The Khalas Tv Blog Punjab ਹੁਣ ਘਰ ਬੈਠੇ ਹੀ ਪੁਰਾਣੇ ਡਰਾਈਵਿੰਗ ਲਾਇਸੰਸ ਨੂੰ ਕਰੋ ਅੱਪਗ੍ਰੇਡ, ਜਾਣੋ ਤਰੀਕਾ
Punjab

ਹੁਣ ਘਰ ਬੈਠੇ ਹੀ ਪੁਰਾਣੇ ਡਰਾਈਵਿੰਗ ਲਾਇਸੰਸ ਨੂੰ ਕਰੋ ਅੱਪਗ੍ਰੇਡ, ਜਾਣੋ ਤਰੀਕਾ

‘ਦ ਖ਼ਾਲਸ ਬਿਊਰੋ ( ਚੰਡੀਗੜ੍ਹ ) :- ਕੈਪਟਰ ਸਰਕਾਰ ਨੇ ਸੂਬੇ ‘ਚ ਡਰਾਈਵਿੰਗ ਲਾਇਸੰਸ ਸਬੰਧੀ ਇੱਕ ਵਿਸ਼ੇਸ਼ ਮੁਹਿੰਮ ਸ਼ੁਰੂ ਕੀਤੀ ਹੈ। ਜਿਸ ਦੇ ਤਹਿਤ ਪੁਰਾਣੇ ਤਰੀਕੇ ਨਾਲ ਬਣੇ ਹੋਏ ਡਰਾਈਵਿੰਗ ਲਾਇਸੰਸ ਨੂੰ ਅੱਪਗ੍ਰੇਡ ਕਰਾ ਕੇ ਡਿਜ਼ੀਟਲ ਡਰਾਈਵਿੰਗ ਲਾਇਸੰਸ ਬਣਾ ਸਕਦੇ ਹਨ, ਅਤੇ ਲੋਕਾਂ ਨੂੰ ਘਰਾਂ ‘ਚੋਂ ਜਾਂ ਕਿਸੇ ਵੀ ਸਥਾਨ ਤੋਂ ਆਨਲਾਈਨ ਅਪਲਾਈ ਕਰਕੇ ਡਿਜ਼ੀਟਲ ਡਰਾਈਵਿੰਗ ਲਾਇਸੰਸ ਪ੍ਰਾਪਤ ਕਰਨ ਦੀ ਸਹੂਲਤ ਦਿੱਤੀ ਗਈ ਹੈ।

ਸਟੇਟ ਟਰਾਂਸਪੋਰਟ ਕਮਿਸਨਰ ਡਾ. ਅਮਰਪਾਲ ਸਿੰਘ ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਨਤਕ ਮੈਨੂਅਲ ਡਰਾਈਵਿੰਗ ਲਾਇਸੰਸ ਧਾਰਕਾਂ ਨੂੰ ‘ਸਾਰਥੀ ਵੈੱਬ ਐਪਲੀਕੇਸ਼ਨ’ ‘ਤੇ ਮਿਲਣ ਵਾਲੀਆਂ ਸਾਰੀਆਂ ਸੇਵਾਵਾਂ ਹਾਸਲ ਨਹੀਂ ਹੁੰਦੀਆਂ ਹਨ ਅਤੇ ਅਜਿਹੇ ਲਾਇਸੰਸਾਂ ਨੂੰ ਤਸਦੀਕ ਕਰਨ ਸਮੇਂ ਵੀ ਮੁਸ਼ਕਿਲ ਆਉਂਦੀ ਸੀ। ਉਨ੍ਹਾਂ ਦੱਸਿਆ ਕਿ ਇਨ੍ਹਾਂ ਦਿੱਕਤਾਂ ਨੂੰ ਦੂਰ ਕਰਨ ਲਈ ਅਤੇ ਮੈਨੂਅਲ ਡਰਾਈਵਿੰਗ ਲਾਇਸੰਸ ਧਾਰਕਾਂ ਨੂੰ ਆਪਣੇ ਲਾਇਸੰਸ ਡਿਜ਼ੀਟਲ ਅੱਪਗ੍ਰੇਡ ਕਰਨ ਲਈ ਟਰਾਂਸਪੋਰਟ ਵਿਭਾਗ ਵੱਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ। ਉਨ੍ਹਾਂ ਕਿਹਾ ਕਿ ਪੁਰਾਣੇ ਤਰੀਕੇ ਨਾਲ ਦਸਤੀ ਰੂਪ ਵਿੱਚ ਕਾਪੀਆਂ ‘ਤੇ ਬਣੇ ਜਾਂ ਬਿਨਾਂ ਚਿੱਪ ਤੋਂ ਪ੍ਰਿੰਟਿਡ ਡਰਾਈਵਿੰਗ ਲਾਇਸੰਸਾਂ ਨੂੰ ਹੁਣ ‘ਸਾਰਥੀ ਵੈੱਬ ਐਪਲੀਕੇਸ਼ਨ’ ਜ਼ਰੀਏ ਅੱਪਗ੍ਰੇਡ ਕੀਤਾ ਜਾ ਸਕਦਾ ਹੈ। ਜ਼ਿਕਰਯੋਗ ਹੈ ਕਿ ‘ਵਾਹਨ ਅਤੇ ਸਾਰਥੀ ਐਪਲੀਕੇਸ਼ਨਾਂ’ ਦੇ ਲਾਗੂ ਹੋਣ ਤੋਂ ਪਹਿਲਾਂ ਡਰਾਈਵਿੰਗ ਲਾਇਸੰਸ ਹੱਥੀਂ ਜਾਰੀ ਕੀਤੇ ਜਾ ਰਹੇ ਸਨ।

