ਕੈਟ ਦੇ ਕੌਮੀ ਪ੍ਰਧਾਨ, ਬੀਸੀ ਭਰਤੀਆ ਅਤੇ ਰਾਸ਼ਟਰੀ ਜਨਰਲ ਸਕੱਤਰ ਪ੍ਰਵੀਨ ਖੰਡੇਲਵਾਲ ਨੇ ਕਿਸਾਨ ਅੰਦੋਲਨ ਦੇ ਮੁੱਦੇ ‘ਤੇ ‘ਵਿਚੋਲੇ’ ਨੂੰ ਖਤਮ ਕਰਨ ‘ਤੇ ਸਖ਼ਤ ਪ੍ਰਤੀਕ੍ਰਿਆ ਦਿੱਤੀ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਨੂੰ ਵਿਚੋਲੇ ਕਿਹਾ ਜਾ ਰਿਹਾ ਹੈ, ਉਹ ਵਪਾਰੀ ਹਨ, ਜੋ ਹਰ ਸੂਰਤ ਵਿੱਚ ਦੇਸ਼ ਦੇ ਕਿਸਾਨਾਂ ਦੀ ਫਸਲ ਵੇਚਣ ਵਿੱਚ ਕਿਸਾਨਾਂ ਦੀ ਮਦਦ ਕਰਦੇ ਹਨ। ਇਹ ਉਹ ਲੋਕ ਹਨ, ਜੋ ਕਿਸਾਨ ਨੂੰ ਵਿੱਤੀ ਤੇ ਹੋਰ ਸਹਾਇਤਾ ਦਿੰਦੇ ਹਨ।
ਖੰਡੇਲਵਾਲ ਨੇ ਕਿਹਾ ਕਿ ਬਹੁਤ ਹੋ ਗਿਆ, ਹੁਣ ਇਹ ਸਪੱਸ਼ਟ ਹੋ ਜਾਣਾ ਚਾਹੀਦਾ ਹੈ ਕਿ ਖੇਤੀਬਾੜੀ ਕਾਨੂੰਨਾਂ ਦੇ ਲਾਗੂ ਹੋਣ ਤੋਂ ਬਾਅਦ ਕੌਣ ਅਤੇ ਕਿਸ ਤਰ੍ਹਾਂ ਦੇ ਵਿਚੋਲੇ ਹੋਣਗੇ। ਇਨ੍ਹਾਂ ਸੰਸਥਾਨਾਂ ਵਿਚ ਕੰਮ ਕਰਨ ਵਾਲੇ ਪ੍ਰਬੰਧਕ, ਕੁਲੈਕਸ਼ਨ ਸੈਂਟਰ, ਸੈਂਪਲਰ, ਗ੍ਰੇਡਰ, ਮਜ਼ਦੂਰ, ਲਿਫਟਿੰਗ ਜਾਂ ਮਾਲ ਲੋਡ ਕਰਨ ਤੇ ਹੋਰ ਲੋਕ ਵਿਚੋਲੇ ਨਹੀਂ ਹੋਣਗੇ? ਕੀ ਉਨ੍ਹਾਂ ਨੂੰ ਅਦਾ ਕੀਤਾ ਜਾਣ ਵਾਲਾ ਪੈਸਾ ਜਾਂ ਕਮਿਸ਼ਨ ਜਾਂ ਬ੍ਰੋਕਰੇਜ ਗਾਹਕਾਂ ਤੋਂ ਵਸੂਲਿਆ ਨਹੀਂ ਜਾਏਗੀ? ਕੀ ਇਹ ਰਕਮ ਖੇਤੀਬਾੜੀ ਪ੍ਰਣਾਲੀ ਦਾ ਹਿੱਸਾ ਨਹੀਂ ਹੋਵੇਗੀ? ਕੀ ਕੋਈ ਇਹ ਸਾਰਾ ਕੰਮ ਦਾਨ ਵਿੱਚ ਕਰੇਗਾ? ਵਪਾਰੀਆਂ ਪ੍ਰਤੀ ਹਲਕੇ ਸ਼ਬਦਾਂ ਦੀ ਵਰਤੋਂ ਨਹੀਂ ਕੀਤੀ ਜਾਣੀ ਚਾਹੀਦੀ। ਸਾਰਾ ਆਰਥਿਕ ਢਾਂਚਾ ਵਪਾਰੀਆਂ ਦੇ ਉੱਪਰ ਖੜ੍ਹਾ ਹੈ।