The Khalas Tv Blog Punjab ਬੱਸ ਹੇਠਾਂ ਆਏ ਦੋ ਨੌਜਵਾਨਾਂ ਦੀ ਜੀਵਨ ਲੀਲ੍ਹਾ ਸਮਾਪਤ, ਡਰਾਈਵਰ ਹੋਇਆ ਫ਼ਰਾਰ
Punjab

ਬੱਸ ਹੇਠਾਂ ਆਏ ਦੋ ਨੌਜਵਾਨਾਂ ਦੀ ਜੀਵਨ ਲੀਲ੍ਹਾ ਸਮਾਪਤ, ਡਰਾਈਵਰ ਹੋਇਆ ਫ਼ਰਾਰ

two-youths-died-after-being-hit-by-a-bus-the-bus-driver-escaped

ਬੱਸ ਦੀ ਲਪੇਟ ਵਿੱਚ ਆ ਕੇ ਦੋ ਨੌਜਵਾਨ ਨਾਲ ਵਾਪਰਿਆ ਇਹ ਭਾਣਾ , ਬੱਸ ਚਾਲਕ ਫਰਾਰ

ਅਬੋਹਰ ਵਿਚ ਫਾਜ਼ਿਲਕਾ ਰੋਡ ‘ਤੇ ਪਿੰਡ ਡੰਗਰਖੇੜਾ ਦੇ ਸਾਹਮਣੇ ਰੇਲਵੇ ਓਵਰਬ੍ਰਿਜ ‘ਤੇ ਅੱਜ ਸਵੇਰੇ ਤੇਜ਼ ਰਫਤਾਰ ਬੱਸ ਦੀ ਟੱਕਰ ਨਾਲ ਦੋ ਬਾਈਕ ਸਵਾਰ ਨੌਜਵਾਨਾਂ ਦੀ ਮੌਤ ਹੋ ਗਈ। ਘਟਨਾ ਮਗਰੋਂ ਬੱਸ ਚਾਲਕ ਫਰਾਰ ਹੋ ਗਿਆ। ਦੋਵੇਂ ਨੌਜਵਾਨ ਫਾਜ਼ਿਲਕਾ ਦੇ ਵਸਨੀਕ ਸਨ। ਨਗਰ ਥਾਣਾ ਪੁਲਿਸ ਨੇ ਮ੍ਰਿਤਕਾਂ ਦੇਹਾਂ ਨੂੰ ਸਰਕਾਰੀ ਹਸਪਤਾਲ ਦੀ ਮੋਰਚਰੀ ਵਿਚ ਰਖਵਾ ਦਿੱਤਾ ਹੈ। ਬੱਸ ਚਾਲਕ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ। ਜਾਨ ਗੁਆਉਣ ਵਾਲਾ ਇਕ ਨੌਜਵਾਨ ਬੀਏ ਪਹਿਲੇ ਸਾਲ ਦਾ ਵਿਦਿਆਰਥੀ ਸੀ।