ਡਾ. ਅਮਰਪਾਲ ਨੇ ਕਿਹਾ ਕਿ ਪਹਿਲਾਂ ਲਾਇਸੰਸ ਪ੍ਰਾਪਤ ਕਰਨ ਲਈ ਸਬੰਧਤ ਰਜਿਸਟਰਿੰਗ ਅਥਾਰਟੀ ਦਫ਼ਤਰ ਜਾਣਾ ਪੈਂਦਾ ਸੀ ਅਤੇ ਬਿਨੈਕਾਰ ਨੂੰ ਬਿਨੈਪੱਤਰ ਅਤੇ ਦਸਤਾਵੇਜਾਂ ਨਾਲ ਕਈ ਵਾਰ ਦਫ਼ਤਰਾਂ ਵਿੱਚ ਗੇੜੇ ਮਾਰਨੇ ਪੈਂਦੇ ਸਨ। ਇਸ ਨਾਲ ਲੋਕਾਂ ਨੂੰ ਬਹੁਤ ਸਾਰੀਆਂ ਮੁਸ਼ਕਿਲਾਂ ਪੇਸ਼ ਆਉਂਦੀਆਂ ਸਨ ਅਤੇ ਕਈ ਵਾਰੀ ਉਨ੍ਹਾਂ ਦਾ ਵਿੱਤੀ ਸ਼ੋਸ਼ਣ ਵੀ ਹੁੰਦਾ ਸੀ।

ਅਜਿਹੀਆਂ ਮੁਸ਼ਕਲਾਂ ਨਾਲ ਨਜਿੱਠਣ ਤੇ ਲੋਕਾਂ ਦੀ ਸਹੂਲਤ ਲਈ ਸਾਰਥੀ ਡਾਟਾ ਬੇਸ ਵਿੱਚ ਡਰਾਈਵਿੰਗ ਲਾਇਸੰਸਾਂ ਨੂੰ ਅਪਡੇਟ ਕਰਨ ਲਈ ਹੀ ਵਿਸ਼ੇਸ ਮੁਹਿੰਮ ਸ਼ੁਰੂ ਕੀਤੀ ਗਈ ਹੈ। ਸਾਰਥੀ ਵੈੱਬ ਐਪਲੀਕੇਸ਼ਨ ਵਿੱਚ ਨਵੀਂ ਵਿਵਸਥਾ ਸ਼ੁਰੂ ਹੋਣ ਨਾਲ ਬਿਨੈਕਾਰ ਕਿਸੇ ਵੀ ਤਰ੍ਹਾਂ ਦੀ ਤਬਦੀਲੀ ਲਈ ਘਰ ਤੋਂ ਹੀ ਅਪਲਾਈ ਕਰ ਸਕਦਾ ਹੈ ਅਤੇ ਸਬੰਧਤ ਅਥਾਰਟੀ ਵੱਲੋਂ ਤਸਦੀਕ ਕਰਨ ਅਤੇ ਪ੍ਰਵਾਨਗੀ ਤੋਂ ਬਾਅਦ ਆਪਣੇ ਵੇਰਵਿਆਂ ਨੂੰ ਡਾਟਾ ਬੇਸ ‘ਤੇ ਆਨਲਾਈਨ ਰਜਿਸਟਰ ਕਰਵਾ ਸਕਦਾ ਹੈ।

