‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਯੁਕਤ ਰਾਸ਼ਟਰ ਨੇ ਕਿਹਾ ਹੈ ਕਿ ਤਾਪਮਾਨ ਵਧਣ ਕਾਰਨ ਕੋਰੋਨਾ ਤੋਂ ਬਾਅਦ ਪਾਣੀ ਦੀ ਘਾਟ ਅਤੇ ਸੋਕਾ ਨਵੀਂ ਮਹਾਂਮਾਰੀ ਬਣਨ ਵੱਲ ਤੇਜ਼ੀ ਨਾਲ ਵਧ ਰਿਹਾ ਹੈ ਤੇ ਇਹ ਅਜਿਹੀ ਮਹਾਂਮਾਰੀ ਹੈ, ਜਿਸ ਤੋਂ ਬਚਾਅ ਲਈ ਕੋਈ ਵੈਕਸੀਨ ਵੀ ਨਹੀਂ ਬਣਾਈ ਜਾ ਸਕਦੀ।
ਸੰਯੁਕਤ ਰਾਸ਼ਟਰ ਦੇ ਵਿਸ਼ੇਸ਼ ਪ੍ਰਤੀਨਿਧੀ ਮਮੀ ਮਿਜ਼ੋਤੁਰੀ ਨੇ ਇਕ ਆਨਲਾਇਨ ਪ੍ਰੈੱਸ ਬ੍ਰੀਫਿੰਗ ਵਿੱਚ ਕਿਹਾ ਕਿ ਯੂਐੱਨ ਦੀ ਰਿਪੋਰਟ ਮੁਤਾਬਿਕ ਸੋਕਾ ਪਹਿਲਾਂ ਹੀ ਘੱਟੋ-ਘੱਟ 124 ਬਿਲੀਅਨ ਡਾਲਰ ਦਾ ਆਰਥਿਕ ਨੁਕਸਾਨ ਕਰ ਚੁੱਕਾ ਹੈ ਤੇ ਇਸ ਨਾਲ ਸਾਲ 1998 ਤੋਂ 2017 ਤੱਕ ਡੇਢ ਬਿਲੀਅਨ ਲੋਕ ਪ੍ਰਭਾਵਿਤ ਹੋ ਚੁੱਕੇ ਹਨ।ਪਾਕਿਸਤਾਨ ਦੇ ਵੈੱਬ ਨਿਊਜ਼ ਪੋਰਟਲ ਵਿੱਚ ਛਪੀ ਖਬਰ ਅਨੁਸਾਰ ਇਹ ਅੰਕੜੇ ਸ਼ਾਇਦ ਸੰਭਾਵੀ ਤੌਰ ਉੱਤੇ ਕੁੱਲ ਅਨੁਮਾਨ ਹੀ ਹਨ।
ਮਿਜ਼ੋਤੁਰੀ ਨੇ ਕਿਹਾ ਹੈ ਕਿ ਗਲੋਬਲ ਵਾਰਮਿੰਗ ਨੇ ਹੁਣ ਦੱਖਣੀ ਯੂਰਪ ਅਤੇ ਪੱਛਮੀ ਅਫਰੀਕਾ ਵਿੱਚ ਸੋਕੇ ਨੂੰ ਹੋਰ ਤੇਜ਼ ਕਰ ਦਿੱਤਾ ਹੈ।ਉਨ੍ਹਾਂ ਕਿਹਾ ਕਿ ਪੀੜਤਾਂ ਦੀ ਗਿਣਤੀ ਉਦੋਂ ਤੱਕ ਨਾਟਕੀ ਰੂਪ ਨਾਲ ਵਧੇਗੀ, ਜਦੋਂ ਤੱਕ ਦੁਨੀਆਂ ਇਸ ਪਾਸੇ ਕੰਮ ਨਹੀਂ ਕਰਦੀ।ਇਸ ਸਦੀ ਵਿੱਚ ਲਗਭਗ 130 ਦੇਸ਼ਾਂ ਨੂੰ ਸੋਕੇ ਦੇ ਵਧੇਰੇ ਰਿਸਕ ਦਾ ਸਾਹਮਣਾ ਕਰਨਾ ਪੈ ਸਕਦਾ ਹੈ।ਸੋਕਾ, ਇਕ ਵਾਇਰਸ ਵਾਂਗ ਲੰਬੇ ਸਮੇਂ ਤੋਂ ਵਧ ਰਿਹਾ ਹੈ ਤੇ ਇਸਦੀ ਖੇਤਰੀ ਪਹੁੰਚ ਬਹੁਤ ਹੈ।ਸੋਕਾ ਨੁਕਸਾਨ ਕਰਨ ਦੀ ਦਸਤਕ ਵੱਲ ਵਧ ਰਿਹਾ ਹੈ।
ਮਿਜ਼ੋਤੁਰੀ ਨੇ ਕਿਹਾ ਹੈ ਕਿ ਇਹ ਅਸਿੱਧੇ ਤੌਰ ‘ਤੇ ਉਨ੍ਹਾਂ ਦੇਸ਼ਾਂ ਨੂੰ ਪ੍ਰਭਾਵਿਤ ਕਰ ਸਕਦਾ ਹੈ, ਜਿਹੜੇ ਦੇਸ਼ ਅਸਲ ਵਿੱਚ ਖੁਰਾਕੀ ਅਸੁਰੱਖਿਆ ਅਤੇ ਖੁਰਾਕੀ ਕੀਮਤਾਂ ਦੇ ਵਾਧੇ ਦੁਆਰਾ ਸੋਕੇ ਦਾ ਸਾਹਮਣਾ ਨਹੀਂ ਕਰ ਰਹੇ ਹਨ।ਸੋਕਾ ਜ਼ਿਆਦਾਤਰ ਅਫਰੀਕਾ, ਮੱਧ ਅਤੇ ਦੱਖਣੀ ਅਮਰੀਕਾ, ਮੱਧ ਏਸ਼ੀਆ, ਦੱਖਣੀ ਆਸਟਰੇਲੀਆ, ਦੱਖਣੀ ਯੂਰਪ, ਮੈਕਸੀਕੋ ਅਤੇ ਸੰਯੁਕਤ ਰਾਜ ਅਮਰੀਕਾ ਵਿਚ ਵਧੇਰੇ ਪਰੇਸ਼ਾਨੀ ਖੜ੍ਹੀ ਕਰ ਸਕਦਾ ਹੈ।