The Khalas Tv Blog Punjab ਨਾਭਾ ਰਿਆਸਤ ਦੇ ਵਾਰਿਸ ਦੀ ਦਸਤਾਰਬੰਦੀ ਮੁਕੰਮਲ, ਸਪੀਕਰ ਸਣੇ ਕੈਬਨਿਟ ਮੰਤਰੀਆਂ ਨੇ ਭਰੀ ਹਾਜ਼ਰੀ
Punjab

ਨਾਭਾ ਰਿਆਸਤ ਦੇ ਵਾਰਿਸ ਦੀ ਦਸਤਾਰਬੰਦੀ ਮੁਕੰਮਲ, ਸਪੀਕਰ ਸਣੇ ਕੈਬਨਿਟ ਮੰਤਰੀਆਂ ਨੇ ਭਰੀ ਹਾਜ਼ਰੀ

ਬਿਊਰੋ ਰਿਪੋਰਟ (ਨਾਭਾ, 2 ਫਰਵਰੀ 2026): ਨਾਭਾ ਰਿਆਸਤ ਦੇ ਹੀਰਾ ਮਹਿਲ ਵਿਖੇ ਅੱਜ ਇੱਕ ਇਤਿਹਾਸਕ ਅਤੇ ਗੌਰਵਮਈ ਸਮਾਗਮ ਦੌਰਾਨ ਮਹਾਰਾਜਾ ਹੀਰਾ ਸਿੰਘ ਅਤੇ ਮਹਾਰਾਜਾ ਰਿਪੁਦਮਨ ਸਿੰਘ ਦੇ ਵੰਸ਼ਜ ਕੰਵਰ ਅਭੀਉਦੇਪ੍ਰਤਾਪ ਸਿੰਘ ਦੀ ਦਸਤਾਰਬੰਦੀ ਦੀ ਰਸਮ ਅਦਾ ਕੀਤੀ ਗਈ। ਇਸ ਖ਼ਾਸ ਮੌਕੇ ’ਤੇ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ, ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਅਤੇ ਸੱਭਿਆਚਾਰਕ ਮਾਮਲਿਆਂ ਦੇ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਵਿਸ਼ੇਸ਼ ਤੌਰ ’ਤੇ ਸ਼ਿਰਕਤ ਕੀਤੀ।

ਇੱਥੇ ਗੁਰਦੁਆਰਾ ਦਰਬਾਰ ਸਿਰੋਪਾਓ ਸਾਹਿਬ ਵਿਖੇ ਭਾਈ ਰਾਜਾ ਸਿੰਘ ਕਾਲਝਰਾਨੀ ਨੇ 48 ਘੰਟਿਆਂ ਦੇ ਇੱਕ ਚੌਂਕੜੇ ਵਿੱਚ ਬੈਠਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਅਖੰਡ ਪਾਠ ਕੀਤਾ, ਜਿਸ ਦੀ ਸਮਾਪਤੀ ਦੀ ਅਰਦਾਸ ਗੁਰਦੁਆਰਾ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਹੈਡ ਗ੍ਰੰਥੀ ਭਾਈ ਹਰਪਾਲ ਸਿੰਘ ਨੇ ਕੀਤੀ ਅਤੇ ਦਸਤਾਰਬੰਦੀ ਦੀ ਰਸਮ ਨਿਭਾਈ ਗਈ।

ਸਮਾਰੋਹ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਅਤੇ ਪੰਜਾਬ ਸਰਕਾਰ ਵੱਲੋਂ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕੁੰਵਰ ਅਭੀਉਦੇਪ੍ਰਤਾਪ ਸਿੰਘ ਅਤੇ ਸਮੁੱਚੇ ਪਰਿਵਾਰ ਨੂੰ ਦਸਤਾਰ ਬੰਦੀ ਦੀ ਵਧਾਈ ਦਿੱਤੀ ਅਤੇ ਕਿਹਾ ਕਿ ਆਪਣੇ ਗੌਰਵਮਈ ਇਤਿਹਾਸ ਨੂੰ ਯਾਦ ਰੱਖਦਿਆਂ ਪੁਰਾਤਨ ਰਵਾਇਤਾਂ ਨੂੰ ਨਿਭਾਉਣਾ ਸਾਡੇ ਲਈ ਮਾਣ ਵਾਲੀ ਗੱਲ ਹੈ।

ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਉਮੀਦ ਜਤਾਈ ਕਿ ਜਿਸ ਤਰ੍ਹਾਂ ਮਹਾਰਾਜਾ ਰਿਪੁਦਮਨ ਸਿੰਘ ਨੇ ਪੰਜਾਬ, ਸਿੱਖ ਪੰਥ ਤੇ ਦੇਸ਼ ਦੀ ਸੇਵਾ ਕੀਤੀ, ਉਨ੍ਹਾਂ ਦਾ ਮੌਜੂਦਾ ਪਰਿਵਾਰ ਤੇ ਖਾਸ ਕਰਕੇ ਕੁੰਵਰ ਅਭੀਉਦੇਪ੍ਰਤਾਪ ਸਿੰਘ ਵੀ ਉਸੇ ਤਰਜ ‘ਤੇ ਪੰਜਾਬ ਦੀ ਸੇਵਾ ਕਰਨਗੇ।

ਕੁਲਤਾਰ ਸਿੰਘ ਸੰਧਵਾਂ ਅਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਦੀ ਦੇਸ਼ ਪ੍ਰਤੀ ਸੇਵਾ ਅਤੇ ਪੰਥ ਪ੍ਰਸਤੀ ਨੂੰ ਸਾਰਾ ਸੰਸਾਰ ਜਾਣਦਾ ਹੈ ਅਤੇ ਉਨ੍ਹਾਂ ਦੇ ਵੰਸ਼ਜ ਵੱਲੋਂ ਆਪਣੀਆਂ ਪੁਰਾਤਨ ਰਵਾਇਤਾਂ ਦੀ ਪਾਲਣਾ ਕਰਦਿਆਂ ਵਿਰਾਸਤ ਨੂੰ ਚੇਤੇ ਰੱਖਣਾ ਬਹੁਤ ਮਾਣ ਵਾਲੀ ਗੱਲ ਹੈ।

ਸੈਰ ਸਪਾਟਾ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਪੰਜਾਬ ਸਰਕਾਰ, ਸੂਬੇ ਦੀ ਵਿਰਾਸਤ ਤੇ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਲਈ ਵਚਨਬੱਧ ਹੈ, ਇਸੇ ਤਰਜ ‘ਤੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾ ਸ਼ਹੀਦੀ ਦਿਹਾੜੇ ਮੌਕੇ ਭਾਈ ਜੈਤਾ ਜੀ ਯਾਦਗਾਰੀ ਇਮਾਰਤ ਸ਼ਰਧਾਲੂਆਂ ਨੂੰ ਸਮਰਪਿਤ ਕੀਤੀ ਗਈ ਹੈ।

ਤਰੁਨਪ੍ਰੀਤ ਸਿੰਘ ਸੌਂਦ ਨੇ ਕਿਹਾ ਕਿ ਜਦੋਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਪੰਜਾਬ ਸਰਕਾਰ ਸੰਭਾਲੀ, ਉਸ ਸਮੇਂ ਸਾਡੇ ਸਾਹਮਣੇ ਬਹੁਤ ਵੱਡੀਆਂ ਚੁਣੌਤੀਆਂ ਸਨ, ਕਿਉਂਕਿ ਪਿਛਲੀਆਂ ਸਰਕਾਰਾਂ ਨੇ ਵਿਰਾਸਤ ਤੇ ਵਿਰਾਸਤੀ ਇਮਾਰਤਾਂ ਨੂੰ ਸੰਭਾਲਣ ਦਾ ਕੋਈ ਕਦਮ ਨਹੀਂ ਸੀ ਉਠਾਇਆ। ਉਨ੍ਹਾਂ ਕਿਹਾ ਕਿ ਪਹਿਲਾਂ ਸੈਰ ਸਪਾਟਾ ਤੇ ਸੱਭਿਆਚਾਰਕ ਵਿਭਾਗ ਨੂੰ ਇੱਕ ਡੰਮੀ ਮਹਿਕਮਾ ਬਣਾ ਰੱਖਿਆ ਸੀ, ਪਰੰਤੂ ਮੌਜੂਦਾ ਸਰਕਾਰ ਇੱਕ-ਇੱਕ ਕਰਕੇ ਸਾਰੀਆਂ ਵਿਰਾਸਤੀ ਤੇ ਪੁਰਾਤਨ ਇਮਾਰਤਾਂ ਨੂੰ ਸੰਭਾਲਣ ਲਈ ਠੋਸ ਕਦਮ ਉਠਾ ਰਹੀ ਹੈ ਅਤੇ ਬਹੁਤ ਜਲਦ ਸਾਰੀਆਂ ਵਿਰਾਸਤਾਂ ਦਾ ਕੰਮ ਨੇਪਰੇ ਚਾੜ੍ਹਿਆ ਜਾਵੇਗਾ।

