁਰੱਖਿਆ ’ਚ ਵੱਡੀ ਸੰਨ੍ਹ! ਤੇਜ਼ ਰਫ਼ਤਾਰ ਕਾਰ ਗੇਟ ਤੋੜ ਕੇ ਅੰਦਰ ਦਾਖ਼ਲ, 3 ਮੁਲਜ਼ਮ ਕਾਬੂ

ਨਵੀਂ ਦਿੱਲੀ (6 ਅਪ੍ਰੈਲ, 2026): ਸੋਮਵਾਰ ਨੂੰ ਦਿੱਲੀ ਵਿਧਾਨ ਸਭਾ ਦੇ ਅੰਦਰ ਇੱਕ ਤੇਜ਼ ਰਫ਼ਤਾਰ ਕਾਰ ਦੇ ਜ਼ਬਰਦਸਤੀ ਦਾਖ਼ਲ ਹੋਣ ਨਾਲ ਹੜਕੰਪ ਮਚ ਗਿਆ। ਇੱਕ ਨਕਾਬਪੋਸ਼ ਵਿਅਕਤੀ ਗੇਟ ਨੰਬਰ 2 ਰਾਹੀਂ, ਜੋ ਕਿ ਬੇਹੱਦ ਸੁਰੱਖਿਅਤ ਮੰਨਿਆ ਜਾਂਦਾ ਹੈ, ਕਾਰ ਲੈ ਕੇ ਅੰਦਰ ਵੜ ਗਿਆ। ਇਸ ਘਟਨਾ ਦੌਰਾਨ ਦਿੱਲੀ ਵਿਧਾਨ ਸਭਾ ਦੇ ਸਪੀਕਰ ਦੀ ਗੱਡੀ ’ਤੇ ਸਿਆਹੀ ਸੁੱਟੇ ਜਾਣ ਦੀ ਖ਼ਬਰ ਵੀ ਸਾਹਮਣੇ ਆਈ ਹੈ।

ਚਸ਼ਮਦੀਦਾਂ ਅਨੁਸਾਰ ਇੱਕ ਚਿੱਟੇ ਰੰਗ ਦੀ ਕਾਰ ਤੇਜ਼ ਰਫ਼ਤਾਰ ਨਾਲ ਗੇਟ ਨਾਲ ਟਕਰਾਉਂਦੀ ਹੋਈ ਅੰਦਰ ਦਾਖ਼ਲ ਹੋਈ ਅਤੇ ਕਰੀਬ 5 ਮਿੰਟ ਤੱਕ ਅੰਦਰ ਘੁੰਮਦੀ ਰਹੀ। ਜਦੋਂ CRPF ਦੇ ਜਵਾਨ ਉਸ ਵੱਲ ਵਧੇ, ਤਾਂ ਡਰਾਈਵਰ ਨੇ ਗੱਡੀ ਭਜਾ ਲਈ। 

ਜਾਣਕਾਰੀ ਅਨੁਸਾਰ, ਡਰਾਈਵਰ ਨੇ ਵਿਧਾਨ ਸਭਾ ਦੇ ਅੰਦਰ ਇੱਕ ‘ਫੁੱਲਾਂ ਦਾ ਗੁਲਦਸਤਾ’ ਰੱਖਿਆ ਅਤੇ ਫ਼ਰਾਰ ਹੋ ਗਿਆ। ਪੁਲਿਸ ਨੇ ਜਾਂਚ ਤੋਂ ਬਾਅਦ ਪੁਸ਼ਟੀ ਕੀਤੀ ਹੈ ਕਿ ਗੁਲਦਸਤੇ ਵਿੱਚ ਕੋਈ ਵਿਸਫੋਟਕ ਜਾਂ ਸ਼ੱਕੀ ਵਸਤੂ ਨਹੀਂ ਸੀ।

ਕਾਰ ਜ਼ਬਤ, ਡਰਾਈਵਰ ਸਣੇ 3 ਗ੍ਰਿਫ਼ਤਾਰ

ਦਿੱਲੀ ਪੁਲਿਸ ਨੇ ਇਸ ਮਾਮਲੇ ਵਿੱਚ ਤੇਜ਼ੀ ਨਾਲ ਕਾਰਵਾਈ ਕਰਦਿਆਂ ਵਾਰਦਾਤ ਵਿੱਚ ਵਰਤੀ ਗਈ ਕਾਰ ਨੂੰ ਜ਼ਬਤ ਕਰ ਲਿਆ ਹੈ। ਇਸ ਸਬੰਧ ਵਿੱਚ ਕਾਰ ਚਲਾਉਣ ਵਾਲੇ ਡਰਾਈਵਰ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਜਾਂਚ ਦੌਰਾਨ ਮਿਲੇ ਦਸਤਾਵੇਜ਼ਾਂ ਮੁਤਾਬਕ, ਕਾਰ ਸਰਬਜੀਤ ਸਿੰਘ ਦੇ ਨਾਂ ’ਤੇ ਰਜਿਸਟਰਡ ਹੈ, ਜਿਸ ਦਾ ਪਤਾ ਉੱਤਰ ਪ੍ਰਦੇਸ਼ ਦੇ ਪੀਲੀਭੀਤ (ਤਹਿਸੀਲ ਪੂਰਨਪੁਰ) ਦਾ ਹੈ।

ਪੁਲਿਸ ਰਿਕਾਰਡ ਅਨੁਸਾਰ ਇਸ ਵਾਹਨ ਦੀ ਰਜਿਸਟ੍ਰੇਸ਼ਨ ਹਾਲ ਹੀ ਵਿੱਚ 26 ਫਰਵਰੀ 2026 ਨੂੰ ਜਾਰੀ ਕੀਤੀ ਗਈ ਸੀ। ਸੁਰੱਖਿਆ ਏਜੰਸੀਆਂ ਹੁਣ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਤੋਂ ਪੁੱਛਗਿੱਛ ਕਰ ਰਹੀਆਂ ਹਨ ਤਾਂ ਜੋ ਇਸ ਹਰਕਤ ਪਿੱਛੇ ਉਨ੍ਹਾਂ ਦੇ ਅਸਲ ਮਕਸਦ ਦਾ ਪਤਾ ਲਗਾਇਆ ਜਾ ਸਕੇ। ਇਸ ਘਟਨਾ ਤੋਂ ਬਾਅਦ ਵਿਧਾਨ ਸਭਾ ਕੰਪਲੈਕਸ ਦੀ ਸੁਰੱਖਿਆ ਹੋਰ ਸਖ਼ਤ ਕਰ ਦਿੱਤੀ ਗਈ ਹੈ।

Exit mobile version