ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਸੋਮਵਾਰ ਨੂੰ ਵ੍ਹਾਈਟ ਹਾਊਸ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਰਾਨ ਖਿਲਾਫ਼ ਤਿੱਖੀ ਚਿਤਾਵਨੀ ਦਿੱਤੀ ਹੈ। ਉਨ੍ਹਾਂ ਕਿਹਾ ਕਿ ਇਰਾਨ ਨੂੰ ਇੱਕੋ ਰਾਤ ਵਿਚ ਤਬਾਹ ਕੀਤਾ ਜਾ ਸਕਦਾ ਹੈ ਅਤੇ ਪੂਰੇ ਦੇਸ਼ ਉੱਤੇ ਕਬਜ਼ਾ ਕੀਤਾ ਜਾ ਸਕਦਾ ਹੈ। ਟਰੰਪ ਨੇ ਇਹ ਵੀ ਦੱਸਿਆ ਕਿ ਇਹ ਕਾਰਵਾਈ “ਸ਼ਾਇਦ ਕੱਲ੍ਹ ਰਾਤ” ਵੀ ਹੋ ਸਕਦੀ ਹੈ।
ਈਰਾਨ ਰਾਤੋ-ਰਾਤ ਤਬਾਹ ਹੋ ਸਕਦਾ ਹੈ – ਟਰੰਪ
ਟਰੰਪ ਨੇ ਇਰਾਨ ਨੂੰ ਮੰਗਲਵਾਰ ਰਾਤ 8 ਵਜੇ (ਵਾਸ਼ਿੰਗਟਨ ਸਮੇਂ) ਤੱਕ ਸਟ੍ਰੇਟ ਆਫ਼ ਹਾਰਮੁਜ਼ ਖੋਲ੍ਹਣ ਦੀ ਆਖਰੀ ਡੈਡਲਾਈਨ ਦਿੱਤੀ ਹੈ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਇਰਾਨ ਇਸ ਡੈਡਲਾਈਨ ਤੱਕ ਸਮਝੌਤਾ ਨਾ ਕੀਤਾ ਤਾਂ ਅਮਰੀਕਾ ਇਰਾਨ ਦੇ ਹਰ ਪੁਲ ਅਤੇ ਹਰ ਪਾਵਰ ਪਲਾਂਟ ਨੂੰ ਤਬਾਹ ਕਰ ਦੇਵੇਗਾ। ਉਨ੍ਹਾਂ ਕਿਹਾ, “ਸਾਡੀ ਇੱਕ ਯੋਜਨਾ ਹੈ ਜਿਸ ਤਹਿਤ ਮੰਗਲਵਾਰ ਰਾਤ 12 ਵਜੇ ਤੱਕ ਇਰਾਨ ਦਾ ਹਰ ਪੁਲ ਤਬਾਹ ਹੋ ਜਾਵੇਗਾ ਅਤੇ ਹਰ ਪਾਵਰ ਪਲਾਂਟ ਕੰਮ ਤੋਂ ਬਾਹਰ ਹੋ ਜਾਵੇਗਾ, ਜੋ ਕਦੇ ਵੀ ਵਰਤੋਂ ਵਿਚ ਨਹੀਂ ਆਵੇਗਾ। ਇਹ ਸਿਰਫ਼ ਚਾਰ ਘੰਟਿਆਂ ਵਿਚ ਹੋ ਸਕਦਾ ਹੈ।”
ਇਰਾਨ ਵਿਚ 13,000 ਤੋਂ ਵੱਧ ਟਿਕਾਣਿਆਂ ਉੱਤੇ ਹਮਲੇ ਕੀਤੇ
ਟਰੰਪ ਨੇ ਇਰਾਨ ਵਿਚ ਚੱਲ ਰਹੀ ਜੰਗ ਬਾਰੇ ਵੀ ਵਿਸਥਾਰ ਨਾਲ ਦੱਸਿਆ। ਉਨ੍ਹਾਂ ਕਿਹਾ ਕਿ ਪਿਛਲੇ 37 ਦਿਨਾਂ ਵਿਚ ਅਮਰੀਕਾ ਨੇ ਇਰਾਨ ਵਿਚ 13,000 ਤੋਂ ਵੱਧ ਟਿਕਾਣਿਆਂ ਉੱਤੇ ਹਮਲੇ ਕੀਤੇ ਹਨ ਅਤੇ 10,000 ਤੋਂ ਵੱਧ ਲੜਾਕੂ ਉਡਾਣਾਂ ਭਰੀਆਂ ਹਨ।
