ਦਿੱਲੀ ਦੇ ਜੰਤਰ-ਮੰਤਰ ‘ਤੇ ਪਿਛਲੇ ਸੱਤ ਦਿਨਾਂ ਤੋਂ ਪ੍ਰਦਰਸ਼ਨ ਕਰ ਰਹੇ ਪਹਿਲਵਾਨਾਂ ਦਾ ਧਰਨਾ ਲਗਾਤਾਰ ਜਾਰੀ ਹੈ। ਇਸੇ ਦੌਰਾਨ ਦਿੱਲੀ ਪੁਲਿਸ ਨੇ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ(WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਜਿਨਸੀ ਸ਼ੋਸ਼ਣ ਦੇ ਦੋਸ਼ ਵਿੱਚ ਦੋ ਐਫਆਈਆਰ(FIR) ਦਰਜ ਕੀਤੀਆਂ ਹਨ।
ਬੀਬੀਸੀ ਦੀ ਖ਼ਬਰ ਮੁਤਾਬਕ ਦਿੱਲੀ ਦੇ ਡੀਸੀਪੀ ਪ੍ਰਣਵ ਤਾਇਲ ਨੇ ਨਿਊਜ਼ ਏਜੰਸੀ ਏਐਨਆਈ ਨੂੰ ਦੱਸਿਆ ਕਿ ਮਹਿਲਾ ਪਹਿਲਵਾਨਾਂ ਦੀ ਸ਼ਿਕਾਇਤ ‘ਤੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ਼ ਕਨਾਟ ਪਲੇਸ ਥਾਣੇ ‘ਚ ਦੋ ਮਾਮਲੇ ਦਰਜ ਕੀਤੇ ਗਏ ਹਨ।
ਉਨ੍ਹਾਂ ਮੁਤਾਬਕ ਪਹਿਲੀ ਐਫਆਈਆਰ ਨਾਬਾਲਗ ਪੀੜਤ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ। ਇਸ ਮਾਮਲੇ ‘ਚ ਉਸ ਦੇ ਖਿਲਾਫ ਪੋਕਸੋ ਐਕਟ ਅਤੇ ਭਾਰਤੀ ਦੰਡਾਵਲੀ ਦੀਆਂ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਹੈ। ਡੀਸੀਪੀ ਤਾਇਲ ਅਨੁਸਾਰ ਦੂਜੀ ਐਫਆਈਆਰ ਬਾਲਗ ਔਰਤਾਂ ਦੀ ਸ਼ਿਕਾਇਤ ’ਤੇ ਦਰਜ ਕੀਤੀ ਗਈ ਹੈ।
ਇਸ ਤੋਂ ਪਹਿਲਾਂ, ਦਿੱਲੀ ਪੁਲਿਸ ਨੇ ਸ਼ੁੱਕਰਵਾਰ ਨੂੰ ਸੁਪਰੀਮ ਕੋਰਟ ਨੂੰ ਕਿਹਾ ਸੀ ਕਿ ਉਹ ਰੈਸਲਿੰਗ ਫੈਡਰੇਸ਼ਨ ਆਫ ਇੰਡੀਆ (WFI) ਦੇ ਪ੍ਰਧਾਨ ਬ੍ਰਿਜ ਭੂਸ਼ਣ ਸ਼ਰਨ ਸਿੰਘ ‘ਤੇ ਲਗਾਏ ਗਏ ਦੋਸ਼ਾਂ ਦੇ ਆਧਾਰ ‘ਤੇ ਸ਼ੁੱਕਰਵਾਰ ਸ਼ਾਮ ਤੱਕ ਐਫਆਈਆਰ ਦਰਜ ਕਰੇਗੀ।
ਸੁਪਰੀਮ ਕੋਰਟ ਨੇ ਐਫਆਈਆਰ ਦਰਜ ਕਰਨ ਦੀ ਮੰਗ ਵਾਲੀ ਪਟੀਸ਼ਨ ‘ਤੇ ਸੁਣਵਾਈ ਕਰਦਿਆਂ ਮੰਗਲਵਾਰ ਨੂੰ ਦਿੱਲੀ ਪੁਲਿਸ ਨੂੰ ਨੋਟਿਸ ਜਾਰੀ ਕੀਤਾ ਸੀ। ਸੁਪਰੀਮ ਕੋਰਟ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਪਹਿਲਵਾਨਾਂ ਵੱਲੋਂ ਦਿੱਤੀ ਗਈ ਪਟੀਸ਼ਨ ਵਿੱਚ ਗੰਭੀਰ ਦੋਸ਼ ਲਾਏ ਗਏ ਹਨ ਅਤੇ ਉਹ ਇਸ ਮਾਮਲੇ ਦੀ ਸੁਣਵਾਈ ਕਰੇਗੀ।
ਦੋਸ਼ਾਂ ਦੀ ਜਾਂਚ ‘ਚ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਾਂ- ਬ੍ਰਿਜ ਭੂਸ਼ਣ ਸ਼ਰਨ ਸਿੰਘ
ਦੂਜੇ ਪਾਸੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਨੇ ਸ਼ੁੱਕਰਵਾਰ ਨੂੰ ਹੀ ਕਿਹਾ ਕਿ ਉਹ ਆਪਣੇ ‘ਤੇ ਲੱਗੇ ਦੋਸ਼ਾਂ ਦੀ ਜਾਂਚ ‘ਚ ਹਰ ਤਰ੍ਹਾਂ ਨਾਲ ਸਹਿਯੋਗ ਕਰਨ ਲਈ ਤਿਆਰ ਹਨ। ਉਨ੍ਹਾਂ ਨੇ ਕਿਹਾ ”ਮੈਂ ਨਿਆਂਪਾਲਿਕਾ ਦੇ ਫ਼ੈਸਲੇ ਤੋਂ ਖੁਸ਼ ਹਾਂ। ਦਿੱਲੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ। ਜਾਂਚ ਵਿੱਚ ਜਿੱਥੇ ਵੀ ਸਹਿਯੋਗ ਦੀ ਲੋੜ ਹੈ, ਮੈਂ ਸਹਿਯੋਗ ਕਰਨ ਲਈ ਤਿਆਰ ਹਾਂ। ਇਸ ਦੇਸ਼ ਵਿੱਚ ਨਿਆਂਪਾਲਿਕਾ ਤੋਂ ਵੱਡਾ ਕੋਈ ਨਹੀਂ, ਮੈਂ ਵੀ ਨਿਆਂਪਾਲਿਕਾ ਤੋਂ ਵੱਡਾ ਨਹੀਂ।‘’
ਸਾਨੂੰ FIR ਤੋਂ ਕੀ ਮਿਲੇਗਾ?
ਦੂਜੇ ਪਾਸੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਖਿਲਾਫ਼ ਐਫਆਈਆਰ ਦਰਜ ਹੋਣ ਤੋਂ ਬਾਅਦ ਪਹਿਲਵਾਨਾਂ ਦੀ ਪਹਿਲੀ ਪ੍ਰਤੀਕਿਰਿਆ ਆਈ ਹੈ। ਪਹਿਲਵਾਨ ਸਤਿਆਵਰਤ ਕਾਦਿਆਨ ਨੇ FIR ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਇਹ ਚੰਗੀ ਗੱਲ ਹੈ ਕਿ FIR ਦਰਜ ਹੋ ਗਈ ਹੈ, ਪਰ ਸਾਨੂੰ FIR ਤੋਂ ਕੀ ਮਿਲੇਗਾ? ਕੀ ਸਾਨੂੰ ਐਫਆਈਆਰ ਤੋਂ ਇਨਸਾਫ਼ ਮਿਲੇਗਾ? ਦਿੱਲੀ ਪੁਲਿਸ ਨੂੰ ਪਹਿਲੇ ਦਿਨ ਹੀ ਐਫਆਈਆਰ ਦਰਜ ਕਰ ਲੈਣੀ ਚਾਹੀਦੀ ਸੀ। ਕਾਗਜ਼ਾਂ ‘ਤੇ ਸਾਡੀ ਲੜਾਈ ਹੁਣੇ ਸ਼ੁਰੂ ਹੋਈ ਹੈ। ਆਓ ਦੇਖੀਏ ਕਿ ਸਾਡੀ ਕਾਨੂੰਨੀ ਟੀਮ ਅਤੇ ਕੋਚ ਕੀ ਕਹਿੰਦੇ ਹਨ। ਅਸੀਂ ਮੰਗ ਕਰਦੇ ਹਾਂ ਕਿ ਕੁਸ਼ਤੀ ਨੂੰ ਰਾਜਨੀਤੀ ਤੋਂ ਦੂਰ ਰੱਖਿਆ ਜਾਵੇ ਅਤੇ ਸਾਡੀਆਂ ਮਹਿਲਾ ਪਹਿਲਵਾਨਾਂ ਦਾ ਭਵਿੱਖ ਸੁਰੱਖਿਅਤ ਕੀਤਾ ਜਾਵੇ।
ਪਹਿਲਵਾਨ ਬਜਰੰਗ ਪੂਨੀਆ ਨੇ ਐਫਆਈਆਰ ਬਾਰੇ ਕਿਹਾ ਕਿ ਇਹ ਸੁਪਰੀਮ ਕੋਰਟ ਦੇ ਦਬਾਅ ਕਾਰਨ ਹੋਇਆ ਹੈ। ਅਜਿਹਾ ਨਾ ਹੁੰਦਾ ਤਾਂ ਐਫਆਈਆਰ ਪਹਿਲਾਂ ਦਰਜ ਹੋ ਜਾਂਦੀ। ਸਾਨੂੰ ਸੁਪਰੀਮ ਕੋਰਟ ਤੋਂ ਹੀ ਉਮੀਦ ਹੈ। ਉਨ੍ਹਾਂ ਪੁਲੀਸ ’ਤੇ ਪ੍ਰਦਰਸ਼ਨ ਵਿੱਚ ਵਿਘਨ ਪਾਉਣ ਦਾ ਦੋਸ਼ ਵੀ ਲਾਇਆ। ਪੂਨੀਆ ਨੇ ਕਿਹਾ ਕਿ ਪੁਲੀਸ ਪਾਣੀ ਨਹੀਂ ਲੈਣ ਦੇ ਰਹੀ। ਅਸੀਂ ਕੁਝ ਗੱਦੇ ਅਤੇ ਸਾਮਾਨ ਮੰਗਵਾਇਆ ਸੀ ਪਰ ਪੁਲੀਸ ਨੇ ਉਨ੍ਹਾਂ ਨੂੰ ਧਰਨੇ ਵਾਲੀ ਥਾਂ ’ਤੇ ਨਹੀਂ ਲਿਆਉਣ ਦਿੱਤਾ ਅਤੇ ਬਾਹਰੋਂ ਵਾਪਸ ਕਰ ਦਿੱਤਾ।
ਪੂਨੀਆ ਨੇ ਕਿਹਾ ਕਿ ਪੁਲਿਸ ‘ਤੇ ਕਿਹੜਾ ਦਬਾਅ ਆ ਗਿਆ ਹੈ ਕਿ ਉਹ ਖਿਡਾਰੀਆਂ ਨਾਲ ਅਜਿਹਾ ਵਿਵਹਾਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਇਨਸਾਫ਼ ਨਹੀਂ ਮਿਲਦਾ, ਪੁਲਿਸ ਜਿੰਨੇ ਮਰਜ਼ੀ ਅੱਤਿਆਚਾਰ ਕਰ ਲਵੇ, ਖਿਡਾਰੀ ਇੱਥੇ ਹੀ ਰਹਿਣਗੇ। ਇਹ ਭਾਰਤ ਦੀਆਂ ਧੀਆਂ ਦੀ ਲੜਾਈ ਹੈ, ਉਨ੍ਹਾਂ ਦੇ ਮਾਣ-ਸਨਮਾਨ ਦੀ ਲੜਾਈ ਹੈ। ਸਾਨੂੰ ਜੋ ਵੀ ਕੁਰਬਾਨੀ ਕਰਨੀ ਪਵੇ, ਅਸੀਂ ਉਸ ਲਈ ਤਿਆਰ ਹਾਂ।
ਦੱਸ ਦਈਏ ਕਿ ਮਹਿਲਾ ਪਹਿਲਵਾਨਾਂ ਦੇ ਕਥਿਤ ਜਿਨਸੀ ਸ਼ੋਸ਼ਣ ਦੇ ਮਾਮਲੇ ਵਿੱਚ ਉਨ੍ਹਾਂ ਖ਼ਿਲਾਫ਼ ਕਾਰਵਾਈ ਦੀ ਮੰਗ ਨੂੰ ਲੈ ਕੇ ਕਈ ਪਹਿਲਵਾਨ ਪਿਛਲੇ ਐਤਵਾਰ ਤੋਂ ਜੰਤਰ-ਮੰਤਰ ਵਿਖੇ ਪ੍ਰਦਰਸ਼ਨ ਕਰ ਰਹੇ ਹਨ। ਅੱਜ ਉਸ ਦੇ ਪ੍ਰਦਰਸ਼ਨ ਦਾ ਸੱਤਵਾਂ ਦਿਨ ਹੈ।