The Khalas Tv Blog Punjab ਬਜਟ ਸੈਸ਼ਨ ਦੇ ਤੀਸਰੇ ਦਿਨ ਵੀ ਹੰਗਾਮਾ,ਹਰਜੋਤ ਸਿੰਘ ਬੈਂਸ ਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਤਿੱਖੀ ਬਹਿਸ
Punjab

ਬਜਟ ਸੈਸ਼ਨ ਦੇ ਤੀਸਰੇ ਦਿਨ ਵੀ ਹੰਗਾਮਾ,ਹਰਜੋਤ ਸਿੰਘ ਬੈਂਸ ਤੇ ਸੁਖਪਾਲ ਸਿੰਘ ਖਹਿਰਾ ਵਿਚਾਲੇ ਤਿੱਖੀ ਬਹਿਸ

ਚੰਡੀਗੜ੍ਹ :ਪੰਜਾਬ ਵਿਧਾਨ ਸਭਾ ਦੇ ਬਜਟ ਇਜਲਾਸ ਦਾ ਅੱਜ ਤੀਜਾ ਦਿਨ ਹੈ। ਸ਼ੁਕਰਵਾਰ ਨੂੰ ਸ਼ੁਰੂ ਹੋਏ ਬਜਟ ਇਜਲਾਸ ਤੋਂ ਬਾਅਦ ਅੱਜ ਸਦਨ ਦੀ ਕਾਰਵਾਈ ਦੁਬਾਰਾ ਸ਼ੁਰੂ ਹੋਈ।ਅੱਜ ਵੀ ਰਾਜਪਾਲ ਦੇ ਧੰਨਵਾਦੀ ਮਤੇ ਤੇ ਬਹਿਸ ਸ਼ੁਰੂ ਹੋਈ ਤੇ ਸੈਸ਼ਨ ਵਿਚ ਇਕ ਤੋਂ ਬਾਅਦ ਇਕ ਵਿਧਾਇਕਾਂ ਨੇ ਆਪਣੇ ਹਲਕਿਆਂ ਦੀਆਂ ਸਮੱਸਿਆਵਾਂ ਨੂੰ ਵਿਧਾਨ ਸਭਾ ਵਿੱਚ ਰੱਖਿਆ। ਮੰਤਰੀ ਬ੍ਰਹਮ ਸ਼ੰਕਰ ਜ਼ਿੰਪਾ ਨੇ ਪਿੰਡਾਂ ਨੂੰ NOC ਤੋਂ ਛੋਟ ਦੇਣ ਦੇ ਮੁੱਦੇ ‘ਤੇ ਗੱਲ ਕੀਤੀ। ਦੂਜੇ ਪਾਸੇ ‘ਆਪ’ ਵਿਧਾਇਕਾਂ ਦਾ ਕਹਿਣਾ ਹੈ ਕਿ ਇਸ ਸਬੰਧੀ ਪੋਰਟਲ ਨਾ ਬਣਾਉਣ ਦੀ ਸਮੱਸਿਆ ਹੈ। ਵਿਧਾਇਕਾਂ ਨੇ ਕਿਹਾ ਕਿ ਅਜੇ ਵੀ ਉਨ੍ਹਾਂ ਨੂੰ NOC ਲੈਣ ਲਈ ਚੱਕਰ ਕੱਟਣੇ ਪੈ ਰਹੇ ਹਨ। ਉਨ੍ਹਾਂ ਹਾਈਵੇਅ ’ਤੇ ਪੈਂਦੇ ਪਿੰਡਾਂ ਨੂੰ ਇਸ ਸ਼੍ਰੇਣੀ ਵਿੱਚੋਂ ਕੱਢਣ ਦੀ ਗੱਲ ਆਖੀ। ਜਵਾਬ ਵਿੱਚ ਬ੍ਰਹਮ ਸ਼ੰਕਰ ਜਿੰਪਾ ਨੇ ਕਿਹਾ ਕਿ ਮੀਟਿੰਗ ਬਜਟ ਸੈਸ਼ਨ ਤੋਂ ਬਾਅਦ ਹੋਵੇਗੀ।