ਉਨ੍ਹਾਂ ਦੱਸਿਆ ਕਿ ਸਾਰਥੀ ਵੈੱਬ ਐਪਲੀਕੇਸ਼ਨ ਵਿੱਚ ਅਪਲਾਈ ਕਰਨ ਲਈ ਡਰਾਈਵਿੰਗ ਲਾਇਸੰਸ ਧਾਰਕਾਂ ਨੂੰ www.sarathi.parivahan.gov.in ਜਾਂ ਮੋਬਾਈਲ ਐਪ ਐਮਪਰਿਵਾਹਨ ‘ਤੇ ਜਾ ਕੇ ਇਹ ਵੇਖਣਾ ਪਵੇਗਾ ਕਿ ਉਸ ਦਾ ਵੇਰਵਾ ਸਾਰਥੀ ਐਪ ਵਿੱਚ ਉਪਲਬਧ ਹੈ ਜਾਂ ਨਹੀਂ, ਜੇ ਬਿਨੈਕਾਰ ਦੇ ਵੇਰਵੇ ਸਾਰਥੀ ਡਾਟਾਬੇਸ ਵਿੱਚ ਨਹੀਂ ਹਨ ਤਾਂ ਬਿਨੈਕਾਰ  www.punjabtransport.org  ਜਾਂ  www.sarathi.parivahan.gov.in ‘ਤੇ ਜਾ ਕੇ ਵੇਰਵੇ ਅੱਪਡੇਟ ਕਰ ਸਕੇਗਾ ਅਤੇ ਲੋੜੀਂਦੇ ਦਸਤਾਵੇਜਾਂ ਨਾਲ ਆਪਣੇ ਮੈਨੂਅਲ ਡਰਾਈਵਿੰਗ ਲਾਇਸੰਸ ਦੀ ਸਕੈਨ ਕਾਪੀ ਜਮ੍ਹਾਂ ਕਰੇਗਾ।

ਡਾ. ਅਮਰਪਾਲ ਸਿੰਘ ਨੇ ਕਿਹਾ ਕਿ ਸਬੰਧਤ ਕਲਰਕ ਬਿਨੈਕਾਰ ਵੱਲੋਂ ਅੱਪਲੋਡ ਕੀਤੇ ਦਸਤਾਵੇਜਾਂ ਦੀ ਤਸਦੀਕ ਕਰੇਗਾ ਅਤੇ ਇਸ ਨੂੰ ਮੰਜ਼ੂਰੀ ਲਈ ਲਾਇਸੰਸਿੰਗ ਤੇ ਰਜਿਸਟਰਿੰਗ ਅਥਾਰਟੀ ਨੂੰ ਭੇਜੇਗਾ। ਡਿਜ਼ੀਟਲ ਫਾਈਲ ਅਤੇ ਨੱਥੀ ਕੀਤੇ ਰਿਕਾਰਡ ਦੇ ਅਧਾਰ ‘ਤੇ ਸਬੰਧਤ ਅਥਾਰਟੀ ਤੁਰੰਤ ਬਿਨੈਪੱਤਰ ਨੂੰ ਮੰਜ਼ੂਰ ਜਾਂ ਨਾ-ਮੰਜ਼ੂਰ ਕਰੇਗਾ। ਇੱਕ ਵਾਰ ਬਿਨੈਪੱਤਰ ਨੂੰ ਪ੍ਰਵਾਨਗੀ ਮਿਲਣ ਬਾਅਦ ਲਾਇਸੰਸ ਧਾਰਕ ਐਮਪਰਿਵਾਹਨ ਮੋਬਾਈਲ ਐਪ ਜਾਂ ਡਿਜੀਲਾਕਰ ਵਿੱਚ ਡਰਾਈਵਿੰਗ ਲਾਇਸੰਸ ਡਾਊਨਲੋਡ ਕਰਨ ਯੋਗ ਹੋ ਜਾਵੇਗਾ। ਬਿਨੈਕਾਰ ਨੂੰ ਸਮਾਰਟ ਕਾਰਡ ਡਰਾਇਵਿੰਗ ਲਾਇਸੰਸ ਵੀ ਜਾਰੀ ਕੀਤਾ ਜਾਵੇਗਾ।

