The Khalas Tv Blog Punjab ਪਹਿਲਗਾਮ ਹਮਲੇ ਮਗਰੋਂ ਅੰਮ੍ਰਿਤਸਰ ’ਚ ਸੈਲਾਨੀਆਂ ਦੀ ਆਮਦ ਘਟੀ
Punjab

ਪਹਿਲਗਾਮ ਹਮਲੇ ਮਗਰੋਂ ਅੰਮ੍ਰਿਤਸਰ ’ਚ ਸੈਲਾਨੀਆਂ ਦੀ ਆਮਦ ਘਟੀ

ਪਹਿਲਗਾਮ ਅਤਿਵਾਦੀ ਹਮਲੇ ਤੋਂ ਬਾਅਦ ਪਿਛਲੇ ਦੋ ਦਿਨਾਂ ਤੋਂ ਅੰਮ੍ਰਿਤਸਰ ਵਿੱਚ ਸੈਲਾਨੀਆਂ ਦੀ ਆਮਦ ਘਟ ਗਈ ਹੈ। ਇਸ ਘਟਨਾ ਕਾਰਨ ਤੇ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਖ਼ਿਲਾਫ਼ ਕੀਤੇ ਫ਼ੈਸਲਿਆਂ ਮਗਰੋਂ ਲੋਕਾਂ ’ਚ ਡਰ ਦਾ ਮਾਹੌਲ ਬਣ ਗਿਆ ਹੈ। ਇਸ ਕਾਰਨ ਲੋਕਾਂ ਵੱਲੋਂ ਇੱਥੇ ਹੋਟਲਾਂ ਵਿੱਚ ਪਹਿਲਾਂ ਕੀਤੀ ਹੋਈ ਬੁਕਿੰਗ ਰੱਦ ਕੀਤੀ ਜਾ ਰਹੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਇਸ ਦਾ ਪ੍ਰਭਾਵ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਲਾਈਆਂ ਜਾ ਰਹੀਆਂ ਸਰਾਵਾਂ ਵਿੱਚ ਵੀ ਦੇਖਣ ਨੂੰ ਮਿਲਿਆ ਹੈ। ਇਸ ਦੇ ਨਾਲ ਹੀ ਹਰਿਮੰਦਰ ਸਾਹਿਬ ਵਿੱਚ ਵੀ ਸ਼ਰਧਾਲੂਆਂ ਦੀ ਗਿਣਤੀ ਵਿੱਚ ਕਮੀ ਆਈ ਹੈ। ਸ਼ਹਿਰ ਦੇ ਹੋਟਲਾਂ ਅਤੇ ਗੈਸਟ ਹਾਊਸਾਂ ਵਿੱਚ ਯਾਤਰੀਆਂ ਦੀ ਗਿਣਤੀ ਅੱਧੀ ਰਹਿ ਗਈ ਹੈ। ਆਮ ਤੌਰ ’ਤੇ ਪਹਿਲਾਂ ਰੋਜ਼ਾਨਾ ਹੀ ਦੁਨੀਆਂ ਭਰ ਤੋਂ ਲਗਪਗ 1,00,000 ਸ਼ਰਧਾਲੂ ਹਰਿਮੰਦਰ ਸਾਹਿਬ ਵਿੱਚ ਮੱਥਾ ਟੇਕਣ ਪੁੱਜਦੇ ਸਨ।

‘ਬਾਹਰਲੇ’ ਸੈਲਾਨੀਆਂ ਦੀ ਗਿਣਤੀ ਵਿੱਚ ਕਮੀ ਦਾ ਅੰਦਾਜ਼ਾ ਇਸ ਤੱਥ ਤੋਂ ਲਗਾਇਆ ਜਾ ਸਕਦਾ ਹੈ ਕਿ ਦਰਸ਼ਨੀ ਡਿਓਢੀ ਵਿੱਚ ਪਹਿਲਾਂ ਵਾਰੀ ਦੀ ਉਡੀਕ ਕਰ ਰਹੇ ਸ਼ਰਧਾਲੂਆਂ ਦੀਆਂ ਲੰਮੀਆਂ ਕਤਾਰਾਂ ਹੁੰਦੀਆਂ ਸਨ ਤੇ ਹੁਣ ਸੰਗਤ ਦੀ ਹਾਜ਼ਰੀ ਘੱਟ ਦੇਖਣ ਨੂੰ ਮਿਲੀ ਹੈ। ਸਰਾਵਾਂ ਦੇ ਮੈਨੇਜਰ ਦੇ ਦੱਸਣ ਅਨੁਸਾਰ ਸਰਾਵਾਂ ’ਚ ਯਾਤਰੂਆਂ ਦੀ ਗਿਣਤੀ ਵਿੱਚ ਕਰੀਬ 30 ਫ਼ੀਸਦੀ ਦੀ ਕਮੀ ਆਈ ਹੈ।

ਉਨ੍ਹਾਂ ਦੱਸਿਆ ਕਿ ਪਹਿਲਗਾਮ ਹਮਲੇ ਤੇ ਕਣਕ ਦੀ ਵਾਢੀ ਕਰ ਕੇ ਸ਼ਰਧਾਲੂਆਂ ਦੀ ਆਮਦ ਘਟੀ ਹੈ। ਇਸੇ ਤਰ੍ਹਾਂ ਹਫ਼ਤੇ ਦੇ ਅੰਤਲੇ ਦਿਨਾਂ ’ਤੇ ਵੀ ਬੁਕਿੰਗ ਘੱਟ ਹੈ। ਅੰਮ੍ਰਿਤਸਰ ਹੋਟਲ ਅਤੇ ਰੇਸਤਰਾਂ ਐਸੋਸੀਏਸ਼ਨ ਦੇ ਪ੍ਰਧਾਨ ਨੇ ਕਿਹਾ ਕਿ ਪਹਿਲਗਾਮ ਘਟਨਾ ਤੋਂ ਬਾਅਦ ਹੋਟਲਾਂ ’ਚ 50 ਫ਼ੀਸਦ ਤੋਂ ਵੱਧ ਬੁਕਿੰਗਾਂ ਰੱਦ ਕੀਤੀਆਂ ਗਈਆਂ ਹਨ ਅਤੇ ਲੋਕ ਆਪਣੇ ਪੈਸੇ ਵਾਪਸ ਮੰਗ ਰਹੇ ਹਨ। ਉਨ੍ਹਾਂ ਕਿਹਾ ਕਿ ਕੱਲ੍ਹ NIA ਵੱਲੋਂ ਸਾਵਧਾਨੀ ਅਤੇ ਸੁਰੱਖਿਆ ਦੇ ਮੱਦੇਨਜ਼ਰ ਹੋਟਲਾਂ ’ਤੇ ਛਾਪੇ ਮਾਰਨ ਕਾਰਨ ਮਹਿਮਾਨਾਂ ਵਿੱਚ ਦਹਿਸ਼ਤ ਫੈਲ ਗਈ ਸੀ। ਉਨ੍ਹਾਂ ਵੱਲੋਂ ਇਸ ਸਥਿਤੀ ਨਾਲ ਨਜਿੱਠਣ ਲਈ ਮੈਂਬਰ ਹੋਟਲ ਮਾਲਕਾਂ ਦੀ ਹੰਗਾਮੀ ਮੀਟਿੰਗ ਬੁਲਾਈ ਗਈ ਹੈ।

Exit mobile version