‘ਦ ਖ਼ਾਲਸ ਬਿਊਰੋ :ਕਰਨਾਟਕ ‘ਚ ਇੱਕ ਟਮਾਟਰ ਵਪਾਰੀ ਦੇ ਘਰੋਂ ਕੁੱਝ ਵਿਅਕਤੀਆਂ ਵੱਲੋਂ ਫਰਜ਼ੀ ਇਨਕਮ ਟੈਕਸ ਅਧਿਕਾਰੀ ਬਣ ਕੇ 35 ਲੱਖ ਰੁਪਏ ਨਕਦ ਅਤੇ 20 ਲੱਖ ਦੇ ਗਹਿਣੇ ਲੁੱਟਣ ਦੀ ਖ਼ਬਰ ਸਾਹਮਣੇ ਆਈ ਹੈ।
ਕੋਲਾਰ ਦੇ ਬੇਅਰ ਗੌੜਾ ਐਕਸਟੈਂਸ਼ਨ ਇਲਾਕੇ ਵਿੱਚ ਹੋਈ ਇਸ ਵਾਰਦਾਤ ਦੌਰਾਨ ਆਪਣੇ ਆਪ ਨੂੰ ਇਨਕਮ ਟੈਕਸ ਅਧਿਕਾਰੀ ਦੱਸ ਕੇ ਕੁਝ ਲੋਕ ਟਮਾਟਰ ਵਪਾਰੀ ਅਤੇ ਏਪੀਐਮਸੀ ਦੇ ਸਾਬਕਾ ਪ੍ਰਧਾਨ ਰਮੇਸ਼ ਦੇ ਘਰ ਪੁੱਜੇ ਤੇ ਇਹ ਦਾਅਵਾ ਕੀਤਾ ਕਿ ਉਨ੍ਹਾਂ ਨੂੰ ਘਰ ਦੀ ਜਾਂਚ ਕਰਨ ਦੇ ਹੁਕਮ ਹਨ। ਜਿਸ ਤੇ ਰਮੇਸ਼ ਨੇ ਉਹਨਾਂ ਨੂੰ ਘਰ ‘ਚ ਵੜਨ ਦਿੱਤਾ ।
ਸੰਖਿਆ ਵਿੱਚ 6 ਦਸੇ ਜਾਂਦੇ ਦੋਸ਼ੀਆਂ ਨੇ ਪਰਿਵਾਰਕ ਮੈਂਬਰਾਂ ਤੋਂ ਪੈਸੇ ਅਤੇ ਹੋਰ ਕੀਮਤੀ ਸਾਮਾਨ ਬਾਰੇ ਪੁੱਛਗਿੱਛ ਕੀਤੀ ਤੇ ਰਮੇਸ਼, ਉਸਦੀ ਪਤਨੀ ਅਤੇ ਉਨ੍ਹਾਂ ਦੇ ਪੁੱਤਰ ਤੋਂ ਪੈਸੇ ਅਤੇ ਗਹਿਣਿਆਂ ਬਾਰੇ ਜਾਣਕਾਰੀ ਲੈ ਲਈ। ਸ਼ੱਕ ਹੋਣ ਤੇ ਬਦਮਾਸ਼ਾਂ ਨੇ ਪਰਿਵਾਰਕ ਮੈਂਬਰਾਂ ਨੂੰ ਚਾਕੂਆਂ ਨਾਲ ਧਮਕਾਇਆ ਅਤੇ ਕਮਰੇ ਵਿੱਚ ਰੱਸੀਆਂ ਨਾਲ ਬੰਨ੍ਹ ਦਿੱਤਾ। ਸੀਸੀਟੀਵੀ ਨੂੰ ਨੁਕਸਾਨ ਪਹੁੰਚਾ ਕੇ ਉਹ ਉੱਥੋਂ ਫ਼ਰਾਰ ਹੋ ਗਏ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਪ੍ਰਸ਼ਾਸਨ ਨੇ ਕਾਰਵਾਈ ਸ਼ੁਰੂ ਕਰ ਦਿਤੀ ।