The Khalas Tv Blog India ਲਾਰੈਂਸ ਬਿਸ਼ਨੋਈ-ਸੰਪਤ ਨਹਿਰਾ-ਟੀਨੂੰ ਭਿਵਾਨੀ ਗੈਂਗ ਦੇ ਦੋ ਗੈਂਗਸਟਰ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ
India Punjab

ਲਾਰੈਂਸ ਬਿਸ਼ਨੋਈ-ਸੰਪਤ ਨਹਿਰਾ-ਟੀਨੂੰ ਭਿਵਾਨੀ ਗੈਂਗ ਦੇ ਦੋ ਗੈਂਗਸਟਰ ਗੋਲੀਬਾਰੀ ਤੋਂ ਬਾਅਦ ਗ੍ਰਿਫਤਾਰ

ਦਿੱਲੀ : ਦਿੱਲੀ ਪੁਲਿਸ ਦੇ ਸਪੈਸ਼ਲ ਸੈੱਲ ਨੇ ਇੱਕ ਮੁਕਾਬਲੇ ਤੋਂ ਬਾਅਦ ਲਾਰੈਂਸ ਬਿਸ਼ਨੋਈ,ਸੰਪਤ ਨਹਿਰਾ ਤੇ ਟੀਨੂੰ ਗੈਂਗ ਦੇ ਦੋ ਗੈਂਗਸਟਰਾਂ ਦੀਪਕ ਅਰੋੜਾ ਅਤੇ ਗੁਲਸ਼ਨ ਕੁਮਾਰ ਨੂੰ ਗ੍ਰਿਫਤਾਰ ਕੀਤਾ ਹੈ। ਦੋਵਾਂ ਕੋਲੋਂ ਛੇ ਕਾਰਤੂਸ ਸਮੇਤ ਦੋ ਪਿਸਤੌਲ ਬਰਾਮਦ ਹੋਏ ਹਨ। ਦੀਪਕ ਦੀ ਪੁਲਿਸ ਨੂੰ ਕਾਫੀ ਸਮੇਂ ਤੋਂ ਤਲਾਸ਼ ਸੀ ਕਿਉਂਕਿ ਇਹ 6 ਮਾਮਲਿਆਂ ‘ਚ ਲੋੜੀਂਦਾ ਸੀ।

ਇਹਨਾਂ ਉੱਤੇ ਪੁਲਸ ‘ਤੇ ਗੋਲੀਬਾਰੀ ਕਰਨ, ਬਹਾਦੁਰਗੜ੍ਹ ‘ਚ ਮੋਟਰਸਾਈਕਲ ਖੋਹਣ ਅਤੇ ਦਿੱਲੀ ‘ਚ 29 ਲੱਖ ਰੁਪਏ ਦੀ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਸ਼ਾਮਲ ਹੋਣ ਦੇ ਇਲਜ਼ਾਮ ਹਨ। ਫੜੇ ਗਏ ਦੋਵੇਂ ਗੈਂਗਸਟਰ ਦਿੱਲੀ ਅਤੇ ਹਰਿਆਣਾ ਵਿਚ ਦਰਜਨ ਤੋਂ ਵੱਧ ਅਪਰਾਧਿਕ ਮਾਮਲਿਆਂ ਵਿਚ ਸ਼ਾਮਲ ਹਨ।

ਦਿੱਲੀ ਪੁਲਿਸ ਦੇ ਸਪੈਸ਼ਲ ਸੈਲ ਨੇ ਇੱਕ ਟਵੀਟ ਰਾਹੀਂ ਇੱਸ ਖ਼ਬਰ ਦੀ ਪੁਸ਼ਟੀ ਕੀਤੀ ਹੈ। ਸਪੈਸ਼ਲ ਸੈੱਲ ਦੇ ਉੱਚ ਅਧਿਕਾਰੀਆਂ ਦੇ ਅਨੁਸਾਰ ਪੁਲਿਸ ਟੀਮ ਨੂੰ ਦੋਵਾਂ ਗੈਂਗਸਟਰਾਂ ਦੇ ਦਿੱਲੀ ਆਉਣ ਦੀ ਸੂਚਨਾ ਮਿਲੀ ਸੀ। ਇਸ ਤੋਂ ਬਾਅਦ 30 ਸਤੰਬਰ ਨੂੰ ਰਾਤ ਕਰੀਬ 10.15 ਵਜੇ ਦੀਪਕ ਅਤੇ ਗੁਲਸ਼ਨ ਨੂੰ ਛਤਰਪੁਰ ਵਾਲੇ ਪਾਸੇ ਤੋਂ ਲਾਡੋ ਸਰਾਏ ਦਿੱਲੀ ਵੱਲ ਜਾਂਦੇ ਦੇਖਿਆ ਗਿਆ ਸੀ।

