The Khalas Tv Blog Punjab ਡਿਫ਼ਾਲਟਰਾਂ ਨੂੰ ਇੱਕ ਹੋਰ ਮੌਕਾ
Punjab

ਡਿਫ਼ਾਲਟਰਾਂ ਨੂੰ ਇੱਕ ਹੋਰ ਮੌਕਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਸੂਬੇ ਦੇ ਸਾਰੇ ਸਕੂਲ ਪ੍ਰਬੰਧਕਾਂ ਨੂੰ 5 ਅਗਸਤ ਤੱਕ ਬੱਸਾਂ ਦੇ ਪੁਰਾਣੇ ਬਕਾਇਆ ਟੈਕਸ ਭਰਨ ਦੀ ਹਦਾਇਤ ਕੀਤੀ ਹੈ। ਉਨ੍ਹਾਂ ਜ਼ੋਰ ਦੇ ਕੇ ਕਿਹਾ ਹੈ ਕਿ ਨਿਰਧਾਰਤ ਤਰੀਕ ਪਿੱਛੋਂ ਡਿਫ਼ਾਲਟਰਾਂ ਵਿਰੁੱਧ ਸਖ਼ਤ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।

ਟਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਟੈਕਸ ਡਿਫ਼ਾਲਟਰਾਂ ਲਈ ਐਮਨੈਸਟੀ ਸਕੀਮ ਚਲਾਈ ਜਾ ਰਹੀ ਹੈ ਜਿਸ ਤਹਿਤ ਟੈਕਸ ਡਿਫ਼ਾਲਟਰਾਂ ਨੂੰ 5 ਅਗਸਤ ਤੱਕ ਟੈਕਸ ਭਰਨ ਦਾ ਸਮਾਂ ਦਿੱਤਾ ਗਿਆ ਹੈ।

ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਯਕੀਨੀ ਬਣਾਉਣ ਦੇ ਮੱਦੇਨਜ਼ਰ ਸਕੂਲ ਬੱਸਾਂ ਵਿੱਚ ਨਿਯਮਾਂ ਮੁਤਾਬਕ ਰਹਿੰਦੀਆਂ ਕਮੀਆਂ ਨੂੰ 31 ਅਗਸਤ ਤੱਕ ਹਰ ਹੀਲੇ ਪੂਰਾ ਕਰ ਲਿਆ ਜਾਵੇ। ਮੰਤਰੀ ਨੇ ਕਿਹਾ ਕਿ ਸਮੂਹ ਡਿਪਟੀ ਕਮਿਸ਼ਨਰਾਂ ਅਤੇ ਜ਼ਿਲ੍ਹਾ ਪੁਲਿਸ ਮੁਖੀਆਂ ਨੂੰ ਸਪੱਸ਼ਟ ਹਦਾਇਤ ਹੈ ਕਿ ਉਹ ਸਮੇਂ-ਸਮੇਂ ‘ਤੇ ਸਕੂਲ ਵਾਹਨਾਂ ਦੀ ਚੈਕਿੰਗ ਕਰਨ ਅਤੇ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਸਕੂਲ ਵਾਹਨਾਂ ਨੂੰ ਜ਼ਬਤ ਕਰਨ।

ਭੁੱਲਰ ਨੇ ਕਿਹਾ ਕਿ ਬੱਸਾਂ ਵਿੱਚ ਨਿਯਮਾਂ ਮੁਤਾਬਕ ਲੋੜੀਂਦੇ ਸਮਾਨ ਦੀ ਘਾਟ ਕਾਰਨ ਵਾਪਰੀ ਕਿਸੇ ਵੀ ਅਣਸੁਖਾਵੀਂ ਘਟਨਾ ਦੀ ਮੁਕੰਮਲ ਜ਼ਿੰਮੇਵਾਰੀ ਸਕੂਲ ਪ੍ਰਬੰਧਕਾਂ ਦੀ ਹੋਵੇਗੀ। ਟਰਾਂਸਪੋਰਟ ਮੰਤਰੀ ਨੇ ਮਾਪਿਆਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਉਹ ਵੀ ਸਕੂਲ ਵਾਹਨਾਂ ਵਿੱਚ ਨਿਯਮਾਂ ਦੀ ਉਲੰਘਣਾ ਜਿਵੇਂ ਅੱਗ ਬੁਝਾਊ ਯੰਤਰ, ਫਸਟ-ਏਡ ਬਾਕਸ, ਸਪੀਡ ਗਵਰਨਰ, ਐਮਰਜੈਂਸੀ ਖਿੜਕੀ, ਸਕੂਲ ਬੈਗ ਰੱਖਣ ਲਈ ਸਹੀ ਪ੍ਰਬੰਧ, ਪਰਮਿਟ, ਬੱਚਿਆਂ ਦੇ ਬੈਠਣ ਲਈ ਸਹੀ ਸੀਟਾਂ ਦਾ ਪ੍ਰਬੰਧ ਆਦਿ ਨਾ ਹੋਵੇ ਤਾਂ ਤੁਰੰਤ ਸਬੰਧਤ ਅਧਿਕਾਰੀਆਂ ਨੂੰ ਜਾਣਕਾਰੀ ਦੇਣ ਅਤੇ ਉਹ ਪੂਰੀ ਤਰ੍ਹਾਂ ਨਾਲ ਜਾਂਚ ਕਰਨ ਉਪਰੰਤ ਹੀ ਆਪਣੇ ਬੱਚਿਆਂ ਨੂੰ ਸਕੂਲ ਵਾਹਨ ਵਿੱਚ ਭੇਜਣ। ਮੰਤਰੀ ਨੇ ਕਿਹਾ ਕਿ ਬੱਸਾਂ ‘ਤੇ ਸਕੂਲ ਦਾ ਨਾਮ ਅਤੇ ਫ਼ੋਨ ਨੰਬਰ ਲਿਖਣਾ ਲਾਜ਼ਮੀ ਹੈ।

Exit mobile version