ਟੋਰਾਂਟੋ ਸਿਟੀ ਪ੍ਰਸ਼ਾਸਨ ਨੇ ਸਿੱਖਾਂ ਤੋਂ ਮੰਗੀ ਮੁਆਫੀ, 100 ਸਿੱਖ ਸਕਿਉਰਿਟੀ ਗਾਰਡਾਂ ਨੂੰ ਮੁੜ ਤੋਂ ਬਹਾਲ ਕੀਤਾ ਗਿਆ
‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕੈਨੇਡਾ ਵਿੱਚ ਸਿੱਖੀ ਦੀ ਵੱਡੀ ਜਿੱਤ ਹੋਈ ਹੈ। ਵਰਲਡ ਸਿੱਖ ਆਰਗੇਨਾਈਜ਼ੇਸ਼ਨ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਵਿਰੋਧ ਦੇ ਸਾਹਮਣੇ ਟੋਰਾਂਟੋ ਸਿਟੀ ਪ੍ਰਸ਼ਾਸਨ ਆਪਣਾ ਹੁਕਮ ਵਾਪਸ ਲੈਣ ਨੂੰ ਮਜ਼ਬੂਰ ਹੋ ਗਿਆ ਹੈ। ਟੋਰਾਂਟੋ ਪ੍ਰਸ਼ਾਸਨ ਨੇ ਮੁੜ ਤੋਂ 100 ਸਿੱਖ ਗਾਰਡਾਂ ਨੂੰ ਨੌਕਰੀ ਉੱਤੇ ਬਹਾਲ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਸ ਦੇ ਨਾਲ ਹੀ ਪ੍ਰਸ਼ਾਸਨ ਨੇ ਵਰਲਡ ਸਿੱਖ ਆਰਗੇਨਾਈਜੇਸ਼ਨ ਅਤੇ ਸਿੱਖ ਭਾਈਚਾਰੇ ਤੋਂ ਮੁਆਫੀ ਵੀ ਮੰਗੀ ਹੈ। ਟੋਰਾਂਟੋ ਪ੍ਰਸ਼ਾਸਨ ਵੱਲੋਂ 100 ਸਿੱਖ ਸਕਿਉਰਿਟੀ ਗਾਰਡਾਂ ਨੂੰ ਨੌਕਰੀ ਤੋਂ ਇਸ ਲਈ ਕੱਢ ਦਿੱਤਾ ਸੀ ਕਿਉਂਕਿ ਉਨ੍ਹਾਂ ਨੇ ਮਾਸਕ ਪਾਉਣ ਦੇ ਲਈ ਕਲੀਨ ਸ਼ੇਵ ਹੋਣ ਤੋਂ ਮਨ੍ਹਾ ਕਰ ਦਿੱਤਾ ਸੀ। ਇਸ ਮਸਲੇ ਨੂੰ ਲੈ ਕੇ ਸਿੱਖ ਭਾਈਚਾਰੇ ਵਿੱਚ ਕਾਫੀ ਗੁੱਸਾ ਸੀ। ਸਿੱਖ ਜਥੇਬੰਦੀਆਂ ਦੇ ਸਵਾਲਾਂ ਦੇ ਅੱਗੇ ਟੋਰਾਂਟੋ ਪ੍ਰਸ਼ਾਸਨ ਪੂਰੀ ਤਰ੍ਹਾਂ ਨਾਲ ਬੇਬੱਸ ਹੋ ਗਿਆ ਅਤੇ ਆਪਣਾ ਫੈਸਲਾ ਵਾਪਸ ਲੈਣ ਨੂੰ ਮਜ਼ਬੂਰ ਹੋ ਗਿਆ।
