‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਹਰਿਆਣਾ ਦੇ ਕਿਸਾਨ ਲੀਡਰ ਗੁਰਨਾਮ ਸਿੰਘ ਚੜੂਨੀ ਨੇ ਕੱਲ੍ਹ ਕਿਸਾਨ ਮੋਰਚੇ ਨੂੰ 6 ਮਹੀਨੇ ਪੂਰੇ ਹੋਣ ‘ਤੇ ਅਤੇ ਮੋਦੀ ਸਰਕਾਰ ਦੇ ਖਿਲਾਫ ਸਾਰੇ ਦੇਸ਼ ਵਾਸੀਆਂ ਨੂੰ ਵਿਰੋਧ ਪ੍ਰਦਰਸ਼ਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਸਾਰੇ ਲੋਕਾਂ ਨੂੰ ਆਪਣੇ-ਆਪਣੇ ਘਰਾਂ, ਵਹੀਕਲਾਂ ‘ਤੇ ਕਾਲੇ ਝੰਡੇ ਲਾ ਕੇ ਮੋਦੀ ਸਰਕਾਰ ਦਾ ਵਿਰੋਧ ਕਰਨ ਦੀ ਅਪੀਲ ਕੀਤੀ ਹੈ। ਚੜੂਨੀ ਨੇ ਕਿਹਾ ਕਿ ਕੱਲ੍ਹ ਮੋਦੀ ਸਰਕਾਰ ਦੇ ਪੁਤਲੇ ਫੂਕਣ ਤੋਂ ਪਹਿਲਾਂ ਮੋਦੀ ਦੇ ਪੁਤਲੇ ਦਾ ਮੂੰਹ ਕਾਲਾ ਕਰਕੇ ਫੂਕਿਆ ਜਾਵੇ।
ਚੜੂਨੀ ਨੇ ਕਿਹਾ ਕਿ ਕੱਲ੍ਹ ਬੁੱਧ ਪੂਰਨਿਮਾ ਵੀ ਹੈ। ਇਸ ਲਈ ਕੱਲ੍ਹ ਦੇ ਦਿਨ ਨੂੰ ਅਸੀਂ ਕਾਲਾ ਦਿਵਸ ਨਹੀਂ ਕਹਾਂਗੇ। ਮੇਰੀ ਸਾਰਿਆਂ ਨੂੰ ਅਪੀਲ ਹੈ ਕਿ ਉਹ ਕੱਲ੍ਹ ਮੋਦੀ ਸਰਕਾਰ ਖਿਲਾਫ ਮਨਾਏ ਜਾ ਰਹੇ ਵਿਰੋਧ ਦਿਵਸ ਨੂੰ ਕਾਲਾ ਦਿਵਸ ਨਾ ਕਹਿਣ ਕਿਉਂਕਿ ਕੱਲ੍ਹ ਬੁੱਧ ਪੂਰਨਿਮਾ ਦਾ ਦਿਹਾੜਾ ਵੀ ਹੈ। ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੇ, ਅਸੀਂ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਹਾਂ।