‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਰਸਾ ਸਿੰਘ ਵਲਟੋਹਾ ਨੇ ਐੱਸਆਈਟੀ ਵੱਲੋਂ ਬਰਗਾੜੀ ਬੇਅਦਬੀ ਮਾਮਲੇ ਵਿੱਚ 6 ਲੋਕਾਂ ਦੀ ਗ੍ਰਿਫਤਾਰੀ ਬਾਰੇ ਬੋਲਦਿਆਂ ਕਿਹਾ ਕਿ ‘ਬੇਅਦਬੀ ਮਾਮਲੇ ਵਿੱਚ ਡੇਰਾ ਸਿਰਸਾ ਦੇ ਪ੍ਰੇਮੀਆਂ ਦਾ ਹੱਥ ਹੋ ਸਕਦਾ ਹੈ। ਸਾਢੇ ਚਾਰ ਸਾਲ ਜੇ ਤੁਸੀਂ ਇੱਕੋ ਗੱਲ ਹੀ ਵਾਰ-ਵਾਰ ਪੇਸ਼ ਕਰੀ ਜਾਉਗੇ, ਤਾਂ ਅਸਲ ਦੋਸ਼ੀਆਂ ਨੂੰ ਕਿਵੇਂ ਫੜ੍ਹੋਗੇ। ਇਹ ਸਰਕਾਰ ਵੱਲੋਂ ਕਿਤੇ ਖਾਨਾਪੂਰਤੀ ਕਰਨ ਦੀ ਕੋਸ਼ਿਸ਼ ਤਾਂ ਨਹੀਂ ਕੀਤੀ ਜਾ ਰਹੀ’।
ਵਲਟੋਹਾ ਨੇ ਕਿਹਾ ਕਿ ‘ਜੇ ਬੇਅਦਬੀ ਮਾਮਲਿਆਂ ਸਬੰਧੀ ਸਬੂਤ ਹਨ ਤਾਂ ਉਨ੍ਹਾਂ ਨੂੰ ਕਿੱਥੇ ਲੁਕਾਇਆ ਹੈ। ਤੁਸੀਂ ਐੱਸਆਈਟੀ ਨੂੰ ਹਲਫਨਾਮਾ ਦੇ ਕੇ ਆਪਣੇ ਸਬੂਤ ਕਿਉਂ ਨਹੀਂ ਪੇਸ਼ ਕਰਦੇ। ਵਲਟੋਹਾ ਨੇ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਆਖਿਰ ਇੱਕ ਬਿਆਨ ਜਾਰੀ ਕਰਨਾ ਪਿਆ ਕਿ ਜੇ ਕਿਸੇ ਕੋਲ ਕੋਈ ਸਬੂਤ ਹੈ ਤਾਂ ਉਸਨੂੰ ਪੇਸ਼ ਕਰੋ, ਸਿਆਸਤ ਬਹੁਤ ਹੋ ਗਈ ਹੈ, ਪਰ ਹੁਣ ਇਹ ਗੱਲਾਂ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ’।
ਵਲਟੋਹਾ ਨੇ ਕਾਂਗਰਸ ਨੂੰ ਸਾਕਾ ਨੀਲਾ ਤਾਰਾ ਦੀ ਘਟਨਾ ਯਾਦ ਕਰਾਉਂਦਿਆਂ ਕਿਹਾ ਕਿ ‘ਬੇਅਦਬੀ ਦੀਆਂ ਗੱਲਾਂ ਉਹ ਕਰ ਰਹੇ ਹਨ, ਜਿਨ੍ਹਾਂ ਨੇ ਟੈਂਕਾਂ ਨਾਲ ਸ਼੍ਰੀ ਹਰਿਮੰਦਰ ਸਾਹਿਬ ਉੱਤੇ ਹਮਲਾ ਕੀਤਾ, ਤਾਬਿਆ ਬੈਠੇ ਸਿੰਘ ਨੂੰ ਸ਼ਹੀਦ ਕੀਤਾ। ਹਜ਼ਾਰਾਂ ਬੱਚੇ-ਬੱਚੀਆਂ, ਲੋਕਾਂ ਨੂੰ ਪਰਿਕਰਮਾ ‘ਚ ਸ਼ਹੀਦ ਕੀਤਾ ਗਿਆ। ਇੰਦਰਾ ਗਾਂਧੀ ਦੇ ਹੁਕਮ ‘ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਹਜ਼ਾਰਾਂ ਸਰੂਪਾਂ ਨੂੰ ਸ਼੍ਰੀ ਦਰਬਾਰ ਸਾਹਿਬ ਦੇ ਅੰਦਰ ਸਾੜਿਆ ਗਿਆ’।