ਬਿਊਰੋ ਰਿਪੋਰਟ (28 ਫਰਵਰੀ, 2026): ਪੱਛਮੀ ਏਸ਼ੀਆ ਵਿੱਚ ਹਾਲਾਤ ਕਾਬੂ ਤੋਂ ਬਾਹਰ ਹੋ ਗਏ ਹਨ। ਇਜ਼ਰਾਈਲ ਅਤੇ ਅਮਰੀਕਾ ਵੱਲੋਂ ਇਰਾਨ ’ਤੇ ਕੀਤੇ ਗਏ ਸਾਂਝੇ ਹਮਲੇ ਵਿੱਚ ਦੱਖਣੀ ਇਰਾਨ ਵਿੱਚ 40 ਵਿਦਿਆਰਥਣਾਂ ਦੀ ਮੌਤ ਹੋ ਗਈ ਹੈ ਅਤੇ 45 ਹੋਰ ਜ਼ਖ਼ਮੀ ਹਨ। ਇਸ ਕਾਰਵਾਈ ਨੂੰ ਇਜ਼ਰਾਈਲ ਨੇ ‘ਲਿਓਨਸ ਰੋਰ’ (ਸ਼ੇਰ ਦੀ ਦਹਾੜ) ਦਾ ਨਾਂ ਦਿੱਤਾ ਹੈ। ਹਮਲੇ ਵਿੱਚ ਇਰਾਨ ਦੇ ਖ਼ੁਫ਼ੀਆ ਮੰਤਰਾਲੇ, ਰੱਖਿਆ ਮੰਤਰਾਲੇ ਅਤੇ ਪਰਮਾਣੂ ਊਰਜਾ ਸੰਗਠਨ ਨੂੰ ਨਿਸ਼ਾਨਾ ਬਣਾਇਆ ਗਿਆ ਹੈ।
ਈਰਾਨ ਦਾ ਵੱਡਾ ਪਲਟਵਾਰ
ਹਮਲੇ ਦੇ ਜਵਾਬ ਵਿੱਚ ਇਰਾਨ ਨੇ ਵੀ ਭਿਆਨਕ ਜਵਾਬੀ ਕਾਰਵਾਈ ਕੀਤੀ ਹੈ। ਇਰਾਨ ਨੇ ਇਜ਼ਰਾਈਲ ’ਤੇ ਕਰੀਬ 400 ਮਿਸਾਈਲਾਂ ਦਾਗ਼ੀਆਂ ਹਨ। ਇਸ ਤੋਂ ਇਲਾਵਾ ਇਰਾਨ ਨੇ ਕੁਵੈਤ, ਕਤਰ, ਬਹਿਰੀਨ ਤੇ ਸਊਦੀ ਅਰਬ ਵਿੱਚ ਮੌਜੂਦ ਅਮਰੀਕੀ ਫ਼ੌਜੀ ਅੱਡਿਆਂ ਨੂੰ ਵੀ ਨਿਸ਼ਾਨਾ ਬਣਾਇਆ ਹੈ। ਹੈਰਾਨੀਜਨਕ ਗੱਲ ਇਹ ਹੈ ਕਿ ਇਰਾਨ ਨੇ ਯੂਏਈ ਦੇ ਸਭ ਤੋਂ ਵੱਧ ਆਬਾਦੀ ਵਾਲੇ ਸ਼ਹਿਰ ਦੁਬਈ ’ਤੇ ਵੀ ਹਮਲਾ ਕੀਤਾ ਹੈ।
ਟਰੰਪ ਦੀ ਚਿਤਾਵਨੀ ਅਤੇ ਜੰਗੀ ਮਾਹੌਲ
ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਇਸ ਕਾਰਵਾਈ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਇਸ ਦਾ ਮਕਸਦ ਇਰਾਨ ਦੇ ਮਿਸਾਈਲ ਪ੍ਰੋਗਰਾਮ ਨੂੰ ਖ਼ਤਮ ਕਰਨਾ ਅਤੇ ਅਮਰੀਕੀ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਬਣਾਉਣਾ ਹੈ। ਇਹ ਹਮਲਾ ਅਜਿਹੇ ਸਮੇਂ ਹੋਇਆ ਹੈ ਜਦੋਂ ਦੋਵਾਂ ਦੇਸ਼ਾਂ ਵਿਚਾਲੇ ਪਰਮਾਣੂ ਹਥਿਆਰਾਂ ਨੂੰ ਲੈ ਕੇ ਗੱਲਬਾਤ ਚੱਲ ਰਹੀ ਸੀ। ਸੁਪਰੀਮ ਲੀਡਰ ਖ਼ਾਮੇਨੇਈ ਦੇ ਦਫ਼ਤਰ ’ਤੇ ਹੋਏ ਹਮਲੇ ਤੋਂ ਬਾਅਦ ਉਨ੍ਹਾਂ ਨੂੰ ਕਿਸੇ ਗੁਪਤ ਥਾਂ ’ਤੇ ਭੇਜ ਦਿੱਤਾ ਗਿਆ ਹੈ।