ਕੈਨੇਡਾ ਦੇ ਸ਼ਹਿਰ ਟੋਰਾਂਟੋ ਵਿੱਚ ਕਲੀਨ ਸ਼ੇਵ ਵਿਅਕਤੀਆਂ ਨੂੰ ਨੌਕਰੀ ਦੇਣ ਲਈ 100 ਦੇ ਕਰੀਬ ਸਾਬਤ ਸੂਰਤ ਸਿੱਖ ਨੌਜਵਾਨਾਂ ਨੂੰ ਕੰਮ ਤੋਂ ਹਟਾਇਆ ਗਿਆ ਸੀ। ਪੰਜਾਬ ਦੇ ਜੇਲ੍ਹ ਮੰਤਰੀ ਹਰਜੋਤ ਸਿੰਘ ਬੈਂਸ ਨੇ ਇਸ ਘਟਨਾ ਦੀ ਸਖ਼ਤ ਸ਼ਬਦਾਂ ਵਿੱਚ ਨਿੰਦਾ ਕਰਦਿਆਂ 100 ਸੁਰੱਖਿਆ ਗਾਰਡਾਂ ਦੀ ਮੁੜ ਬਹਾਲੀ ਦੀ ਮੰਗ ਕੀਤੀ ਸੀ। ਉਨ੍ਹਾਂ ਨੇ ਕਿਹਾ ਸੀ ਕਿ ਦਾੜੀ ਅਤੇ ਮੁੱਛਾਂ ਸਿੱਖ ਦੀ ਪਛਾਣ ਹਨ, ਇਸ ਕਰਕੇ ਇਹ ਫੈਸਲਾ ਤੁਰੰਤ ਵਾਪਸ ਲੈਣਾ ਚਾਹੀਦਾ ਹੈ।
ਜਨਵਰੀ ਤੋਂ ਨਿਯਮ ਲਾਗੂ ਹੋਇਆ ਸੀ
ਟੋਰਾਂਟੋ ਵਿੱਚ ਇਹ ਨਿਯਮ ਜਨਵਰੀ ਤੋਂ ਲਾਗੂ ਹੋਇਆ ਸੀ ਜਿਸ ਦੇ ਮੁਤਾਬਿਕ ਮਾਸਕ ਪਾਉਣ ਲਈ ਕਲੀਨ ਸ਼ੇਵ ਨਾ ਹੋਣ ‘ਤੇ ਨੌਕਰੀ ਤੋਂ ਕੱਢਣ ਦੇ ਨਿਰਦੇਸ਼ ਦਿੱਤੇ ਗਏ ਸਨ। ਜਦੋਂ 100 ਸਿੱਖਾਂ ਨੂੰ ਨੌਕਰੀ ਤੋਂ ਕੱਢਣ ਦੀ ਰਿਪੋਰਟ ਨਸ਼ਰ ਹੋਈ ਤਾਂ ਸਿੱਖ ਜਥੇਬੰਦੀਆਂ ਨੇ ਇਸ ਦਾ ਵਿਰੋਧ ਕੀਤਾ ਅਤੇ ਟੋਰਾਂਟੋ ਪ੍ਰਸ਼ਾਸਨ ਨੂੰ ਲਿਖਿਆ ਕਿ ਸਿੱਖ ਸਕਿਉਰਿਟੀ ਗਾਰਡਾਂ ਨੇ ਮੈਡੀਕਲ ਮਾਸਕ ਪਾ ਕੇ ਕੋਰੋਨਾ ਮਹਾਂਮਾਰੀ ਦੇ ਵਿਚ ਸੇਵਾਵਾਂ ਦਿੱਤੀਆਂ ਤੇ ਉਸ ਵੇਲੇ ਕਲੀਨ ਸ਼ੇਵ ਗਾਰਡਾਂ ਦੀ ਲੋੜ ਨਹੀਂ ਸੀ। ਹੁਣ ਕਲੀਨ ਸ਼ੇਵ ਦਾ ਨਿਯਮ ਬਣਾ ਦਿੱਤਾ ਹੈ ਜਦੋਂ ਸ਼ਹਿਰ ਦੀਆਂ ਸਾਈਟਾਂ ’ਤੇ ਆਉਣ ਵਾਲੇ ਸੈਲਾਨੀਆਂ ਨੂੰ ਮਾਸਕ ਪਾਉਣ ਦੀ ਲੋੜ ਨਹੀਂ ਰਹੀ। ਇਹਨਾਂ ਥਾਵਾਂ ’ਤੇ ਸਟਾਫ਼ ਤੇ ਸੁਰੱਖਿਆ ਗਾਰਡਾਂ ਲਈ ਵੀ ਕਲੀਨ ਸ਼ੇਵ ਦੀ ਲੋੜ ਨਹੀਂ ਹੈ। ਇਸ ਤੋਂ ਪਹਿਲਾਂ ਕੈਨੇਡਾ ਦੇ ਰਹਿਣ ਵਾਲੇ 2 ਸਿੱਖ ਡਾਕਟਰ ਸੰਜੀਤ ਸਿੰਘ ਅਤੇ ਰਜਤ ਸਿੰਘ ਨੂੰ ਦਾੜ੍ਹੀ ਕਟਵਾਉਣੀ ਪਈ ਸੀ।