ਟਰੰਪ ਨੇ ਕਿਹਾ – ਬਚਾਅ ਮਿਸ਼ਨ ਦੌਰਾਨ ਦੁਸ਼ਮਣ ਨੂੰ ਧੋਖਾ ਦਿੱਤਾ ਗਿਆ।
ਇਸ ਦੌਰਾਨ ਇੱਕ ਅਮਰੀਕੀ F-15 ਲੜਾਕੂ ਜਹਾਜ਼ ਇਰਾਨ ਵਿਚ ਡੇਗਿਆ ਗਿਆ ਸੀ। ਟਰੰਪ ਨੇ ਇਸ ਘਟਨਾ ਨੂੰ ਮੰਨਦਿਆਂ ਕਿਹਾ ਕਿ ਇਹ ਦੁਸ਼ਮਣ ਦੀ ਖੁਸ਼ਕਿਸਮਤੀ ਸੀ। ਉਨ੍ਹਾਂ ਇਸ ਜਹਾਜ਼ ਵਿਚ ਸਵਾਰ ਜ਼ਖਮੀ ਅਧਿਕਾਰੀ ਦੀ ਬਹਾਦਰੀ ਦੀ ਖਾਸ ਤੌਰ ਤੇ ਤਾਰੀਫ਼ ਕੀਤੀ। ਉਨ੍ਹਾਂ ਦੱਸਿਆ ਕਿ ਜਹਾਜ਼ ਡੇਗਣ ਤੋਂ ਬਾਅਦ ਉਹ ਅਧਿਕਾਰੀ ਗੰਭੀਰ ਰੂਪ ਵਿਚ ਜ਼ਖਮੀ ਹੋਣ ਦੇ ਬਾਵਜੂਦ ਪਹਾੜੀ ਇਲਾਕੇ ਵਿਚ ਲਗਭਗ 48 ਘੰਟੇ ਤੱਕ ਲੁਕ ਕੇ ਰਿਹਾ, ਖੂਨ ਵਹਿੰਦਾ ਰਿਹਾ ਫਿਰ ਵੀ ਉਸ ਨੇ ਹਿੰਮਤ ਨਾ ਹਾਰੀ ਅਤੇ ਦੁਸ਼ਮਣ ਤੋਂ ਬਚਦਾ ਰਿਹਾ। ਬਾਅਦ ਵਿਚ ਉਸ ਨੂੰ ਹੈਲੀਕਾਪਟਰ ਰਾਹੀਂ ਸੁਰੱਖਿਅਤ ਬਾਹਰ ਕੱਢਿਆ ਗਿਆ।
❌ US President Donald Trump says that if no deal is achieved, dark times wait Iran:
“We have a plan, because of the power of our military, where every bridge in Iran will be decimated by 12 o’clock tomorrow night, where every power plant in Iran will be out of business..… pic.twitter.com/sosfNevXAl— The Daily News (@DailyNewsJustIn) April 6, 2026
