ਬਿਉਰੋ ਰਿਪੋਰਟ – ਕੇਂਦਰੀ ਮੰਤਰੀ ਪੀਯੂਸ਼ ਗੋਇਲ (Union Minister Piyush Goyal) ਨੇ ਸ਼ੰਭੂ ਅਤੇ ਖਨੌਰੀ ਬਾਰਡਰ ’ਤੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਨੂੰ ਗੱਲਬਾਤ ਦਾ ਸੱਦਾ ਦਿੱਤਾ ਹੈ। ਉਨ੍ਹਾਂ ਕਿਹਾ ਸਾਡੇ ਦਰਵਾਜ਼ੇ ਕਿਸਾਨਾਂ ਨਾਲ ਗੱਲਬਾਤ ਲਈ ਹਮੇਸ਼ਾ ਖੁੱਲ੍ਹੇ ਹਨ। ਜਦੋਂ ਗੋਇਲ ਨੂੰ ਪੁੱਛਿਆ ਗਿਆ ਕਿ ਕਿਸਾਨਾਂ ਵੱਲੋਂ ਘੱਟੋ-ਘੱਟ ਸਮਰਥਨ ਮੁੱਲ ਦੀ ਕਾਨੂੰਨੀ ਮੰਗ ਦੀ ਜਿਹੜੀ ਸ਼ਰਤ ਹੈ ਇਸ ਦੌਰਾਨ ਗੱਲਬਾਤ ਹੋ ਸਕਦੀ ਹੈ ਤਾਂ ਕੇਂਦਰੀ ਮੰਤਰੀ ਗੋਇਲ ਨੇ ਕਿਹਾ ਮੈਨੂੰ ਉਮੀਦ ਹੈ ਕਿ ਉਹ ਸਾਡੇ ਸੱਦੇ ਨੂੰ ਸਵੀਕਾਰ ਕਰਨਗੇ।
ਕੇਂਦਰੀ ਮੰਤਰੀ ਪੀਯੂਸ਼ ਗੋਇਲ ਨੇ ਕਿਹਾ ਸਰਕਾਰ ਨੇ ਕੁਦਰਤੀ ਖੇਤੀ ਨੂੰ ਵਧਾਵਾ ਦੇਣ ਲਈ ਸਬਸਿਡੀ ਦਿੱਤੀ ਹੈ ਪਰ ਕਾਂਗਰਸ ਬਿਨਾਂ ਕੁਝ ਕੀਤੇ ਸਿਰਫ਼ ਕਿਸਾਨਾਂ ’ਤੇ ਸਿਆਸਤ ਕਰ ਰਹੀ ਹੈ। ਉਨ੍ਹਾਂ ਕਿਹਾ ਪਾਰਲੀਮੈਂਟ ਦੇ ਅੰਦਰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਅਤੇ ਖੇਤੀਬਾੜੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨੇ MSP ਦੇ ਮੁੱਦੇ ’ਤੇ ਕਾਂਗਰਸ ਦੀ ਮੰਗ ਨੂੰ ਪਾਖੰਡ ਦੱਸਿਆ।
ਵਿੱਤ ਮੰਤਰੀ ਨਿਰਮਲਾ ਸੀਤਾਰਮਣ ਨੇ ਕਿਹਾ 2007 ਵਿੱਚ UPA ਕੈਬਨਿਟ ਨੇ ਆਪ ਸੁਆਮੀਨਾਥਨ ਕਮਿਸ਼ਨ ਦੀ ਸਿਫ਼ਾਰਿਸ਼ਾਂ ਨੂੰ ਰੱਦ ਕਰ ਦਿੱਤਾ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ MSP ’ਤੇ 50 ਫੀਸਦੀ ਵਾਧੂ ਦਿੱਤਾ ਜਾਣਾ ਚਾਹੀਦਾ ਹੈ। ਕਮਿਸ਼ਨ ਫਾਰ ਐਗਰੀਕਚਰ ਕਾਸਟ ਐਂਡ ਪਰਚੇਜ਼ ਵੱਲੋਂ MSP ਤੈਅ ਹੁੰਦੀ ਹੈ, ਜਿਸ ਵਿੱਚ ਕਈ ਚੀਜ਼ਾਂ ਜੁੜੀਆਂ ਹੁੰਦੀਆਂ ਹਨ। ਜੇਕਰ ਲਾਗਤ ’ਤੇ MSP 50 ਫੀਸਦੀ ਵਾਧੂ ਦਿੱਤੀ ਜਾਵੇ ਤਾਂ ਇਸ ਨਾਲ ਪੂਰਾ ਬਜ਼ਾਰ ਹਿੱਲ ਜਾਵੇਗਾ।