ਉਨ੍ਹਾਂ ਦੱਸਿਆ ਕਿ ਡੀਲਿੰਗ ਕਲਰਕ ਤੋਂ ਲੌਗਇਨ ਆਈ.ਡੀਜ਼. ਵਿੱਚ ਡਾਟਾਬੇਸ ‘ਚ ਸੋਧ ਕਰਨ ਦੀ ਅਥਾਰਟੀ ਲੈ ਲਈ ਗਈ ਹੈ ਤਾਂ ਜੋ ਇਹ ਸੁਨਿਸਚਿਤ ਕੀਤਾ ਜਾ ਸਕੇ ਕਿ ਅੰਕੜਿਆਂ ਵਿੱਚ ਕੋਈ ਫੇਰਬਦਲ ਨਾ ਕੀਤਾ ਜਾ ਸਕੇ। ਸਾਰਥੀ ਦੇ ਇਸ ਮੋਡੀਊਲ ਦੇ ਲਾਗੂ ਹੋਣ ਨਾਲ ਬਿਨੈਕਾਰ ਨੂੰ ਸਿਰਫ਼ ਇੱਕ ਵਾਰ ਬਾਇਓਮੈਟ੍ਰਿਕ (ਫੋਟੋਗ੍ਰਾਫ਼ ਅਤੇ ਦਸਤਖ਼ਤਾਂ) ਲਈ ਹੀ ਰਜਿਸਟਰਿੰਗ ਅਥਾਰਟੀ ਦਫ਼ਤਰ ਜਾਣਾ ਪੈਂਦਾ ਹੈ। ਸਾਰੀ ਪ੍ਰਕਿਰਿਆ ਨੂੰ ਮੁਕੰਮਲ ਹੋਣ ਵਿੱਚ 14 ਦਿਨਾਂ ਤੋਂ ਵੱਧ ਸਮਾਂ ਨਹੀਂ ਲੱਗੇਗਾ।

ਇਹ ਮੁਹਿੰਮ ਵਿਭਾਗ ਨੂੰ ਆਪਣੇ ਡਿਜੀਟਲਾਈਜਡ ਡਾਟਾ ਬੇਸ ਨੂੰ ਬਿਹਤਰ ਬਣਾਉਣ, ਨਕਲੀ ਡਰਾਈਵਿੰਗ ਲਾਇਸੰਸਾਂ ਨੂੰ ਖ਼ਤਮ ਕਰਨ ਅਤੇ ਜਨਤਾ ਲਈ ਸੇਵਾਵਾਂ ਦੀ ਉਪਲੱਬਧਤਾ ਨੂੰ ਸੁਖਾਲਾ ਬਣਾਉਣ ਵਿੱਚ ਸਹਾਇਤਾ ਕਰੇਗੀ। ਜ਼ਿਕਰਯੋਗ ਹੈ ਕਿ ਵਾਹਨ ਤੇ ਸਾਰਥੀ ਵੈੱਬ ਐਪਲੀਕੇਸਨ (ਜੋ ਸੜਕ ਆਵਾਜਾਈ ਰਾਜਮਾਰਗ ਮੰਤਰਾਲੇ, ਭਾਰਤ ਸਰਕਾਰ ਦੀ ਅਗਵਾਈ ਹੇਠ ਐਨ.ਆਈ.ਸੀ. ਵਲੋਂ ਤਿਆਰ ਕੀਤੀ ਗਈ ਹੈ) ਦੀ ਵਰਤੋਂ ਸੂਬੇ ਵਿੱਚ ਡਰਾਈਵਿੰਗ ਲਾਇਸੰਸ ਅਤੇ ਰਜਿਸਟ੍ਰੇਸਨ ਸਰਟੀਫਿਕੇਟ ਨਾਲ ਸੰਬੰਧਤ ਸੇਵਾਵਾਂ ਪ੍ਰਦਾਨ ਕਰਨ ਲਈ ਕੀਤੀ ਜਾ ਰਹੀ ਹੈ।”

Exit mobile version