ਇਸ ਮਾਮਲੇ ਵਿੱਚ ਮੰਤਰੀ ਅਮਨ ਅਰੋੜਾ ਨੇ ਕਿਹਾ ਕਿ ਪਿਛਲੇ 15-18 ਸਾਲਾਂ ਤੋਂ ਇੱਥੇ ਨਾਜਾਇਜ਼ ਉਸਾਰੀਆਂ ਹੋਈਆਂ ਹਨ। ਉਨ੍ਹਾਂ ਮਾਨ ਸਰਕਾਰ ਦੇ ਕਾਰਜਕਾਲ ਦੌਰਾਨ ਹਾਈ ਕੋਰਟ ਵਿੱਚ ਚੱਲ ਰਹੇ ਕੇਸ ਦਾ ਹਵਾਲਾ ਦਿੱਤਾ। ਇਸ ਦੇ ਨਾਲ ਹੀ ਅੱਜ ਸਾਲ 2021-22 ਦੀ ਕੈਗ ਰਿਪੋਰਟ ਵੀ ਜਾਰੀ ਕੀਤੀ ਜਾ ਸਕਦੀ ਹੈ। ਇਸ ਦੇ ਨਾਲ ਹੀ ਪੂਰਕ ਮੰਗ ਅਤੇ ਬਿੱਲ ਵੀ ਪੇਸ਼ ਕੀਤਾ ਜਾਣਾ ਹੈ।
ਇਸ ਤੋਂ ਬਾਅਦ ਵਿਧਾਇਕ ਦਿਨੇਸ ਚੱਢਾ ਨੇ ਆਪਣੇ ਖੇਤਰ ਦੇ ਕਾਲਜਾਂ ਵਿੱਚ ਅਧਇਆਪਕਾਂ ਦੀ ਘਾਟ ਦੀ ਗੱਲ ਰੱਖੀ।

ਇਸ ਤੋਂ ਬਾਅਦ ਮਾਹੌਲ ਉਦੋਂ ਭੱਖ ਗਿਆ ਜਦੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਵਿਚਾਲੇ ਬਹਿਸ ਸ਼ੁਰੂ ਹੋ ਗਈ।ਪੰਜਾਬ ਦੇ ਸਕੂਲਾਂ ਦੇ ਮੁਖੀਆਂ ਨੂੰ ਸਿੰਗਾਪੁਰ ਟਰੇਨਿੰਗ ਤੇ ਭੇਜੇ ਜਾਣ ਦੇ ਮੁੱਦੇ ਤੇ ਇਹ ਬਹਿਸ ਸ਼ੁਰੂ ਹੋਈ ਤੇ ਸਿੱਖਿਆ ਮੰਤਰੀ ਨੇ ਚੁਟਕੀ ਲੈਂਦਿਆਂ ਵਿਧਾਇਕ ਖਹਿਰਾ ਨੂੰ ਕਹਿ ਦਿੱਤਾ ਕਿ ਅਗਲੇ ਤੀਸਰੇ ਬੈਚ ਵਿੱਚ ਤੁਹਾਨੂੰ ਭੇਜ ਦਿੰਦੇ ਹਾਂ।

ਇਸ ਤੋਂ ਬਾਅਦ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੇ ਸਵਾਲ ‘ਤੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਵਿਰੋਧੀ ਧਿਰ ‘ਤੇ ਵਰਦਿਆਂ ਪੰਜਾਬ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਕਿਹਾ ਕਿ ਪਿਛਲੀਆਂ ਸਰਕਾਰਾਂ ਆਖਰੀ ਸਾਲਾਂ ਵਿੱਚ ਕੰਮ ਕਰਦੀਆਂ ਸੀ ਪਰ ਮਾਨ ਸਰਕਾਰ ਨੇ ਆਉਂਦੇ ਹੀ ਕੰਮ ਸ਼ੁਰੂ ਕਰ ਦਿੱਤਾ।ਸਰਕਾਰ ਨੇ ਉਹ ਕੰਮ ਵੀ ਕੀਤੇ ਆ ,ਜਿਹਨਾਂ ਬਾਰੇ ਕੋਈ ਵਾਅਦਾ ਨਹੀਂ ਕੀਤਾ ਸੀ।

