The Khalas Tv Blog Punjab ਲੁਧਿਆਣਾ-ਧੂਰੀ ਰੇਲਵੇ ਲਾਈਨ ਦੇ ਕੰਮ ਦੌਰਾਨ ਵੱਡਾ ਹਾਦਸਾ; ਠੇਕੇਦਾਰ ਦੀ ਅਣਗਹਿਲੀ ਕਾਰਨ ਢਹਿ-ਢੇਰੀ ਹੋਏ 2 ਘਰ, ਮਲਬੇ ਹੇਠਾਂ ਦੱਬਿਆ ਨੌਜਵਾਨ
Punjab

ਲੁਧਿਆਣਾ-ਧੂਰੀ ਰੇਲਵੇ ਲਾਈਨ ਦੇ ਕੰਮ ਦੌਰਾਨ ਵੱਡਾ ਹਾਦਸਾ; ਠੇਕੇਦਾਰ ਦੀ ਅਣਗਹਿਲੀ ਕਾਰਨ ਢਹਿ-ਢੇਰੀ ਹੋਏ 2 ਘਰ, ਮਲਬੇ ਹੇਠਾਂ ਦੱਬਿਆ ਨੌਜਵਾਨ

ਲੁਧਿਆਣਾ ਵਿੱਚ ਲੁਧਿਆਣਾ-ਧੂਰੀ ਰੇਲਵੇ ਲਾਈਨ ਨੂੰ ਡਬਲ ਕਰਨ ਦੇ ਚੱਲ ਰਹੇ ਪ੍ਰੋਜੈਕਟ ਦੌਰਾਨ ਠੇਕੇਦਾਰ ਦੀ ਅਣਗਹਿਲੀ ਕਾਰਨ ਰੇਲਵੇ ਟਰੈਕ ਦੇ ਕਿਨਾਰੇ ਸਥਿਤ ਦੋ ਮਕਾਨ ਢਹਿ ਗਏ। ਇਸ ਦੌਰਾਨ ਇੱਕ ਨੌਜਵਾਨ ਮਲਬੇ ਹੇਠ ਦੱਬ ਗਿਆ ਹੈ ਜਿਸ ਨੂੰ ਲੋਕਾਂ ਨੇ ਬੜੀ ਮੁਸ਼ਕਲ ਨਾਲ ਮਲਬੇ ਹੇਠੋਂ ਸੁਰੱਖਿਅਤ ਬਾਹਰ ਕੱਢਿਆ।

ਜਾਣਕਾਰੀ ਅਨੁਸਾਰ ਠੇਕੇਦਾਰ ਵੱਲੋਂ ਨਵੀਂ ਵਿਛਾਈ ਰੇਲਵੇ ਲਾਈਨ ਦੇ ਨਾਲ ਕੰਧਾਂ ਬਣਾਉਣ ਦਾ ਕੰਮ ਚੱਲ ਰਿਹਾ ਹੈ। ਇਸ ਕੰਧ ਦੇ ਨਾਲ-ਨਾਲ ਮਕਾਨ ਵੀ ਹਨ, ਜੋ ਕੰਧ ਦਾ ਭਾਰ ਨਾ ਝੱਲਣ ਕਾਰਨ ਢਹਿ-ਢੇਰੀ ਹੋ ਗਏ। ਇਸ ਦੌਰਾਨ ਘਰਾਂ ਵਿੱਚ ਪਿਆ ਸਾਰਾ ਸਮਾਨ ਮਲਬੇ ਹੇਠ ਦੱਬ ਗਿਆ। ਦੁੱਖ ਦੀ ਗੱਲ ਇਹ ਹੈ ਕਿ ਹਾਦਸੇ ਦੇ ਸਮੇਂ ਘਰ ‘ਚ ਇਕ ਹੀ ਨੌਜਵਾਨ ਮੌਜੂਦ ਸੀ, ਜਿਸ ਨੂੰ ਮਲਬੇ ‘ਚ ਫਸ ਗਿਆ ਅਤੇ ਲੋਕਾਂ ਨੇ ਉਸ ਨੂੰ ਬਾਹਰ ਕੱਢਿਆ। ਇਸ ਦੌਰਾਨ ਨੌਜਵਾਨ ਨੂੰ ਕਾਫੀ ਸੱਟਾਂ ਲੱਗੀਆਂ।

ਜਾਣਕਾਰੀ ਦਿੰਦਿਆਂ ਮਕਾਨ ਮਾਲਕ ਰੁਹਤਾਜ ਨੇ ਦੱਸਿਆ ਕਿ ਠੇਕੇਦਾਰ ਦੀ ਗ਼ਲਤੀ ਕਾਰਨ ਉਸ ਦਾ ਤਿੰਨ ਮੰਜ਼ਿਲਾ ਮਕਾਨ ਡਿੱਗ ਗਿਆ, ਜਿਸ ਕਾਰਨ ਉਸ ਦੀ ਸਾਰੀ ਉਮਰ ਦੀ ਕਮਾਈ ਖੁੱਸ ਗਈ। ਜਦਕਿ ਦੂਜੇ ਮਕਾਨ ਮਾਲਕ ਤੇਜਪਾਲ ਨੇ ਵੀ ਦੱਸਿਆ ਕਿ ਇਹ ਹਾਦਸਾ ਮੌਕੇ ‘ਤੇ ਕੰਮ ਕਰ ਰਹੇ ਠੇਕੇਦਾਰ ਦੇ ਕਰਮਚਾਰੀਆਂ ਦੀ ਅਣਗਹਿਲੀ ਅਤੇ ਗ਼ਲਤੀ ਕਾਰਨ ਵਾਪਰਿਆ ਹੈ।

ਦੋਵਾਂ ਪੀੜਤਾਂ ਨੇ ਦੱਸਿਆ ਕਿ ਮਕਾਨ ਢਹਿਣ ਤੋਂ ਬਾਅਦ ਠੇਕੇਦਾਰ ਅਤੇ ਕਰਮਚਾਰੀ ਆਪਣੀਆਂ ਮਸ਼ੀਨਾਂ ਛੱਡ ਕੇ ਮੌਕੇ ਤੋਂ ਫ਼ਰਾਰ ਹੋ ਗਏ। ਠੇਕੇਦਾਰ ਨੇ ਇਹ ਦੇਖਣਾ ਵੀ ਜ਼ਰੂਰੀ ਨਹੀਂ ਸਮਝਿਆ ਕਿ ਮਲਬੇ ਹੇਠ ਕੋਈ ਆਇਆ ਤਾਂ ਨਹੀਂ। ਘਟਨਾ ਦਾ ਪਤਾ ਲੱਗਦਿਆਂ ਹੀ ਰਾਹਤ ਕਰਮਚਾਰੀ ਤੇ ਪੁਲਿਸ ਵਿਭਾਗ ਦੇ ਅਧਿਕਾਰੀ ਮੌਕੇ ‘ਤੇ ਪਹੁੰਚ ਗਏ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ – ਹੁਣ ਸਾਲ ’ਚ 2 ਵਾਰ ਹੋਣਗੇ ਯੂਨੀਵਰਸਿਟੀਆਂ ਤੇ ਕਾਲਜਾਂ ’ਚ ਦਾਖ਼ਲੇ; 2 ਵਾਰ ਪਲੇਸਮੈਂਟ ਡ੍ਰਾਈਵ, ਜੁਲਾਈ ਮਗਰੋਂ ਜਨਵਰੀ ’ਚ ਵੀ ਐਡਮਿਸ਼ਨ

Exit mobile version