The Khalas Tv Blog India ਪੰਜਾਬ ਦੇ ਦੋ ਨੌਜਵਾਨ ਲੱਦਾਖ ‘ਚ ਗਲੇਸ਼ੀਅਰ ਹੇਠਾਂ ਆਉਣ ਕਰਕੇ ਹੋਏ ਸ਼ਹੀਦ
India Punjab

ਪੰਜਾਬ ਦੇ ਦੋ ਨੌਜਵਾਨ ਲੱਦਾਖ ‘ਚ ਗਲੇਸ਼ੀਅਰ ਹੇਠਾਂ ਆਉਣ ਕਰਕੇ ਹੋਏ ਸ਼ਹੀਦ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਦੇਸ਼ ਦੇ ਕੇਂਦਰ ਸ਼ਾਸਿਤ ਪ੍ਰਦੇਸ਼ ਲੇਹ ਲੱਦਾਖ ਦੇ ਸਿਆਚਿਨ ਖੇਤਰ ਵਿੱਚ ਗਲੇਸ਼ੀਅਰ ਹੇਠ 21 ਪੰਜਾਬ ਬਟਾਲੀਅਨ ਦੇ ਛੇ ਜਵਾਨ ਦੱਬ ਗਏ, ਜਿਨ੍ਹਾਂ ਵਿੱਚੋਂ ਦੋ ਜਵਾਨ ਸ਼ਹੀਦ ਹੋ ਗਏ। ਇਹ ਦੋਵੇਂ ਸ਼ਹੀਦ ਹੋਏ ਜਵਾਨ ਪੰਜਾਬ ਦੇ ਵਸਨੀਕ ਹਨ। 23 ਸਾਲਾ ਸ਼ਹੀਦ ਸੈਨਿਕ ਪ੍ਰਭਜੀਤ ਸਿੰਘ ਬੋਹਾ ਹਲਕੇ ਦੇ ਪਿੰਡ ਹਾਕਮਵਾਲਾ ਦਾ ਅਤੇ 22 ਸਾਲਾ ਸ਼ਹੀਦ ਜਵਾਨ ਅਮਰਦੀਪ ਸਿੰਘ ਬਰਨਾਲਾ ਜ਼ਿਲ੍ਹੇ ਦੇ ਪਿੰਡ ਕਰਮਗੜ੍ਹ ਦਾ ਰਹਿਣ ਵਾਲਾ ਸੀ।

ਤਿੰਨ ਸਾਲ ਪਹਿਲਾਂ ਫੌਜ ਚ ਭਰਤੀ ਹੋਇਆ ਸੀ ਪ੍ਰਭਜੀਤ ਸਿੰਘ

ਜਾਣਕਾਰੀ ਮੁਤਾਬਕ ਪ੍ਰਭਜੀਤ ਸਿੰਘ ਤਿੰਨ ਸਾਲ ਪਹਿਲਾਂ ਪਿੰਡ ਵਿੱਚ ਪੜ੍ਹਾਈ ਪੂਰੀ ਕਰਨ ਮਗਰੋਂ 21 ਪੰਜਾਬ ਬਟਾਲੀਅਨ ਵਿੱਚ ਸੈਨਿਕ ਭਰਤੀ ਹੋਇਆ ਸੀ ਅਤੇ ਉਸਦੀ ਡਿਊਟੀ ਸਿਆਚਿਨ ਵਿੱਚ ਲੱਗੀ ਹੋਈ ਸੀ। ਪ੍ਰਭਜੀਤ ਸਿੰਘ ਗ਼ਰੀਬ ਕਿਸਾਨ ਪਰਿਵਾਰ ਨਾਲ ਸਬੰਧ ਰੱਖਦਾ ਸੀ। ਪ੍ਰਭਜੀਤ ਦੇ ਪਿਤਾ ਕੋਲ ਜਗਪਾਲ ਸਿੰਘ ਕੋਲ ਡੇਢ ਏਕੜ ਜ਼ਮੀਨ ਹੈ। ਪਿੰਡ ਦੇ ਇੱਕ ਲੀਡਰ ਪਲਵਿੰਦਰ ਸਿੰਘ ਥਿੰਦ ਨੇ ਦੱਸਿਆ ਕਿ ਪ੍ਰਭਜੀਤ ਦੀ ਮਾਤਾ ਮੇਲੋ ਕੌਰ ਬਿਮਾਰ ਹਨ, ਜਿਸ ਕਾਰਨ ਪਰਿਵਾਰ ਨੂੰ ਅਜੇ ਉਸ ਦੀ ਸ਼ਹਾਦਤ ਬਾਰੇ ਨਹੀਂ ਦੱਸਿਆ ਗਿਆ। 

