ਬਿਊਰੋ ਰਿਪੋਰਟ (4 ਮਾਰਚ, 2026): ਅਮਰੀਕਾ-ਇਜ਼ਰਾਈਲ ਅਤੇ ਇਰਾਨ ਵਿਚਾਲੇ ਜਾਰੀ ਜੰਗ ਹੁਣ ਹਿੰਦ ਮਹਾਸਾਗਰ ਤੱਕ ਫੈਲ ਗਈ ਹੈ। ਅਮਰੀਕਾ ਨੇ ਇਰਾਨੀ ਜੰਗੀ ਜਹਾਜ਼ ‘IRIS ਦੇਨਾ’ (IRIS Dena) ਨੂੰ ਸ੍ਰੀਲੰਕਾ ਦੇ ਨੇੜੇ ਹਮਲਾ ਕਰਕੇ ਡੁਬੋ ਦਿੱਤਾ ਹੈ। ਸ੍ਰੀਲੰਕਾ ਸਰਕਾਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਇਸ ਹਮਲੇ ਵਿੱਚ ਹੁਣ ਤੱਕ 80 ਈਰਾਨੀ ਨੌਸੈਨਿਕਾਂ ਦੀ ਮੌਤ ਹੋ ਚੁੱਕੀ ਹੈ।
ਹਮਲੇ ਦਾ ਵੇਰਵਾ ਅਤੇ ਰੈਸਕਿਊ ਆਪ੍ਰੇਸ਼ਨ
- ਟਾਰਪੀਡੋ ਨਾਲ ਹਮਲਾ: ਅਮਰੀਕੀ ਰੱਖਿਆ ਮੰਤਰੀ ਪੀਟ ਹੇਗਸੇਥ ਨੇ ਦੱਸਿਆ ਕਿ ਹਿੰਦ ਮਹਾਸਾਗਰ ਵਿੱਚ ਇੱਕ ਅਮਰੀਕੀ ਪਣਡੁੱਬੀ (Submarine) ਨੇ ਇਰਾਨੀ ਜਹਾਜ਼ ’ਤੇ ਟਾਰਪੀਡੋ ਨਾਲ ਨਿਸ਼ਾਨਾ ਸਾਧਿਆ।
- ਲੋਕੇਸ਼ਨ: ਇਹ ਹਮਲਾ ਦੱਖਣੀ ਸ੍ਰੀਲੰਕਾ ਦੇ ਗਾਲੇ (Galle) ਸ਼ਹਿਰ ਤੋਂ ਕਰੀਬ 75 ਕਿਲੋਮੀਟਰ ਦੂਰ ਸਮੁੰਦਰ ਵਿੱਚ ਹੋਇਆ।
- ਬਚਾਅ ਕਾਰਜ: ਜਹਾਜ਼ ’ਤੇ ਲਗਭਗ 180 ਨੌਸੈਨਿਕ ਸਵਾਰ ਸਨ। ਸ੍ਰੀਲੰਕਾ ਦੀ ਨੇਵੀ ਨੇ 32 ਜ਼ਖ਼ਮੀ ਸੈਨਿਕਾਂ ਨੂੰ ਬਚਾ ਕੇ ਹਸਪਤਾਲ ਦਾਖ਼ਲ ਕਰਵਾਇਆ ਹੈ, ਜਦਕਿ ਬਾਕੀ ਲਾਪਤਾ ਲੋਕਾਂ ਦੀ ਭਾਲ ਜਾਰੀ ਹੈ।
ਭਾਰਤ ਨਾਲ ਸਬੰਧ
ਇਹ ਜੰਗੀ ਜਹਾਜ਼ ਪਿਛਲੇ ਮਹੀਨੇ ਭਾਰਤ ਦੇ ਵਿਸ਼ਾਖਾਪਟਨਮ ਵਿਖੇ ਆਯੋਜਿਤ ‘2026 ਇੰਟਰਨੈਸ਼ਨਲ ਫਲੀਟ ਰਿਵਿਊ’ ਵਿੱਚ ਹਿੱਸਾ ਲੈ ਕੇ ਵਾਪਸ ਪਰਤ ਰਿਹਾ ਸੀ। ਬੁੱਧਵਾਰ ਸਵੇਰੇ ਕਰੀਬ 6 ਤੋਂ 7 ਵਜੇ ਦੇ ਵਿਚਕਾਰ ਜਹਾਜ਼ ਤੋਂ ਮਦਦ ਲਈ ਸੰਦੇਸ਼ ਭੇਜਿਆ ਗਿਆ ਸੀ।

