The Khalas Tv Blog India ਹੁਣ ‘ਜਨ ਗਣ ਮਨ’ ਤੋਂ ਪਹਿਲਾਂ ਗਾਇਆ ਜਾਵੇਗਾ ‘ਵੰਦੇ ਮਾਤਰਮ!’ ਕੇਂਦਰ ਨੇ ਜਾਰੀ ਕੀਤਾ ਨਵਾਂ ਪ੍ਰੋਟੋਕੋਲ
India

ਹੁਣ ‘ਜਨ ਗਣ ਮਨ’ ਤੋਂ ਪਹਿਲਾਂ ਗਾਇਆ ਜਾਵੇਗਾ ‘ਵੰਦੇ ਮਾਤਰਮ!’ ਕੇਂਦਰ ਨੇ ਜਾਰੀ ਕੀਤਾ ਨਵਾਂ ਪ੍ਰੋਟੋਕੋਲ

ਬਿਊਰੋ ਰਿਪੋਰਟ (11 ਫਰਵਰੀ, 2026): ਕੇਂਦਰੀ ਗ੍ਰਹਿ ਮੰਤਰਾਲੇ ਨੇ ਰਾਸ਼ਟਰਗੀਤ ‘ਵੰਦੇ ਮਾਤਰਮ’ ਦੇ ਸਨਮਾਨ ਅਤੇ ਗਾਇਨ ਸਬੰਧੀ ਨਵੇਂ ਨਿਯਮ ਲਾਗੂ ਕੀਤੇ ਹਨ। ਹੁਣ ਸਰਕਾਰੀ ਪ੍ਰੋਗਰਾਮਾਂ, ਸਕੂਲਾਂ ਅਤੇ ਹੋਰ ਰਸਮੀ ਸਮਾਗਮਾਂ ਵਿੱਚ ‘ਵੰਦੇ ਮਾਤਰਮ’ ਪਹਿਲਾਂ ਗਾਇਆ ਜਾਵੇਗਾ ਅਤੇ ਇਸ ਦੌਰਾਨ ਹਰ ਵਿਅਕਤੀ ਦਾ ਸਾਵਧਾਨ ਮੁਦਰਾ ਵਿੱਚ ਖੜ੍ਹੇ ਹੋਣਾ ਲਾਜ਼ਮੀ ਹੋਵੇਗਾ। ਇਹ ਹੁਕਮ 28 ਜਨਵਰੀ ਨੂੰ ਜਾਰੀ ਹੋਏ ਸਨ, ਪਰ ਇਸ ਦੀ ਵਿਸਤ੍ਰਿਤ ਜਾਣਕਾਰੀ ਅੱਜ ਸਾਹਮਣੇ ਆਈ ਹੈ।

ਨਵੇਂ ਨਿਯਮਾਂ ਦੀਆਂ ਮੁੱਖ ਗੱਲਾਂ:

  • ਪਹਿਲ ਦੇ ਆਧਾਰ ’ਤੇ ਗਾਇਨ: ਜੇਕਰ ਰਾਸ਼ਟਰਗੀਤ (ਵੰਦੇ ਮਾਤਰਮ) ਅਤੇ ਰਾਸ਼ਟਰਗਾਨ (ਜਨ ਗਣ ਮਨ) ਇਕੱਠੇ ਪੇਸ਼ ਕੀਤੇ ਜਾਣੇ ਹਨ, ਤਾਂ ਪਹਿਲਾਂ ਵੰਦੇ ਮਾਤਰਮ ਗਾਇਆ ਜਾਵੇਗਾ।
  • ਪੂਰਾ ਗੀਤ ਗਾਉਣਾ ਲਾਜ਼ਮੀ: ਹੁਣ ਰਾਸ਼ਟਰਗੀਤ ਦੇ ਸਿਰਫ਼ ਪਹਿਲੇ ਦੋ ਅੰਤਰੇ ਨਹੀਂ, ਬਲਕਿ ਸਾਰੇ 6 ਅੰਤਰੇ ਗਾਏ ਜਾਣਗੇ। ਇਸ ਦੀ ਕੁੱਲ ਮਿਆਦ 3 ਮਿੰਟ 10 ਸੈਕੰਡ ਹੋਵੇਗੀ।
  • ਸਕੂਲਾਂ ਲਈ ਹੁਕਮ: ਦੇਸ਼ ਦੇ ਸਾਰੇ ਸਕੂਲਾਂ ਵਿੱਚ ਦਿਨ ਦੀ ਸ਼ੁਰੂਆਤ ‘ਵੰਦੇ ਮਾਤਰਮ’ ਦੇ ਗਾਇਨ ਨਾਲ ਹੋਵੇਗੀ।
  • ਸਿਨੇਮਾ ਹਾਲਾਂ ਨੂੰ ਛੋਟ: ਸਿਨੇਮਾ ਹਾਲਾਂ ਵਿੱਚ ਫਿਲਮ ਸ਼ੁਰੂ ਹੋਣ ਤੋਂ ਪਹਿਲਾਂ ਇਸ ਨੂੰ ਵਜਾਉਣਾ ਲਾਜ਼ਮੀ ਨਹੀਂ ਹੋਵੇਗਾ ਤਾਂ ਜੋ ਅਵਿਵਸਥਾ ਤੋਂ ਬਚਿਆ ਜਾ ਸਕੇ।
  • ਸਰਕਾਰੀ ਸਮਾਗਮ: ਤਿਰੰਗਾ ਲਹਿਰਾਉਣ, ਰਾਸ਼ਟਰਪਤੀ ਜਾਂ ਰਾਜਪਾਲਾਂ ਦੇ ਆਗਮਨ ਅਤੇ ਭਾਸ਼ਣਾਂ ਤੋਂ ਪਹਿਲਾਂ ਤੇ ਬਾਅਦ ਵਿੱਚ ਰਾਸ਼ਟਰਗੀਤ ਵਜਾਉਣਾ ਲਾਜ਼ਮੀ ਹੋਵੇਗਾ।

‘ਵੰਦੇ ਮਾਤਰਮ’ ਬੰਕਿਮ ਚੰਦਰ ਚੈਟਰਜੀ ਦੁਆਰਾ 1875 ਵਿੱਚ ਲਿਖਿਆ ਗਿਆ ਸੀ ਅਤੇ ਇਹ ਪਹਿਲੀ ਵਾਰ 1882 ਵਿੱਚ ਉਨ੍ਹਾਂ ਦੇ ਨਾਵਲ ‘ਆਨੰਦਮੱਠ’ ਵਿੱਚ ਛਪਿਆ। ਆਜ਼ਾਦੀ ਦੀ ਜੰਗ ਦੌਰਾਨ ਇਹ ਗੀਤ ਕ੍ਰਾਂਤੀਕਾਰੀਆਂ ਦਾ ਮੁੱਖ ਨਾਅਰਾ ਬਣਿਆ ਰਿਹਾ। ਕੇਂਦਰ ਸਰਕਾਰ ਇਸ ਸਮੇਂ ‘ਵੰਦੇ ਮਾਤਰਮ’ ਦੇ 150 ਸਾਲ ਪੂਰੇ ਹੋਣ ਦੇ ਜਸ਼ਨ ਮਨਾ ਰਹੀ ਹੈ।

Exit mobile version