ਬਿਉਰੋ ਰਿਪੋਰਟ: ਦੇਸ਼ ਅੰਦਰ ਰੇਲ ਹਾਦਸੇ ਰੁਕਣ ਦਾ ਨਾਂ ਨਹੀਂ ਲੈ ਰਹੇ। ਝਾਰਖੰਡ ਦੇ ਜਮਸ਼ੇਦਪੁਰ ’ਚ ਮੰਗਲਵਾਰ ਸਵੇਰੇ 3.43 ਵਜੇ 12810 ਮੁੰਬਈ-ਹਾਵੜਾ ਮੇਲ ਪਹਿਲਾਂ ਤੋਂ ਪਟੜੀ ਤੋਂ ਉਤਰੀ ਮਾਲ ਗੱਡੀ ਨਾਲ ਟਕਰਾ ਗਈ। ਘਟਨਾ ਤੋਂ ਬਾਅਦ ਰੇਲ ਗੱਡੀ ਦੀਆਂ 18 ਬੋਗੀਆਂ ਪਟੜੀ ਤੋਂ ਉਤਰ ਗਈਆਂ। ਇਸ ਹਾਦਸੇ ’ਚ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 20 ਤੋਂ ਵੱਧ ਲੋਕ ਜ਼ਖਮੀ ਦੱਸੇ ਜਾ ਰਹੇ ਹਨ।
ਯਾਤਰੀ ਟਰੇਨ ਦਾ ਇੰਜਣ ਪਟੜੀ ਤੋਂ ਉਤਰੀ ਮਾਲ ਗੱਡੀ ਦੀ ਬੋਗੀ ਨਾਲ ਟਕਰਾ ਗਿਆ। ਇਸ ਤੋਂ ਬਾਅਦ ਟਰੇਨ ਦੇ 18 ਡੱਬੇ ਪਟੜੀ ਤੋਂ ਉਤਰ ਗਏ। ਇਹ ਹਾਦਸਾ ਰਾਜਖਰਸਵਾਨ ਅਤੇ ਬਡਾਬੰਬੋ ਵਿਚਕਾਰ ਵਾਪਰਿਆ।
ਰੇਲਵੇ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ। ਗੰਭੀਰ ਰੂਪ ਨਾਲ ਜ਼ਖਮੀ ਛੇ ਯਾਤਰੀਆਂ ਨੂੰ 5-5 ਲੱਖ ਰੁਪਏ ਦਾ ਮੁਆਵਜ਼ਾ ਦਿੱਤਾ ਜਾਵੇਗਾ।
ਮ੍ਰਿਤਕਾਂ ਦੇ ਪਰਿਵਾਰ ਨੂੰ 2-2 ਲੱਖ ਦੇਵੇਗੀ ਹੇਮੰਤ ਸਰਕਾਰ
ਰੇਲ ਹਾਦਸੇ ’ਤੇ ਝਾਰਖੰਡ ਦੇ ਸਿਹਤ ਮੰਤਰੀ ਬੰਨਾ ਗੁਪਤਾ ਨੇ ਕਿਹਾ- ਅਸੀਂ ਮੌਕੇ ’ਤੇ ਆਏ ਹਾਂ, ਸਾਡੇ ਜ਼ਿਲ੍ਹਾ ਅਧਿਕਾਰੀ, ਐਸਪੀ ਅਤੇ ਸਿਹਤ ਵਿਭਾਗ ਦੀ ਪੂਰੀ ਟੀਮ ਸਵੇਰ ਤੋਂ ਹੀ ਇਸ ਤਬਾਹੀ ਦਾ ਜਵਾਬ ਦੇਣ ’ਚ ਲੱਗੀ ਹੋਈ ਹੈ। ਮ੍ਰਿਤਕਾਂ ਦੇ ਪਰਿਵਾਰ ਨੂੰ ਮੁੱਖ ਮੰਤਰੀ ਰਾਹਤ ਫੰਡ ਵਿੱਚੋਂ 2 ਲੱਖ ਰੁਪਏ ਅਤੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਵਿਅਕਤੀਆਂ ਨੂੰ 50,000 ਰੁਪਏ ਦਿੱਤੇ ਜਾਣਗੇ ਅਤੇ ਉਨ੍ਹਾਂ ਨੂੰ ਸਿਹਤ ਸਬੰਧੀ ਜੋ ਵੀ ਲੋੜ ਹੋਵੇਗੀ, ਦਿੱਤੀ ਜਾਵੇਗੀ।
ਚੱਕਰਧਰਪੁਰ ਰੇਲਵੇ ਡਿਵੀਜ਼ਨ ਦੇ ਸੀਨੀਅਰ ਡੀਸੀਐਮ ਆਦਿਤਿਆ ਕੁਮਾਰ ਚੌਧਰੀ ਨੇ ਦੱਸਿਆ ਕਿ ਰੇਲਵੇ ਦੀ ਦੁਰਘਟਨਾ ਰਾਹਤ ਰੇਲ ਗੱਡੀ ਅਤੇ ਐਂਬੂਲੈਂਸ ਮੌਕੇ ‘ਤੇ ਮੌਜੂਦ ਹਨ। ਜ਼ਖਮੀਆਂ ਨੂੰ ਚੱਕਰਧਰਪੁਰ ਦੇ ਰੇਲਵੇ ਹਸਪਤਾਲ ’ਚ ਦਾਖ਼ਲ ਕਰਵਾਇਆ ਗਿਆ ਹੈ।