ਸ਼੍ਰੀਨਗਰ : ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਦਾ ਅੱਜ ਆਖਰੀ ਦਿਨ ਸੀ ਤੇ ਇਸ ਦਾ ਆਖਰੀ ਪੜਾਅ ਜੰਮੂ ਕਸ਼ਮੀਰ ਵਿੱਚ ਸੀ। ਬੀਤੇ ਸਾਲ ਸਤੰਬਰ ਮਹੀਨੇ ਨੂੰ ਇਸ ਯਾਤਰਾ ਦੀ ਸ਼ੁਰੂਆਤ ਹੋਈ ਸੀ।
ਦੱਖਣ ਭਾਰਤ ਦੇ ਆਖਰੀ ਸਿਰੇ ‘ਤੇ ਸਥਿਤ ਕੰਨਿਆਕੁਮਾਰੀ ਤੋਂ ਇਸ ਯਾਤਰਾ ਦੀ ਸ਼ੁਰੂਆਤ ਹੋਈ ਸੀ। ਪੂਰੇ ਦੇਸ਼ ਦੇ ਕੁੱਲ 75 ਜ਼ਿਲ੍ਹਿਆਂ ਵਿੱਚੋਂ ਲੰਘੀ ਇਸ ਯਾਤਰਾ ਦੀ ਸਮਾਪਤੀ ਸ੍ਰੀਨਗਰ ਦੇ ਲਾਲ ਚੌਕ ਵਿੱਚ ਸਥਿਤ ਘੰਟਾਘਰ ਵਿੱਚ ਝੰਡਾ ਲਹਿਰਾ ਕੇ ਹੋਈ।
ਕਾਂਗਰਸ ਦੀ ਭਾਰਤ ਜੋੜੋ ਯਾਤਰਾ ਦਾ ਸਮਾਪਤੀ ਸਮਾਰੋਹ ਅੱਜ ਖ਼ਰਾਬ ਮੌਸਮ ਦਰਮਿਆਨ ਜੰਮੂ-ਕਸ਼ਮੀਰ ਦੇ ਸ੍ਰੀਨਗਰ ਸਥਿਤ ਪਾਰਟੀ ਦਫ਼ਤਰ ਵਿੱਚ ਸ਼ੁਰੂ ਹੋਇਆ ਤੇ ਸ਼ੇਰ-ਏ-ਕਸ਼ਮੀਰ ਸਟੇਡੀਅਮ ਵਿੱਚ ਇੱਕ ਰੈਲੀ ਵੀ ਹੋਈ ਹੈ।ਜਿਸ ਵਿੱਚ ਚੋਟੀ ਦੇ ਕਸ਼ਮੀਰੀ ਨੇਤਾਵਾਂ, ਨੈਸ਼ਨਲ ਕਾਨਫਰੰਸ ਦੇ ਫਾਰੂਕ ਅਬਦੁੱਲਾ ਅਤੇ ਪੀਪਲਜ਼ ਡੈਮੋਕ੍ਰੇਟਿਕ ਪਾਰਟੀ ਦੇ ਮਹਿਬੂਬਾ ਮੁਫਤੀ ਨੇ ਭਾਰੀ ਬਰਫਬਾਰੀ ਦੇ ਦੌਰਾਨ ਸਮਾਗਮ ਵਿੱਚ ਸੰਬੋਧਨ ਕੀਤਾ। ਇਸ ਤੋਂ ਬਾਅਦ ਮਾਰਚ ਦੀ ਅਗਵਾਈ ਕਰ ਰਹੇ ਰਾਹੁਲ ਗਾਂਧੀ ਸਮੇਤ ਕਾਂਗਰਸ ਲੀਡਰਸ਼ਿਪ ਵੱਲੋਂ ਭਾਸ਼ਣ ਦਿੱਤੇ ਗਏ।
ਹਾਲਾਂਕਿ, ਬਰਫਬਾਰੀ ਨੇ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ ਨੂੰ ਬੰਦ ਕਰਨ ਲਈ ਮਜਬੂਰ ਕਰ ਦਿੱਤਾ ਜਿਸ ਨਾਲ ਹਵਾਈ ਆਵਾਜਾਈ ਵਿੱਚ ਵੀ ਵਿਘਨ ਪਿਆ ਹੈ।