The Khalas Tv Blog Punjab ਬਟਾਲਾ ’ਚ ਸੇਬਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ! ਢਾਈ ਲੱਖ ਦੀ ਨਕਦੀ ਵੀ ਸੜ ਕੇ ਸੁਆਹ, ਡਰਾਈਵਰ ਸਣੇ ਦੋ ਨੇ ਮਸਾਂ ਬਚਾਈ ਜਾਨ
Punjab

ਬਟਾਲਾ ’ਚ ਸੇਬਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ! ਢਾਈ ਲੱਖ ਦੀ ਨਕਦੀ ਵੀ ਸੜ ਕੇ ਸੁਆਹ, ਡਰਾਈਵਰ ਸਣੇ ਦੋ ਨੇ ਮਸਾਂ ਬਚਾਈ ਜਾਨ

ਬਿਉਰੋ ਰਿਪੋਰਟ: ਬਟਾਲਾ ਦੇ ਡੇਰਾ ਬਾਬਾ ਨਾਨਕ ਰੋਡ ’ਤੇ ਸਥਿਤ ਤਾਰਾਗੜ੍ਹ ਵਿਖੇ ਸੇਬਾਂ ਨਾਲ ਭਰੇ ਟਰੱਕ ਨੂੰ ਅਚਾਨਕ ਅੱਗ ਲੱਗ ਜਾਣ ਕਾਰਨ ਹਫੜਾ-ਦਫੜੀ ਮੱਚ ਗਈ। ਟਰੱਕ ਡਰਾਈਵਰ ਅਤੇ ਕਲੀਨਰ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ। ਮੌਕੇ ’ਤੇ ਇਕੱਠੇ ਹੋਏ ਲੋਕਾਂ ਨੇ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਗਈ ਅਤੇ ਫਾਇਰ ਬ੍ਰਿਗੇਡ ਨੂੰ ਸੂਚਿਤ ਕੀਤਾ।

ਟਰੱਕ ਚਾਲਕ ਧਿਆਨ ਸਿੰਘ ਅਤੇ ਕਲੀਨਰ ਰਮਨਦੀਪ ਸਿੰਘ ਵਾਸੀ ਵਡਾਲਾ ਬਾਂਗਰ ਨੇ ਦੱਸਿਆ ਕਿ ਉਹ ਸ੍ਰੀਨਗਰ ਤੋਂ ਆਪਣੇ ਟਰੱਕ ਵਿੱਚ ਸੇਬ ਲੱਦ ਕੇ ਰਾਜਸਥਾਨ ਜਾ ਰਹੇ ਸਨ। ਸ਼ੁੱਕਰਵਾਰ ਸਵੇਰੇ ਕਰੀਬ 9.30 ਵਜੇ ਜਿਵੇਂ ਹੀ ਉਹ ਟਰੱਕ ਲੈ ਕੇ ਤਾਰਾਗੜ੍ਹ ਪਹੁੰਚੇ ਤਾਂ ਅਚਾਨਕ ਟਰੱਕ ਨੂੰ ਅੱਗ ਲੱਗ ਗਈ। ਅੱਗ ਇੰਨੀ ਤੇਜ਼ੀ ਨਾਲ ਕੈਬਿਨ ਵੱਲ ਫੈਲ ਗਈ ਕਿ ਉਨ੍ਹਾਂ ਨੂੰ ਕੁਝ ਕਰਨ ਜਾਂ ਸਮਝਣ ਦਾ ਮੌਕਾ ਨਹੀਂ ਮਿਲਿਆ। ਰੌਲਾ ਪਾ ਕੇ ਦੋਵਾਂ ਨੇ ਟਰੱਕ ਤੋਂ ਹੇਠਾਂ ਛਾਲ ਮਾਰ ਕੇ ਆਪਣੀ ਜਾਨ ਬਚਾਈ।

ਟਰੱਕ ਨੂੰ ਅੱਗ ਲੱਗਣ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੇ ਮੌਕੇ ’ਤੇ ਪਹੁੰਚ ਕੇ ਅੱਗ ’ਤੇ ਕਾਬੂ ਪਾਇਆ। ਥਾਣਾ ਲਾਲ ਕਿਲਾ ਦੇ ਇੰਚਾਰਜ ਪ੍ਰਭਜੋਤ ਸਿੰਘ ਨੇ ਵੀ ਮੌਕੇ ’ਤੇ ਪਹੁੰਚ ਕੇ ਮਾਮਲੇ ਦੀ ਜਾਣਕਾਰੀ ਹਾਸਲ ਕੀਤੀ। ਟਰੱਕ ਡਰਾਈਵਰ ਨੇ ਦੱਸਿਆ ਕਿ ਟਰੱਕ ਦੇ ਕੈਬਿਨ ’ਚ ਅੱਗ ਲੱਗਣ ਕਾਰਨ ਢਾਈ ਲੱਖ ਰੁਪਏ ਦੀ ਨਕਦੀ, ਮੋਬਾਈਲ ਫ਼ੋਨ ਤੇ ਹੋਰ ਦਸਤਾਵੇਜ਼ ਸੜ ਗਏ। ਸੇਬ ਦੇ ਡੱਬੇ ਵੀ ਅੱਗ ਦੀ ਲਪੇਟ ਵਿੱਚ ਆ ਗਏ। ਹਾਲਾਂਕਿ ਰਾਹਗੀਰਾਂ ਅਤੇ ਫਾਇਰ ਬ੍ਰਿਗੇਡ ਨੇ ਟਰੱਕ ਵਿੱਚੋਂ ਵੱਡੀ ਗਿਣਤੀ ਵਿੱਚ ਸੇਬਾਂ ਦੇ ਡੱਬੇ ਕੱਢ ਲਏ ਸਨ।

ਨੁਕਸਾਨਿਆ ਗਿਆ ਸੇਬਾਂ ਨਾਲ ਭਰਿਆ ਟਰੱਕ

Exit mobile version