ਪ੍ਰਸ਼ਾਸਕੀ ਸੁਧਾਰ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ ਨੇ ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦੌਰਾਨ ਕਿਹਾ ਕਿ ਸਰਕਾਰ ਵੱਲੋਂ ਸਮੂਹ ਵਿਭਾਗਾਂ ਨੂੰ ਪੱਤਰ ਜਾਰੀ ਕਰਕੇ ਹਦਾਇਤਾਂ ਕੀਤੀਆਂ ਗਈਆਂ ਹਨ ਕਿ ਕੋਈ ਵੀ ਅਧਿਕਾਰੀ ਸਮਰੱਥ ਅਧਿਕਾਰੀ ਦੀ ਪ੍ਰਵਾਨਗੀ ਤੋਂ ਬਿਨ੍ਹਾਂ ਆਪਣਾ ਹੈਡਕੁਆਰਟਰ ਨਹੀਂ ਛੱਡੇਗਾ ਤਾਂ ਜੋ ਜਨਤਕ ਕੰਮ ਕਾਜ ਪ੍ਰਭਾਵਿਤ ਨਾ ਹੋਵੇ।

ਸਰਕਾਰੀ ਜ਼ਮੀਨਾਂ ਤੇ ਕੀਤੇ ਕਬਜ਼ੇ ਬਾਰੇ ਬੋਲਦਿਆਂ ਮੀਤ ਹੇਅਰ ਨੇ ਕਿਹਾ ਹੈ ਕਿ ਇਹ ਸਾਰਿਆਂ ਤੇ ਕਾਰਵਾਈ ਹੋਈ ਹੈ ਤੇ ਹੋ ਰਹੀ ਹੈ।ਪੰਜਾਬ ਵਿੱਚ ਅਮਨ ਕਾਨੂੰਨ ਦੀ ਗੱਲ ਕਰਦਿਆਂ ਮੀਤ ਹੇਅਰ ਨੇ ਕਿਹਾ ਹੈ ਕਿ ਸਰਕਾਰ ਸਥਿਤੀ ਸਾਂਭਣ ਦੇ ਕਾਬਿਲ ਹੈ ਕਿ ਗੈਂਗਸਟਰ ਆਪ ਸਰਕਾਰ ਵੇਲੇ ਪੈਦਾ ਨਹੀਂ ਹੋਏ ਹਨ ਤੇ ਇਸ ਤੋਂ ਪਹਿਲਾਂ ਵੀ ਵੱਡੀਆਂ ਵਾਰਦਾਤਾਂ ਹੁੰਦੀਆਂ ਰਹੀਆਂ ਹਨ । ਐਨਸੀਆਰਬੀ ਦੀ ਰਿਪੋਰਟ ਦੇ ਅਨੁਸਾਰ ਅਮਨ ਕਾਨੂੰਨ ਦੇ ਹਿਸਾਬ ਨਾਲ ਪੰਜਾਬ 17 ਵੇਂ ਨੰਬਰ ‘ਤੇ ਹੈ ਤੇ ਇਸ ਗੱਲ ਦੀ ਪੁਸ਼ਟੀ ਖੁੱਦ ਕੇਂਦਰੀ ਮੰਤਰੀ ਨੇ ਇੱਕ ਸਵਾਲ ਦੇ ਜੁਆਬ ਵਿੱਚ ਕੀਤੀ ਹੈ । ਇਸ ਵਿੱਚ ਅਸੁਰੱਖਿਅਤ ਖੇਤਰਾਂ ਵਿੱਚ ਉੱਤਰ ਪ੍ਰਦੇਸ਼ ਦਾ ਨਾਂ ਪੰਜਾਬ ਤੋਂ ਪਹਿਲਾਂ ਆਉਂਦਾ ਹੈ ਪਰ ਬਦਨਾਮ ਪੰਜਾਬ ਨੂੰ ਕੀਤਾ ਜਾ ਰਿਹਾ ਹੈ। ਇਥੋਂ ਤੱਕ ਕਿ ਪੰਜਾਬ ਵਿੱਚ ਵਿਰੋਧੀ ਪਾਰਟੀ ਦੇ ਕੁੱਝ ਮੈਂਬਰ ਵੀ ਪੰਜਾਬ ਨੂੰ ਬਦਨਾਮ ਕਰਨ ਤੇ ਲੱਗੇ ਹੋਏ ਹਨ।