ਇੱਕ ਖ਼ਬਰ ਦੇ ਮੁਤਾਬਕ ਇਹ ਯਾਤਰਾ 136 ਦਿਨਾਂ ‘ਚ ਪੂਰੀ ਹੋਈ ਅਤੇ 136 ‘ਚੋਂ 116 ਦਿਨ ਪੈਦਲ ਯਾਤਰਾ ਦੇ ਦਿਨ ਸਨ ਅਤੇ ਯਾਤਰੀ ਰੋਜ਼ਾਨਾ 23-24 ਕਿਲੋਮੀਟਰ ਪੈਦਲ ਚੱਲਦੇ ਸਨ।ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਕਈ ਰਾਜਾਂ ਵਿਚੋਂ 3750 ਕਿਲੋਮੀਟਰ ਪੈਦਲ ਚੱਲ ਕੇ ਇਸ ਨੂੰ ਪੂਰਾ ਕੀਤਾ ਹੈ।
ਇਸ ਸਮਾਗਮ ਦੇ ਸਮਾਪਤੀ ਵੇਲੇ ਸ਼੍ਰੀਨਗਰ ਦੇ ਲਾਲ ਚੌਂਕ ਵਿੱਚ ਸਥਿਤ ਘੰਟਾਘਰ ਵਿੱਚ ਝੰਡਾ ਲਹਿਰਾਇਆ ਗਿਆ। ਇਸ ਦੌਰਾਨ ਭਾਰੀ ਬਰਫਬਾਰੀ ਹੋ ਰਹੀ ਸੀ ਪਰ ਤੋਂ ਰਾਹੁਲ ਗਾਂਧੀ ਨੇ ਆਪਣੇ ਭਾਸ਼ਣ ਨੂੰ ਜਾਰੀ ਰੱਖਦਿਆਂ ਸਾਰੇ ਦੇਸ਼ ਦਾ ਧੰਨਵਾਦ ਕੀਤਾ ਤੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਇਹ ਯਾਤਰਾ ਕੋਈ ਮੁਸ਼ਕਿਲ ਨਹੀਂ ਸੀ। ਇਸ ਯਾਤਰਾ ਦੌਰਾਨ ਕਾਫੀ ਕੁੱਝ ਸਿੱਖਣ ਨੂੰ ਮਿਲਿਆ।ਉਹਨਾਂ ਜੰਮੂ ਕਸ਼ਮੀਰ ਦੇ ਲੋਕਾਂ ਤੋਂ ਪਿਆਰ ਤੇ ਸਤਿਕਾਰ ਮਿਲਣ ਦੀ ਗੱਲ ਵੀ ਕਹੀ।
ਇਸ ਦੌਰਾਨ ਰਾਹੁਲ ਗਾਂਧੀ ਪ੍ਰਧਾਨ ਮੰਤਰੀ ਮੋਦੀ ਤੇ ਕੇਂਦਰੀ ਮੰਤਰੀ ਅਮਿਤ ਸ਼ਾਹ ਤੇ ਵੀ ਵਰ੍ਹੇ ।
ਰਾਹੁ ਗਾਂਧੀ ਦੀ ਭੈਣ ਪ੍ਰਿਅੰਕਾ ਵਾਡਰਾ ਨੇ ਆਪਣੇ ਸੰਬੋਧਨ ਦੇ ਦੌਰਾਨ ਇਸ ਨੂੰ ਮਾਣ ਭਰੀ ਯਾਤਰਾ ਦੱਸਿਆ ਹੈ। ਦੇਸ਼ ਦੇ ਮੌਜੂਦਾ ਹਾਲਾਤਾਂ ਦਾ ਵਰਣਨ ਕਰਦਿਆਂ ਉਹਨਾਂ ਕਿਹਾ ਕਿ ਉਸ ਰਾਜਨੀਤੀ ਨਾਲ ਦੇਸ਼ ਦੀ ਭਲਾਈ ਨਹੀਂ ਹੋ ਸਕਦੀ, ਜੋ ਲੋਕਾਂ ਨੂੰ ਵੰਡਣ ਦਾ ਕੰਮ ਕਰਦੀ ਹੋਵੇ।
ਇਸ ਯਾਤਰਾ ਬਾਰੇ ਰਾਹੁਲ ਗਾਂਧੀ ਅਤੇ ਕਾਂਗਰਸ ਦੇ ਮੀਡੀਆ ਇੰਚਾਰਜ ਜੈਰਾਮ ਰਮੇਸ਼ ਦਾ ਦਾਅਵਾ ਰਿਹਾ ਹੈ ਕਿ ਭਾਰਤ ਜੋੜੋ ਯਾਤਰਾ ਨੂੰ ਚੋਣ ਰਾਜਨੀਤੀ ਨਾਲ ਨਹੀਂ ਜੋੜਨਾ ਚਾਹੀਦਾ।