ਜਾਣਕਾਰੀ ਅਨੁਸਾਰ ਆਰੀਅਨ ਪੁੱਤਰ ਨਰੇਸ਼ ਕੁਮਾਰ ਵਾਸੀ ਮਾਧਵ ਕਾਲੋਨੀ ਫਾਜ਼ਿਲਕਾ ਅਤੇ ਉਸ ਦਾ ਦੋਸਤ ਸਿਦਾਗਤ ਉਰਫ ਸ਼ਾਨੂ ਫਾਜ਼ਿਲਕਾ ਤੋਂ ਮੋਟਰਸਾਈਕਲ ’ਤੇ ਅਬੋਹਰ ਵੱਲ ਜਾ ਰਹੇ ਸਨ। ਜਦੋਂ ਉਹ ਡੰਗਰਖੇੜਾ ਪੁਲ ਕੋਲ ਪਹੁੰਚੇ ਤਾਂ ਅਬੋਹਰ ਤੋਂ ਫਾਜ਼ਿਲਕਾ ਜਾ ਰਹੀ ਤੇਜ਼ ਰਫ਼ਤਾਰ ਬੱਸ ਦੇ ਚਾਲਕ ਨੇ ਓਵਰਟੇਕ ਕਰਦੇ ਸਮੇਂ ਮੋਟਰਸਾਈਕਲ ਨੂੰ ਟੱਕਰ ਮਾਰ ਦਿੱਤੀ, ਜਿਸ ਕਾਰਨ ਦੋਵੇਂ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ। ਘਟਨਾ ਮਗਰੋਂ ਬੱਸ ਚਾਲਕ ਬੱਸ ਛੱਡ ਕੇ ਮੌਕੇ ਤੋਂ ਫਰਾਰ ਹੋ ਗਿਆ, ਜਦਕਿ ਆਲੇ-ਦੁਆਲੇ ਦੇ ਲੋਕਾਂ ਨੇ 108 ਐਂਬੂਲੈਂਸ ਨੂੰ ਸੂਚਨਾ ਦਿੱਤੀ।

ਐਂਬੂਲੈਂਸ ਰਾਹੀਂ ਦੋਵਾਂ ਨੂੰ ਅਬੋਹਰ ਦੇ ਸਰਕਾਰੀ ਹਸਪਤਾਲ ’ਚ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਦੋਵਾਂ ਨੂੰ ਮ੍ਰਿਤਕ ਐਲਾਨ ਦਿੱਤਾ। ਥਾਣਾ ਸਿਟੀ-1 ਦੀ ਪੁਲੀਸ ਨੇ ਮੌਕੇ ’ਤੇ ਪਹੁੰਚ ਕੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭਿਜਵਾ ਦਿੱਤਾ ਹੈ। ਘਟਨਾ ਦਾ ਪਤਾ ਲੱਗਦਿਆਂ ਹੀ ਨੌਜਵਾਨਾਂ ਦੇ ਪਰਿਵਾਰਕ ਮੈਂਬਰ ਵੀ ਹਸਪਤਾਲ ਪਹੁੰਚ ਗਏ। ਆਰੀਅਨ ਦੇ ਪਿਤਾ ਨਰੇਸ਼ ਕੁਮਾਰ ਅਤੇ ਸਿਦਾਗਤ ਦੇ ਭਰਾ ਰਿਆਸਤ ਨੇ ਬੱਸ ਡਰਾਈਵਰ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ।

ਮ੍ਰਿਤਕ ਆਰੀਅਨ ਦੇ ਪਿਤਾ ਨਰੇਸ਼ ਨੇ ਦੱਸਿਆ ਕਿ ਆਰੀਅਨ ਉਨ੍ਹਾਂ ਦਾ ਵੱਡਾ ਮੁੰਡਾ ਹੈ, ਉਹ ਪੜ੍ਹਾਈ ਵਿਚ ਬੇਹੱਦ ਹੀ ਹੁਸ਼ਿਆਰ ਸੀ। ਜ਼ਿਲ੍ਹਾ ਪ੍ਰਸ਼ਾਸਨ ਉਸ ਨੂੰ ਸਨਮਾਨਿਤ ਵੀ ਕਰ ਚੁੱਕਾ ਹੈ। ਦੂਜੇ ਪਾਸੇ ਉਸ ਦੇ ਦੋਸਤ ਸਿਦਾਗਤ ਦੀ ਦੋ ਸਾਲ ਪਹਿਲਾਂ ਹੀ ਵਿਆਹ ਹੋਇਆ ਸੀ। ਉਹ ਫਵਾਵਰ ਡੈਕੋਰੇਸ਼ਨ ਦਾ ਕੰਮ ਕਰਦਾ ਸੀ। ਪੁਲਿਸ ਨੇ ਬੱਸ ਨੂੰ ਕਬਜ਼ੇ ਵਿਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

Exit mobile version