ਮੰਤਰੀ ਸੌਂਦ ਨੇ ਕਿਹਾ ਕਿ ਉਹ ਰਾਣੀ ਪ੍ਰੀਤੀ ਸਿੰਘ ਨੂੰ ਦੀਵਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਜਰੀਏ ਮਿਲੇ ਸਨ ਅਤੇ ਇਨ੍ਹਾਂ ਵੱਲੋਂ ਦੀਵਾਨ ਟੋਡਰ ਮੱਲ ਜਹਾਜ਼ੀ ਹਵੇਲੀ ਦੀ ਸਾਂਭ ਸੰਭਾਲ ਕਰਵਾਉਣ ਲਈ ਪਾਇਆ ਜਾ ਰਿਹਾ ਯੋਗਦਾਨ ਸ਼ਲਾਘਾਯੋਗ ਹੈ।

ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਕਿਹਾ ਕਿ 124 ਸਾਲ ਪਹਿਲਾਂ ਭਾਈ ਕਾਨ੍ਹ ਸਿੰਘ ਨਾਭਾ ਦੇ ਪਿਤਾ ਭਾਈ ਨਰੈਣ ਸਿੰਘ ਨੇ ਇੱਕ ਚੌਂਕੜੇ ਵਿੱਚ ਇਸੇ ਅਸਥਾਨ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪਾਠ ਕੀਤਾ ਸੀ। ਉਨ੍ਹਾਂ ਕਿਹਾ ਕਿ ਇਸ ਰਵਾਇਤ ਨੂੰ ਜਿਉਂਦੇ ਰੱਖਣਾ ਬਹੁਤ ਮਾਣ ਵਾਲੀ ਗੱਲ ਹੈ।

ਆਈ ਹੋਈ ਸੰਗਤ ਤੇ ਸਮੁੱਚੀਆਂ ਸ਼ਖ਼ਸੀਅਤਾਂ ਦਾ ਬੀਬੀ ਊਮਾ ਨਾਭਾ, ਭਾਨੂੰਪ੍ਰਤਾਪ ਸਿੰਘ, ਰਾਣੀ ਪ੍ਰੀਤੀ ਸਿੰਘ ਨਾਭਾ ਤੇ ਕੁੰਵਰ ਅਭੀਉਦੇ ਪ੍ਰਤਾਪ ਸਿੰਘ ਨੇ ਧੰਨਵਾਦ ਕਰਦਿਆਂ ਕਿਹਾ ਕਿ ਉਹ ਨਾਭਾ ਵਾਸੀਆਂ ਤੇ ਸਮੁੱਚੇ ਪੰਜਾਬ ਦੇ ਸਦਾ ਰਿਣੀ ਰਹਿਣਗੇ ਕਿਉਂਕਿ ਉਨ੍ਹਾਂ ਦੇ ਪੁਰਖੇ ਮਹਾਰਾਜਾ ਰਿਪੁਦਮਨ ਸਿੰਘ ਨਾਭਾ ਸਮੇਤ ਹੋਰ ਪੂਰਵਜਾਂ ਨੂੰ ਧਰਮੀ ਤੇ ਸ਼ਹੀਦ ਦਾ ਦਰਜਾ ਦਿੱਤਾ ਗਿਆ ਹੈ। ਕੁੰਵਰ ਅਭੀਉਦੇਪ੍ਰਤਾਪ ਸਿੰਘ ਨੇ ਕਿਹਾ ਕਿ ਹਰ ਸਿੱਖ ਆਪਣੇ ਬੱਚਿਆਂ ਦੀ ਦਸਤਾਰਬੰਦੀ ਦੀ ਰਸਮ ਜਰੂਰ ਕਰਵਾਏ, ਜਿਸ ਨਾਲ ਆਪਣੇ ਗੌਰਵਮਈ ਇਤਿਹਾਸ ਅਤੇ ਵਿਰਾਸਤ ਨੂੰ ਚੇਤੇ ਰੱਖਿਆ ਜਾ ਸਕਦਾ ਹੈ।