ਕਾਂਗਰਸ ਪਾਰਟੀ ‘ਤੇ ਖਾਸ ਤੋਰ ‘ਤੇ ਵਰਦਿਆਂ ਮੀਤ ਹੇਅਰ ਨੇ ਕਿਹਾ ਕਿ ਕਾਂਗਰਸ ਦੇ ਰਾਜ ਵਿੱਚ 8 ਵਾਰ ਪੰਜਾਬ ਵਿੱਚ ਐਮਰਜੈਂਸੀ ਲੱਗੀ ਹੈ ਤੇ ਇਹੀ ਉਹ ਪਾਰਟੀ ਹੈ ਜਿਸ ਦੇ ਰਾਜ ਵਿੱਚ ਦਿੱਲੀ ਵਿੱਚ ਸਿੱਖਾਂ ਨੂੰ ਗੱਲਾਂ ਵਿੱਚ ਟਾਇਰ ਪਾ ਕੇ ਸਾੜਿਆ ਗਿਆ ਸੀ। ਪੰਜਾਬ ਵਿੱਚ ਕਾਲੇ ਦੌਰ ਦੀ ਜਿੰਮੇਵਾਰ ਕਾਂਗਰਸ ਪਾਰਟੀ ਹੈ। ਇਹ ਹੁਣ ਅਮਨ ਕਾਨੂੰਨ ਦੀਆਂ ਗੱਲਾਂ ਕਰਦੇ ਹਨ।
ਇੱਕ ਸਾਲ ਦੇ ਸਮੇਂ ਵਿੱਚ ਵਿਰੋਧੀ ਧਿਰ ਆਪ ਸਰਕਾਰ ਦੇ ਵਿਰੁਧ ਇੱਕ ਵੀ ਠੋਸ ਮੁੱਦਾ ਸਾਬਿਤ ਨਹੀਂ ਕਰ ਸਕੀ ਹੈ ਪਰ ਇਹਨਾਂ ਦੇ ਮੰਤਰੀਆਂ ਨੇ ਆਪ ਸਰਕਾਰ ਵਿੱਚ ਰਹਿੰਦੇ ਹੋਏ ਕੁੱਝ ਨਹੀਂ ਕੀਤਾ।ਜਿਸ ਕਾਰਨ ਪੰਜਾਬ ਦੇ ਸਿਰ ਤੇ ਇਨਾਂ ਕਰਜ਼ ਚੱੜਿਆ ਹੈ।
ਮੀਤ ਹੇਅਰ ਅਕਾਲੀ ਵਿਧਾਇਕ ਦੇ ਸਵਾਲ ਦਾ ਦੁਆਬ ਦਿੰਦੇ ਹੋਏ ਕਿਹਾ ਕਿ ਆਪ ਸਰਕਾਰ ਨੇ ਸਿੱਧੀ ਬਿਜਾਈ ‘ਤੇ 1500 ਰੁਪਏ ਪੰਜਾਬ ਦੇ ਕਿਸਾਨਾਂ ਨੂੰ ਦੇਣ ਦਾ ਪਹਿਲਾਂ ਵਾਅਦਾ ਨਹੀਂ ਸੀ ਕੀਤਾ ਪਰ ਕਿਸਾਨਾਂ ਨੂੰ ਇਹ ਦਿੱਤੇ ਹਨ ਤੇ ਮੂੰਗੀ ਦੀ ਫਸਲ ‘ਤੇ ਐਮਐਸਪੀ ਦੇਣ ਬਾਰੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਹੈ ਕਿ 11 ਫੀਸਦੀ ਉਹਨਾਂ ਕਿਸਾਨਾਂ ਨੂੰ ਸਰਕਾਰ ਨੇ ਐਮਐਸੀਪੀ ਦਿੱਤੀ ਹੈ ,ਜਿਹਨਾਂ ਦੀ ਫਸਲ ਸਹੀ ਭਾਅ ‘ਤੇ ਨਹੀਂ ਵਿਕੀ ਸੀ।

