‘ਦ ਖ਼ਾਲਸ ਟੀਵੀ ਬਿਊਰੋ:-ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ 71ਵਾਂ ਜਨਮਦਿਨ ਮਨਾਉਣ ਲਈ ਬੀਜੇਪੀ ਨੇ ਦੇਸ਼ਵਿਆਪੀ ਪ੍ਰੋਗਰਾਮ ਉਲੀਕ ਲਏ ਹਨ।ਪਰ ਦੂਜੇ ਪਾਸੇ ਕਾਂਗਰਸ ਪਾਰਟੀ ਇਸ ਦਿਨ ਨੂੰ ਰਾਸ਼ਟਰੀ ਬੇਰੁਜ਼ਗਾਰੀ ਦਿਵਸ ਵਜੋਂ ਮਨਾ ਰਿਹਾ ਹੈ।ਪਾਰਟੀ ਦੀ ਅਗੁਵਾਈ ਵਿੱਚ ਬੇਰੁਜ਼ਗਾਰ ਨੌਜਵਾਨ ਮੋਦੀ ਖਿਲਾਫ ਨਾਰੇਬਾਜੀ ਕਰ ਰਹੇ ਹਨ ਤੇ ਰੁਜ਼ਗਾਰ ਦੇ ਮੁੱਦੇ ਉੱਤੇ ਬੀਜੇਪੀ ਨੂੰ ਉਸਦੀ ਨੀਤੀ ਯਾਦ ਕਰਾ ਰਹੇ ਹਨ।
ਨੌਜਵਾਨਾਂ ਦਾ ਕਹਿਣਾ ਹੈ ਕਿ ਨਰਿੰਦਰ ਮੋਦੀ ਨੇ ਕਰੋੜਾਂ ਨੌਜਵਾਨਾਂ ਨੂੰ ਹਰ ਸਾਲ ਨੌਕਰੀ ਦਾ ਵਾਅਦਾ ਕੀਤਾ ਸੀ, ਪਰ ਨਰਿੰਦਰ ਮੋਦੀ ਨੇ ਹਰ ਸਾਲ ਕਰੋੜਾਂ ਬੇਰੁਜਗਾਰ ਪੈਦਾ ਕਰ ਦਿੱਤੇ ਹਨ। ਕੁੱਝ ਲੋਕ ਯੂਥ ਕਾਂਗਰਸ ਵੱਲੋਂ ਆਪਣੇ ਟਵਿੱਟਰ ਉੱਤੇ ਰੋਸ ਪ੍ਰਦਰਸ਼ਨ ਦੀਆਂ ਫੋਟੋਆਂ ਉੱਤੇ ਟਵੀਟ ਵੀ ਕਰ ਰਹੇ ਹਨ ਕਿ ਮੋਦੀ ਨੇ ਚੰਗੇ ਦਿਨ ਲਿਆਉਣ ਦਾ ਵਾਅਦਾ ਕਰਕੇ ਬੁਰੇ ਦਿਨ ਦਿਖਾ ਦਿੱਤੇ ਹਨ। ਕੁੱਝ ਲੋਕ ਵਿਅੰਗ ਕਰਕੇ ਮੋਦੀ ਨੂੰ ਉਸਦੇ ਜਨਮਦਿਨ ਉੱਤੇ ਵਧਾਈ ਵੀ ਦੇ ਰਹੇ ਹਨ।
ਉੱਧਰ, ਬੀਜੇਪੀ ਨੇ 20 ਦਿਨ ਦੇ ਇੱਕ ਰਾਸ਼ਟਰ ਪੱਧਰੀ ਅਭਿਆਨ ਦੀ ਯੋਜਨਾ ਬਣਾਈ ਹੈ, ਜਿਸਨੂੰ ਸੇਵਾ ਤੇ ਸਮਰਪਣ ਅਭਿਆਨ ਦਾ ਨਾਂ ਦਿੱਤਾ ਗਿਆ ਹੈ।ਬੀਜੇਪੀ ਦਾ ਇਹ ਅਭਿਆਨ 7 ਅਕਤੂਬਰ ਨੂੰ ਖਤਮ ਹੋਵੇਗਾ। ਜ਼ਿਕਰਯੋਗ ਹੈ ਕਿ ਪੀਐੱਮ ਮੋਦੀ ਦਾ 71ਵਾਂ ਜਨਮਦਿਨ 17 ਸਤੰਬਰ ਨੂੰ ਆਇਆ ਹੈ। ਇਸ ਤੋਂ 20 ਦਿਨ ਬਾਅਦ ਯਾਨੀ ਕਿ 7 ਅਕਤੂਬਰ ਨੂੰ ਅੱਜ ਤੋਂ ਵੀਹ ਸਾਲ ਪਹਿਲਾਂ ਮੋਦੀ ਨੇ ਗੁਜਰਾਤ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਸੀ।
ਪ੍ਰਧਾਨ ਮੰਤਰੀ ਦੇ ਜਨਮਦਿਨ ਨੂੰ ਕਈ ਨਿਖੇਧੀਆਂ ਵਿੱਚੋਂ ਵੀ ਗੁਜਰਨਾ ਪੈ ਰਿਹਾ ਹੈ। ਬੀਜੇਪੀ ਦੀਆਂ ਤਿਆਰੀਆਂ ਦਰਮਿਆਨ ਕਿਸਾਨ ਨੇਤਾ ਕਾਮਰੇਡ ਇੰਦਰਜੀਤ ਸਿੰਘ ਨੇ ਬੀਜੇਪੀ ਦੀ ਨਿਖੇਧੀ ਕੀਤੀ ਹੈ ਤੇ ਕਿਹਾ ਹੈ ਕਿ ਕਿਸਾਨ ਸਾਢੇ ਨੌ ਮਹੀਨੇ ਤੋਂ ਸੜਕਾਂ ਉੱਤੇ ਅੰਦੋਲਨ ਕਰ ਰਿਹਾ ਹੈ।ਆਮ ਜਨਤਾ ਕੋਰੋਨਾ ਤੋਂ ਹੋਏ ਨੁਕਸਾਨ ਤੋਂ ਹੀ ਬਾਹਰ ਨਹੀਂ ਨਿਕਲੀ ਹੈ।
ਪ੍ਰਧਾਨ ਮੰਤਰੀ ਦੇ ਜਨਮਦਿਨ ਉੱਤੇ ਵੀਹ ਦਿਨ ਦਾ ਪ੍ਰੋਗਰਾਮ ਰੱਖਣਾ ਮੰਦਭਾਗਾ ਹੈ।ਦੱਸ ਦਈਏ ਕਿ ਇਨ੍ਹਾਂ ਪ੍ਰੋਗਰਾਮਾਂ ਲਈ ਬੀਜੇਪੀ ਨੇ ਇਖ ਚਾਰ ਮੈਂਬਰਾਂ ਦੀ ਕਮੇਟੀ ਵੀ ਬਣਾਈ ਹੈ ਤਾਂਕਿ ਅਭਿਆਨ ਦੌਰਨ ਪਾਰਟੀ ਵਰਕਰਾਂ ਲਈ ਪ੍ਰੋਗਰਾਮ ਕੀਤੇ ਜਾ ਸਕਣ। ਇਸ ਦੀ ਅਗੁਵਾਈ ਕੈਲਾਸ਼ ਵਿਜੈਵਰਗੀ ਨੂੰ ਦਿੱਤੀ ਗਈ ਹੈ।