ਇਸ ਦੌਰਾਨ ਨਾਭਾ ਦੇ ਵਿਧਾਇਕ ਗੁਰਦੇਵ ਸਿੰਘ ਦੇਵ ਮਾਨ, ਇੰਪਰੂਵਮੈਂਟ ਟਰੱਸਟ ਚੇਅਰਮੈਨ ਜੱਸੀ ਸੋਹੀਆਂ ਵਾਲਾ, ਡਵੀਜ਼ਨਲ ਕਮਿਸ਼ਨਰ ਵਿਨੈ ਬੁਬਲਾਨੀ, ਉਘੇ ਕਲਾਕਾਰ ਕਰਮਜੀਤ ਅਨਮੋਲ, ਬੀਰ ਸਿੰਘ, ਪੰਮੀ ਬਾਈ, ਪ੍ਰਧਾਨ ਟੋਡਰ ਮੱਲ ਵਿਰਾਸਤੀ ਫਾਊਂਡੇਸ਼ਨ ਲਖਵਿੰਦਰ ਸਿੰਘ ਕਾਹਨੇਕੇ, ਸੀਨੀਅਰ ਮੀਤ ਪ੍ਰਧਾਨ ਕ੍ਰਿਪਾਲ ਸਿੰਘ ਬਲਾਕੀਪੁਰ, ਮੰਚ ਸੰਚਾਲਨ ਜਨਰਲ ਸਕੱਤਰ ਗਿਆਨੀ ਜਸਵਿੰਦਰ ਸਿੰਘ, ਖ਼ਜ਼ਾਨਚੀ ਲਖਵਿੰਦਰ ਸਿੰਘ ਕੱਤਰੀ, ਵਿੱਤ ਸਕੱਤਰ ਦਲਵਾਰ ਸਿੰਘ ਧੌਲਾ, ਵਾਈਸ ਚਾਂਲਸਰ ਆਰ.ਪੀ. ਤਿਵਾੜੀ, ਸਾਬਕਾ ਐਮ.ਪੀ ਪ੍ਰਨੀਤ ਕੌਰ, ਕੌਮੀ ਘੱਟ ਗਿਣਤੀ ਕਮਿਸ਼ਨ ਦੇ ਚੇਅਰਮੈਨ ਇਕਬਾਲ ਸਿੰਘ ਲਾਲਕਾ ਸਮੇਤ ਸ਼ਾਹੀ ਘਰਾਣੇ ਦੇ ਮੈਂਬਰ ਠਾਕੁਰ ਚੰਦਰ ਉਦੇ ਸਿੰਘ, ਹੇਮੰਤ ਸਿੰਘ ਧੌਲਪੁਰ, ਕਪੂਰਥਲਾ, ਬਡਰੁੱਖਾਂ, ਗੋਂਡਲ ਸਾਹੀ ਪਰਿਵਾਰ ਗੁਜਰਾਤ ਤੇ ਜੈਸਲਮੇਰ ਰਾਜ ਪਰਿਵਾਰ ਦੇ ਮੈਂਬਰ ਵੀ ਮੌਜੂਦ ਸਨ।

 

Exit mobile version