ਇਸ ਤੋਂ ਬਾਅਦ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੀ ਵਿਧਾਨ ਸਭਾ ਵਿੱਚ ਬੋਲਣਾ ਸ਼ੁਰੂ ਕੀਤਾ ਪਰ ਵਿਰੋਧੀ ਧਿਰ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ,ਜਿਸ ਕਾਰਨ ਸਪੀਕਰ ਨੂੰ ਮਾਰਸ਼ਲ ਤੱਕ ਬੁਲਾਉਣੇ ਪਏ। ਧਾਲੀਵਾਲ ਨੇ ਐਲਾਨ ਕੀਤਾ ਕਿ ਲਿੰਕ ਸੜਕਾਂ ‘ਤੇ ਲੋਕਾਂ ਵੱਲੋਂ ਕੀਤੇ ਨਾਜਾਇਜ਼ ਕਬਜ਼ਿਆਂ ਨੂੰ ਛੁਡਵਾਉਣ ਦੇ ਲਈ ਸਰਕਾਰ ਵੱਲੋਂ ਨਵਾਂ ਕਾਨੂੰਨ ਬਣਾਇਆ ਜਾਵੇਗਾ ਤੇ ਪੰਚਾਇਤਾਂ ਦੀ ਮਦਦ ਨਾਲ ਲੋਕਾਂ ਵੱਲੋਂ ਲਿੰਕ ਸੜਕਾਂ ‘ਤੇ ਕੀਤੇ ਕਬਜ਼ਿਆਂ ਨੂੰ ਬਹੁਤ ਜਲਦੀ ਛੁਡਵਾ ਲਿਆ ਜਾਵੇਗਾ।  । ਸਦਨ ਵਿੱਚ ਮੁੱਖ ਮੰਤਰੀ ਮਾਨ ਦੇ ਆਉਂਦੇ ਹੀ ਵਿਰੋਧੀ ਧਿਰ ਸਦਨ ਤੋਂ ਵਾਕਆਊਟ ਕਰ ਬਾਹਰ ਹੋ ਗਈ ਤੇ ਕਾਂਗਰਸ ਦਾ ਬਾਈਕਾਟ ਅੱਜ ਵੀ ਜਾਰੀ ਰਿਹਾ। ਉਹ ਮੁੱਖ ਮੰਤਰੀ ਤੋਂ ਕੱਲ ਹੋਈ ਬਹਿਸ ਤੋਂ ਬਾਅਦ ਮਾਫੀ ਦੀ ਮੰਗ ਕਰ ਰਹੇ ਸਨ।

ਮੁੱਖ ਮੰਤਰੀ ਦੇ ਸੰਬੋਧਨ ਤੋਂ ਬਾਅਦ ਵਿਧਾਇਕਾਂ ਵੱਲੋਂ ਕੁੱਝ ਪ੍ਰਸਤਾਵ ਰੱਖੇ ਗਏ ਤੇ ਸਪੀਕਰ ਵਲੋਂ ਉਸ ਤੇ ਵੋਟਿੰਗ ਕਰਵਾਈ ਗਈ। ਜਿਸ ਤੋਂ ਬਾਅਦ ਸਦਨ ਨੂੰ 03:30 ਵਜੇ ਤੱਕ ਮੁਲਤਵੀ ਕਰ ਦਿੱਤਾ ਗਿਆ।

 

Exit mobile version