‘ਦ ਖ਼ਾਲਸ ਬਿਊਰੋ : ਪੰਜਾਬ, ਹਰਿਆਣਾ ਤੇ ਹਿਮਾਚਲ ਪ੍ਰਦੇਸ਼ ਸਮੇਤ ਦੇਸ਼ ਭਰ ਦੇ ਪਿੰਡਾਂ ’ਚ ਮਾਹਿਰ ਡਾਕਟਰਾਂ ਦੀ ਵੱਡੀ ਘਾਟ ਹੈ, ਜਿਸ ਕਰਕੇ ਦਿਹਾਤੀ ਖੇਤਰ ’ਚ ਸਿਹਤ ਸੇਵਾਵਾਂ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੀਆਂ ਹਨ। ਕੇਂਦਰ ਸਰਕਾਰ ਤੋਂ ਮਿਲੇ ਅੰਕੜਿਆਂ ਅਨੁਸਾਰ ਦੇਸ਼ ਦੇ ਪਿੰਡਾਂ ’ਚ ਇਸ ਸਮੇਂ 79.5 ਫੀਸਦ ਤੱਕ ਮਾਹਿਰ ਡਾਕਟਰ ਘੱਟ ਹਨ ਤੇ ਇਹ ਕਮੀ ਹੁਣ ਤੱਕ ਦੀ ਸਭ ਤੋਂ ਵੱਡੀ ਕਮੀ ਹੈ।
ਪ੍ਰਾਪਤ ਅੰਕੜਿਆਂ ਅਨੁਸਾਰ ਭਾਰਤ ਦੇ ਪਿੰਡਾਂ ’ਚ 21 ਹਜ਼ਾਰ 920 ਮਾਹਿਰ ਡਾਕਟਰਾਂ ਦੀ ਲੋੜ ਹੈ ਪਰ ਇਨ੍ਹਾਂ ਪਿੰਡਾਂ ’ਚ ਇਸ ਸਮੇਂ 4 ਹਜ਼ਾਰ 485 ਡਾਕਟਰ ਤਾਇਨਾਤ ਹਨ ਤੇ 17 ਹਜ਼ਾਰ 435 ਮਾਹਿਰ ਡਾਕਟਰ ਘੱਟ ਹਨ। ਪੰਜਾਬ ਦੇ ਪਿੰਡਾਂ ’ਚ 600 ਮਾਹਿਰ ਡਾਕਟਰਾਂ ਦੀ ਜ਼ਰੂਰਤ ਹੈ ਜਦਕਿ ਇੱਥੇ 151 ਡਾਕਟਰ ਹੀ ਹਨ। ਇਸ ਤਰ੍ਹਾਂ ਇੱਥੇ 449 ਹੋਰ ਮਾਹਿਰ ਡਾਕਟਰਾਂ ਦੀ ਜ਼ਰੂਰਤ ਹੈ। ਇਸੇ ਤਰ੍ਹਾਂ ਹਰਿਆਣਾ ’ਚ ਜ਼ਰੂਰਤ 516 ਮਾਹਿਰ ਡਾਕਟਰਾਂ ਦੀ ਹੈ ਪਰ ਇੱਥੇ 33 ਹੀ ਹਨ। ਹਿਮਾਚਲ ਪ੍ਰਦੇਸ਼ ’ਚ ਜ਼ਰੂਰਤ 372 ਦੀ ਪਰ ਇੱਥੇ 18 ਮਾਹਿਰ ਡਾਕਟਰ ਹਨ।