ਮੁਹਾਲੀ : ਗੁਜਰਾਤ ਤੋਂ ਜੰਮੂ-ਕਸ਼ਮੀਰ ਦੇ ਪਾਖਰਪੋਰਾ ਵੱਲ ਪੁਰਾਣੀ ਕਾਰ ਵੇਚਣ ਜਾ ਰਹੇ ਵਿਅਕਤੀ ਸਮੇਤ ਦੋ ਵਿਅਕਤੀਆਂ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ। ਇਹ ਹਾਦਸਾ ਸਵੇਰੇ ਕਰੀਬ 3 ਵਜੇ ਸੈਕਟਰ 78-79 ਦੇ ਲਾਈਟ ਪੁਆਇੰਟ ਨੇੜੇ ਵਾਪਰਿਆ।
ਹਾਦਸੇ ਵਿੱਚ ਸਾਹਮਣੇ ਤੋਂ ਆ ਰਹੀ ਤੇਜ਼ ਰਫ਼ਤਾਰ ਸਕਾਰਪੀਓ ਨੇ ਪਾਖਰਪੋਰਾ ਨਿਵਾਸੀ ਦੀ ਇਨੋਵਾ ਕਾਰ ਨੂੰ ਜ਼ੋਰਦਾਰ ਟੱਕਰ ਮਾਰ ਦਿੱਤੀ। ਹਾਦਸਾ ਇੰਨਾ ਜ਼ਬਰਦਸਤ ਸੀ ਕਿ ਇਨੋਵਾ ਕਾਰ ਹਵਾ ‘ਚ 20 ਫੁੱਟ ਉੱਛਲ ਕੇ ਜ਼ਮੀਨ ‘ਤੇ ਜਾ ਡਿੱਗੀ।
ਇਸ ਹਾਦਸੇ ‘ਚ ਇਨੋਵਾ ਕਾਰ ਚਾਲਕ 40 ਸਾਲਾ ਮੁਹੰਮਦ ਅਸਲਮ ਮੀਰ ਵਾਸੀ ਜੰਮੂ-ਕਸ਼ਮੀਰ ਕਾਰ ਡੀਲਰ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ ਸਕਾਰਪੀਓ ਸਵਾਰ ਆਰੀਅਨ ਸ਼ਰਮਾ, ਜੋ ਕਿ ਡੀ.ਏ.ਵੀ ਕਾਲਜ ਦਾ 21 ਸਾਲਾ ਵਿਦਿਆਰਥੀ ਸੀ। ਸੈਕਟਰ 10 ਚੰਡੀਗੜ੍ਹ ਦੀ ਸੋਹਾਣਾ ਹਸਪਤਾਲ ਵਿਖੇ ਇਲਾਜ ਦੌਰਾਨ ਮੌਤ ਹੋ ਗਈ। ਆਰੀਅਨ ਸ਼ਰਮਾ ਸਕਾਰਪੀਓ ਚਲਾ ਰਹੇ ਅਰਜੁਨ ਦੇ ਨਾਲ ਬੈਠਾ ਸੀ।
ਸਕਾਰਪੀਓ ਗੱਡੀ ਚਲਾ ਰਹੇ ਅਰਜੁਨ ਅਤੇ ਉਸ ਦੇ ਦੋ ਦੋਸਤ ਵੀ ਜ਼ਖ਼ਮੀ ਹੋ ਗਏ। ਦੱਸਿਆ ਜਾ ਰਿਹਾ ਹੈ ਕਿ ਸਾਰੇ ਦੋਸਤ ਹਨ ਅਤੇ ਕੁੱਲੂ, ਹਿਮਾਚਲ ਦੇ ਰਹਿਣ ਵਾਲੇ ਦੱਸੇ ਜਾ ਰਹੇ ਹਨ। ਪੁਲਿਸ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸਾਰੇ ਵਿਦਿਆਰਥੀ ਰਾਤ ਸਮੇਂ ਖਰੜ ਲਾਂਡਰਾ ਰੋਡ ’ਤੇ ਕਿਸੇ ਢਾਬੇ ’ਤੇ ਖਾਣਾ ਖਾਣ ਗਏ ਸਨ।
ਰਾਤ ਦਾ ਖਾਣਾ ਖਾਣ ਤੋਂ ਬਾਅਦ ਸਾਰੇ ਚੰਡੀਗੜ੍ਹ ਸੈਕਟਰ 44 ਸਥਿਤ ਆਪਣੇ ਘਰਾਂ ਨੂੰ ਵਾਪਸ ਜਾ ਰਹੇ ਸਨ। ਜਾਂਚ ਅਧਿਕਾਰੀ ਰਾਜਕੁਮਾਰ ਨੇ ਦੱਸਿਆ ਕਿ ਸਕਾਰਪੀਓ ਦੀ ਰਫ਼ਤਾਰ ਬਹੁਤ ਜ਼ਿਆਦਾ ਸੀ। ਜਿਸ ਕਾਰਨ ਅਰਜੁਨ ਕਾਰ ‘ਤੇ ਕਾਬੂ ਗੁਆ ਬੈਠਾ ਅਤੇ ਸਾਹਮਣੇ ਤੋਂ ਆ ਰਹੀ ਇਨੋਵਾ ਨਾਲ ਟਕਰਾ ਗਿਆ। ਹਾਦਸੇ ਤੋਂ ਬਾਅਦ ਉੱਥੇ ਮੌਜੂਦ ਰਾਹਗੀਰਾਂ ਨੇ ਸਾਰਿਆਂ ਨੂੰ ਸੋਹਾਣਾ ਹਸਪਤਾਲ ਪਹੁੰਚਾਇਆ।