2018 ਵਿੱਚ ਫੌਜ ਚ ਭਰਤੀ ਹੋਇਆ ਸੀ ਅਮਰਦੀਪ ਸਿੰਘ

ਪਿੰਡ ਕਰਮਗੜ੍ਹ ਵਿੱਚ ਅਮਰਦੀਪ ਸਿੰਘ ਦੀ ਸ਼ਹੀਦੀ ਦੀ ਖ਼ਬਰ ਸੁਣ ਕੇ ਸੋਗ ਦੀ ਲਹਿਰ ਫ਼ੈਲ ਗਈ। ਪਿੰਡ ਕਰਮਗੜ੍ਹ ਦੇ ਸਰਪੰਚ ਬਲਵੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸਿੱਖ ਰੈਜੀਮੈਂਟ ਦੇ ਸੂਬੇਦਾਰ ਗੁਰਮੇਲ ਸਿੰਘ ਦਾ ਫ਼ੋਨ ਆਇਆ ਸੀ ਕਿ ਲੇਹ-ਲੱਦਾਖ ਦੇ ਸਿਆਚਿਨ ਗਲੇਸ਼ੀਅਰ ਵਿੱਚ ਦੱਬਣ ਨਾਲ ਅਮਰਦੀਪ ਸਿੰਘ ਸ਼ਹੀਦ ਹੋ ਗਿਆ ਹੈ। ਉਨ੍ਹਾਂ ਦੱਸਿਆ ਕਿ ਅਮਰਦੀਪ ਸਿੰਘ ਦਾ ਜੱਦੀ ਪਿੰਡ ਫੂਲ ਹੈ ਅਤੇ ਉਸਦਾ ਪਾਲਣ-ਪੋਸ਼ਣ ਉਸ ਦੀ ਭੂਆ ਅਤੇ ਫੁੱਫੜ ਵੱਲੋਂ ਕੀਤਾ ਜਾ ਰਿਹਾ ਸੀ। ਅਮਰਦੀਪ ਸਿੰਘ 2018 ਵਿੱਚ ਫੌਜ ’ਚ ਭਰਤੀ ਹੋਇਆ ਸੀ। ਸ਼ਹੀਦ ਅਮਰਦੀਪ ਸਿੰਘ ਦੀ ਇੱਕ ਛੋਟੀ ਭੈਣ ਸੁਖਦੀਪ ਕੌਰ ਵੀ ਹੈ, ਜੋ ਬਾਰ੍ਹਵੀਂ ਜਮਾਤ ਵਿੱਚ ਪੜ੍ਹਦੀ ਹੈ।

ਕੈਪਟਨ ਨੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਨੌਕਰੀ ਦੇਣ ਦਾ ਕੀਤਾ ਐਲਾਨ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 21 ਪੰਜਾਬ ਰੈਜੀਮੈਂਟ ਦੇ ਸ਼ਹੀਦ ਸਿਪਾਹੀ ਪ੍ਰਭਜੀਤ ਸਿੰਘ ਅਤੇ ਸਿਪਾਹੀ ਅਮਰਦੀਪ ਸਿੰਘ ਦੇ ਪਰਿਵਾਰਾਂ ਨੂੰ 50-50 ਲੱਖ ਰੁਪਏ ਦਾ ਐਕਸ-ਗ੍ਰੇਸ਼ੀਆ ਮੁਆਵਜ਼ਾ ਦੇਣ ਅਤੇ ਪਰਿਵਾਰਾਂ ਦੇ ਇੱਕ-ਇੱਕ ਜੀਅ ਨੂੰ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਆਪਣੀ ਜਾਨ ਜੋਖਮ ਵਿੱਚ ਪਾ ਕੇ ਮੁਲਕ ਦੀ ਏਕਤਾ ਅਤੇ ਅਖੰਡਤਾ ਦੀ ਰਾਖੀ ਲਈ ਉਨ੍ਹਾਂ ਦੀ ਸਮਰਪਿਤ ਭਾਵਨਾ ਬਾਕੀ ਸੈਨਿਕਾਂ ਨੂੰ ਆਪਣੀ ਡਿਊਟੀ ਹੋਰ ਵੀ ਸਮਰਪਣ ਅਤੇ ਵਚਨਬੱਧਤਾ ਨਾਲ ਨਿਭਾਉਣ ਲਈ ਪ੍ਰੇਰਿਤ ਕਰਦੀ ਰਹੇਗੀ।

ਸੁਖਬੀਰ ਬਾਦਲ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਸੁਖਬੀਰ ਸਿੰਘ ਬਾਦਲ ਨੇ ਪੰਜਾਬ ਰੈਜੀਮੈਂਟ ਦੇ ਦੋ ਬਹਾਦਰ ਜਵਾਨਾਂ ਦੇ ਸ਼ਹੀਦ ਹੋਣ ‘ਤੇ ਉਨ੍ਹਾਂ ਦੇ ਪਰਿਵਾਰਾਂ ਨਾਲ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਸੁਖਬੀਰ ਬਾਦਲ ਨੇ ਕਿਹਾ ਕਿ ਗੁਰੂ ਸਹਿਬ ਉਨ੍ਹਾਂ ਦੇ ਪਰਿਵਾਰਾਂ ਨੂੰ ਦੁੱਖ ਸਹਿਣ ਕਰਨ ਦੀ ਤਾਕਤ ਬਖਸ਼ਣ।

Exit mobile version