ਇਸ ਦੌਰਾਨ ਪੁਲੀਸ ਨੇ ਉਨ੍ਹਾਂ ਨੂੰ ਚੈਕਿੰਗ ਪੁਆਇੰਟ ’ਤੇ ਰੁਕਣ ਦਾ ਇਸ਼ਾਰਾ ਕੀਤਾ ਪਰ ਦੀਪਕ ਨੇ ਅਚਾਨਕ ਪਿਸਤੌਲ ਕੱਢ ਕੇ ਪੁਲੀਸ ਟੀਮ ’ਤੇ ਗੋਲੀਆਂ ਚਲਾ ਦਿੱਤੀਆਂ। ਟੀਮ ਦੇ ਮੈਂਬਰਾਂ ਨੇ ਮੁਲਜ਼ਮਾਂ ਨੂੰ ਕਾਬੂ ਕਰਨ ਲਈ ਸਵੈ-ਰੱਖਿਆ ਵਿੱਚ ਗੋਲੀਆਂ ਵੀ ਚਲਾਈਆਂ ਤੇ ਆਖ਼ਰਕਾਰ ਪੁਲਿਸ ਟੀਮ ਨੇ ਦੋਵਾਂ ਨੂੰ ਗ੍ਰਿਫਤਾਰ ਲਿਆ। ਇਹਨਾਂ ਕੋਲੋਂ ਇੱਕ .32 ਸੈਮੀ ਆਟੋਮੈਟਿਕ ਪਿਸਤੌਲ, ਚਾਰ ਕਾਰਤੂਸ ਅਤੇ ਇੱਕ .315 ਬੋਰ ਦਾ ਸਿੰਗਲ ਸ਼ਾਟ ਪਿਸਤੌਲ ਅਤੇ ਦੋ ਕਾਰਤੂਸ ਬਰਾਮਦ ਕੀਤੇ ਗਏ ਹਨ।

ਗ੍ਰਿਫਤਾਰ ਕੀਤੇ ਗਏ ਮੁਲਜ਼ਮ

ਦੋਵਾਂ ਕੋਲੋਂ ਇੱਕ ਟੀਵੀਐਸ ਬਾਈਕ ਵੀ ਬਰਾਮਦ ਕੀਤੀ ਗਈ ਹੈ, ਜਿਸ ਬਾਰੇ ਉਨ੍ਹਾਂ ਖੁਲਾਸਾ ਕੀਤਾ ਕਿ ਉਨ੍ਹਾਂ ਨੇ ਕਰੀਬ ਦੋ ਮਹੀਨੇ ਪਹਿਲਾਂ ਇਸ ਨੂੰ ਦਿੱਲੀ ਦੇ ਯਮੁਨਾ ਵਿਹਾਰ ਇਲਾਕੇ ਤੋਂ ਚੋਰੀ ਕੀਤਾ ਸੀ। ਕਿਹਾ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਦੋਵੇਂ ਮੁਲਜ਼ਮ ਗੈਂਗਸਟਰ ਲਾਰੈਂਸ ਬਿਸ਼ਨੋਈ, ਸੰਪਤ ਨਹਿਰਾ, ਦੀਪਕ ਉਰਫ ਟੀਨੂੰ ਭਿਵਾਨੀ, ਮਨੋਜ ਬੱਕਰਵਾਲਾ ਅਤੇ ਰਾਜੂ ਬਸੌਦੀ ਦੇ ਕਰੀਬੀ ਸਾਥੀ ਹਨ। ਦਿੱਲੀ ਅਤੇ ਹਰਿਆਣਾ ਵਿੱਚ ਕਈ ਅਪਰਾਧਿਕ ਮਾਮਲਿਆਂ ਵਿੱਚ ਸ਼ਾਮਲ ਹਨ। ਦੀਪਕ ਇਸ ਸਮੇਂ 6 ਅਪਰਾਧਿਕ ਮਾਮਲਿਆਂ ਵਿਚ ਲੋੜੀਂਦਾ ਸੀ,ਇਹਨਾਂ ਵਿੱਚੋਂ 4 ਹਰਿਆਣਾ ਵਿਚ ਅਤੇ 2 ਮਾਮਲੇ ਦਿੱਲੀ ਨਾਲ ਜੁੱੜੇ ਹੋਏ ਹਨ।

 

ਗੈਂਗਸਟਰ ਲਾਰੈਂਸ ਬਿਸ਼ਨੋਈ ਦੀ ਪੇਸ਼ੀ

ਗੈਂਗਸਟਰ ਲਾਰੈਂਸ ਬਿਸ਼ਨੋਈ ਨਾਲ ਜੁੜੀ ਇੱਕ ਹੋਰ ਖ਼ਬਰ ਸਾਹਮਣੇ ਆ ਰਹੀ ਹੈ । ਲਾਰੈਂਸ ਦਾ ਅੱਜ 14 ਦਿਨਾਂ ਦਾ ਰਿਮਾਂਡ ਖ਼ਤਮ ਹੋ ਗਿਆ ਸੀ ,ਜਿਸ ਤੋਂ ਬਾਅਦ ਉਸ ਦੀ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ੀ ਹੋਈ ਹੈ। ਇਸ ਦੌਰਾਨ ਉਸ ਦਾ ਰਿਮਾਂਡ ਲੈਣ ਲਈ ਦੋ ਜਿਲ੍ਹਿਆਂ ਦੀ ਪੁਲਿਸ ਪਹੁੰਚੀ ਹੋਈ ਸੀ। ਜਲੰਧਰ ਤੇ ਮੋਗਾ ਪੁਲਿਸ ਨੇ ਅਦਾਲਤ ਵਿੱਚ ਆਪੋ ਆਪਣੇ ਪੱਖ ਰੱਖ ਕੇ ਲਾਰੈਂਸ ਦੇ ਰਿਮਾਂਡ ਦੀ ਮੰਗ ਕੀਤੀ ਪਰ ਮੋਗਾ ਪੁਲਿਸ ਉਸ ਦੀ ਟਰਾਂਜ਼ਿਟ ਰਿਮਾਂਡ ਲੈਣ ਵਿੱਚ ਕਾਮਯਾਬ ਹੋ ਗਈ ਤੇ ਹੁਣ ਉਸ ਦੀ ਮੋਗਾ ਅਦਾਲਤ ਵਿੱਚ ਪੇਸ਼ੀ ਹੋਵੇਗੀ।

Exit mobile version