ਟਰੰਪ ਨੇ ਇਸ ਬਚਾਅ ਆਪ੍ਰੇਸ਼ਨ ਨੂੰ “ਇਤਿਹਾਸਕ” ਅਤੇ “ਹਾਲ ਹੀ ਦੇ ਦਹਾਕਿਆਂ ਵਿਚੋਂ ਸਭ ਤੋਂ ਖਤਰਨਾਕ” ਦੱਸਿਆ। ਉਨ੍ਹਾਂ ਕਿਹਾ ਕਿ ਇੱਕ ਜਾਂ ਦੋ ਪਾਇਲਟਾਂ ਨੂੰ ਬਚਾਉਣ ਲਈ ਅਮਰੀਕਾ ਨੇ 100 ਤੋਂ ਵੱਧ ਜਾਨਾਂ ਜੋਖਮ ਵਿਚ ਪਾਈਆਂ ਸਨ। ਇਸ ਆਪ੍ਰੇਸ਼ਨ ਵਿਚ ਦੋ ਵੱਖ-ਵੱਖ ਬਚਾਅ ਮਿਸ਼ਨ ਚਲਾਏ ਗਏ। ਪਹਿਲੇ ਵਿਚ 21 ਜਹਾਜ਼ ਅਤੇ ਦੂਜੇ ਵਿਚ ਕੁੱਲ 155 ਅਮਰੀਕੀ ਜਹਾਜ਼ ਸ਼ਾਮਲ ਸਨ, ਜਿਨ੍ਹਾਂ ਵਿਚ ਲੜਾਕੂ ਜਹਾਜ਼, ਬੰਬਾਰ, ਰਿਫਿਊਲਿੰਗ ਟੈਂਕਰ ਅਤੇ ਬਚਾਅ ਜਹਾਜ਼ ਸ਼ਾਮਲ ਸਨ। ਇਸ ਆਪ੍ਰੇਸ਼ਨ ਵਿਚ ਧੋਖਾਧੜੀ ਵਾਲੀਆਂ ਰਣਨੀਤੀਆਂ ਵੀ ਵਰਤੀਆਂ ਗਈਆਂ ਤਾਂ ਜੋ ਦੁਸ਼ਮਣ ਨੂੰ ਉਲਝਾਇਆ ਜਾ ਸਕੇ।
ਟਰੰਪ ਨੇ ਇਹ ਵੀ ਕਿਹਾ ਕਿ ਇਰਾਨ ਵਿਚ ਫਸੇ ਅਮਰੀਕੀ ਸੈਨਿਕਾਂ ਨੂੰ ਬਚਾਉਣ ਲਈ ਇਹ ਆਪ੍ਰੇਸ਼ਨ ਕਈ ਘੰਟੇ ਅਤੇ ਕਈ ਵਾਰ ਦਿਨ-ਦਿਹਾੜੇ ਚੱਲਿਆ। ਪੂਰੇ ਆਪ੍ਰੇਸ਼ਨ ਵਿਚ ਅਮਰੀਕੀ ਫੌਜ ਵੱਲੋਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ। ਉਨ੍ਹਾਂ ਲੀਕਰਾਂ ਨੂੰ ਵੀ ਧਮਕੀ ਦਿੱਤੀ ਕਿ ਇਰਾਨ ਵਿਚ ਫਸੇ ਪਾਇਲਟ ਬਾਰੇ ਖ਼ਬਰ ਲੀਕ ਕਰਨ ਵਾਲੇ ਵਿਅਕਤੀ ਨੂੰ ਲੱਭ ਲਿਆ ਜਾਵੇਗਾ ਅਤੇ ਜ਼ਰੂਰੀ ਹੋਇਆ ਤਾਂ ਮੀਡੀਆ ਕੰਪਨੀ ਉੱਤੇ ਵੀ ਕਾਰਵਾਈ ਹੋ ਸਕਦੀ ਹੈ।
ਟਰੰਪ ਨੇ ਇਰਾਨ ਉੱਤੇ ਲਗਾਤਾਰ ਦਬਾਅ ਬਣਾਈ ਰੱਖਣ ਦਾ ਸੰਕਲਪ ਦੁਹਰਾਇਆ ਅਤੇ ਕਿਹਾ ਕਿ ਅਮਰੀਕਾ ਆਪਣੇ ਬਹਾਦਰ ਸੈਨਿਕਾਂ ਨੂੰ ਸੁਰੱਖਿਅਤ ਘਰ ਵਾਪਸ ਲਿਆਉਣ ਲਈ ਜੋ ਵੀ ਜ਼ਰੂਰੀ ਹੋਵੇਗਾ ਉਹ ਕਰੇਗਾ। ਉਨ੍ਹਾਂ ਇਸ ਪੂਰੀ ਘਟਨਾ ਨੂੰ ਅਮਰੀਕੀ ਫੌਜ ਦੀ ਤਾਕਤ ਅਤੇ ਯੋਜਨਾਬੰਦੀ ਦਾ ਉਦਾਹਰਣ ਦੱਸਿਆ।