2 ਡਾਕਟਰ ਭਰਾਵਾਂ ਨੂੰ ਦਾੜ੍ਹੀ ਕੱਟਣ ਲਈ ਮਜ਼ਬੂਰ ਕੀਤਾ
ਡਾਕਟਰ ਸੰਜੀਤ ਸਿੰਘ ਸਲੂਜਾ ਅਤੇ ਉਸ ਦੇ ਭਰਾ ਰਜਤ ਸਿੰਘ ਨਿਊਰੋਸਰਜਨ ਵਜੋਂ ਕੈਨੇਡਾ ਵਿੱਚ ਕੰਮ ਕਰ ਰਹੇ ਸਨ,ਜਿਨ੍ਹਾਂ ਨੂੰ ਕੋਵਿਡ-19 ਮਹਾਂਮਾਰੀ ਦੌਰਾਨ ਇੱਕ ਸਖ਼ਤ ਫੈਸਲੇ ਦਾ ਸਾਹਮਣਾ ਕਰਨਾ ਪਿਆ, ਜਿਸ ਕਾਰਨ ਉਹਨਾਂ ਨੂੰ ਸਿੱਖ ਵਿਸ਼ਵਾਸ ਪ੍ਰਣਾਲੀ ਵਿੱਚ ਕੇਸ ਦੇ ਥੰਮ੍ਹ ਅਤੇ ਸੇਵਾ ਦੇ ਥੰਮ੍ਹ ਵਿੱਚੋਂ ਇੱਕ ਦੀ ਚੋਣ ਕਰਨੀ ਪਈ। ਹਸਪਤਾਲ ਪ੍ਰਸ਼ਾਸਨ ਦੇ ਹੁਕਮਾਂ ਤੋਂ ਬਾਅਦ ਦੋਵਾਂ ਭਰਾਵਾਂ ਨੂੰ ਮਾਸਕ ਲਗਾਉਣ ਦੇ ਲਈ ਦਾੜ੍ਹੀ ਦੀ ਕੁਰਬਾਨੀ ਦੇਣੀ ਪਈ। ਇਸ ਫੈਸਲੇ ਨੇ ਡਾਕਟਰ ਸੰਜੀਤ ਦੇ ਮਨ ‘ਤੇ ਗਹਿਰਾ ਅਸਰ ਕੀਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਇਕ ਅਜਿਹਾ ਫੈਸਲਾ ਸੀ ਜਿਸ ਨੇ ਮੈਨੂੰ ਬਹੁਤ ਉਦਾਸ ਕੀਤਾ। ਇਹ ਉਹ ਚੀਜ਼ ਸੀ, ਜੋ ਮੇਰੀ ਪਛਾਣ ਦਾ ਬਹੁਤ ਵੱਡਾ ਹਿੱਸਾ ਸੀ। ਮੈਂ ਹੁਣ ਆਪਣੇ ਆਪ ਨੂੰ ਸ਼ੀਸ਼ੇ ਵਿੱਚ ਬਹੁਤ ਵੱਖਰੇ ਢੰਗ ਨਾਲ ਦੇਖਦਾ ਹਾਂ। ਹਰ ਸਵੇਰ ਜਦੋਂ ਮੈਂ ਆਪਣੇ ਆਪ ਨੂੰ ਦੇਖਦਾ ਹਾਂ, ਤਾਂ ਇਹ ਥੋੜਾ ਜਿਹਾ ਸਦਮਾ ਹੁੰਦਾ ਹੈ ਪਰ ਕੋਵਿਡ-19 ਸਾਡੇ ਭਾਈਚਾਰੇ ਵਿੱਚ ਇੰਨਾ ਫੈਲ ਗਿਆ ਸੀ ਜਿਸ ਕਰਕੇ ਸੰਭਵ ਨਹੀਂ ਸੀ N95 ਮਾਸਕ ਨਾ ਪਹਿਨਣਾ। ਇੱਥੇ ਬਹੁਤ ਸਾਰੇ ਲੋਕ ਆ ਰਹੇ ਸਨ, ਮੈਨੂੰ ਲੱਗਾ ਕਿ ਮੈਂ ਕਿਨਾਰੇ ਨਹੀਂ ਬੈਠ ਸਕਦਾ। ਇਹ ਨਿਯਮ ਦੇ ਖਿਲਾਫ਼ ਸੀ, ਇਸ ਲਈ ਸਾਨੂੰ ਉਹੀ ਕਰਨਾ ਪਿਆ, ਜੋ ਸਾਨੂੰ ਲੋਕਾਂ ਦੀ ਮਦਦ ਕਰਨ ਲਈ ਕਰਨਾ ਪਿਆ।