The Khalas Tv Blog Khaas Lekh ਵਰ੍ਹੇਗੰਢ ’ਤੇ ਵੀ ਭਾਰਤ ਸਰਕਾਰ ਨੇ ਨਹੀਂ ਖੋਲ੍ਹਿਆ ਕਰਤਾਰਪੁਰ ਲਾਂਘਾ! ਲਾਂਘੇ ਦੀ ਸਾਲਗਿਰ੍ਹਾ ’ਤੇ ਖ਼ਾਸ ਰਿਪੋਰਟ
Khaas Lekh Punjab Religion

ਵਰ੍ਹੇਗੰਢ ’ਤੇ ਵੀ ਭਾਰਤ ਸਰਕਾਰ ਨੇ ਨਹੀਂ ਖੋਲ੍ਹਿਆ ਕਰਤਾਰਪੁਰ ਲਾਂਘਾ! ਲਾਂਘੇ ਦੀ ਸਾਲਗਿਰ੍ਹਾ ’ਤੇ ਖ਼ਾਸ ਰਿਪੋਰਟ

’ਦ ਖ਼ਾਲਸ ਬਿਊਰੋ: ਸ੍ਰੀ ਕਰਤਾਰਪੁਰ ਸਾਹਿਬ ਦੇ ਲਾਂਘੇ ਖੁੱਲ੍ਹੇ ਨੂੰ ਅੱਜ ਇੱਕ ਸਾਲ ਪੂਰਾ ਹੋ ਗਿਆ ਹੈ ਪਰ ਅਫ਼ਸੋਸ ਇਸ ਦਿਨ ਕਰਤਾਰਪੁਰ ਲਾਂਘਾ ਬੰਦ ਪਿਆ ਹੈ। ਅੱਜ ਦੇ ਦਿਨ ਸੰਗਤਾਂ ਸ੍ਰੀ ਕਰਤਾਰਪੁਰ ਸਾਹਿਬ ਜਾ ਕੇ ਦਰਸ਼ਨ ਦੀਦਾਰੇ ਨਹੀਂ ਕਰ ਸਕੀਆਂ। ਪਿਛਲੇ ਸਾਲ 9 ਨਵੰਬਰ, 2019 ਨੂੰ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਡੇਰਾ ਬਾਬਾ ਨਾਨਕ ਪਹੁੰਚ ਕੇ ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦਾ ਉਦਘਾਟਨ ਕੀਤਾ ਸੀ।

ਦੂਜੇ ਪਾਸੇ ਪਾਕਿਸਤਾਨ ਵੱਲ ਵੀ ਇਸੇ ਦਿਨ 9 ਨਵੰਬਰ 2019 ਨੂੰ ਪ੍ਰਧਾਨ ਮੰਤਰੀ ਇਮਰਾਨ ਖ਼ਾਨ ਨੇ ਕੌਰੀਡੌਰ ਦਾ ਉਦਘਾਟਨ ਕੀਤਾ ਸੀ। ਪੀਐਮ ਇਮਰਾਨ ਖ਼ਾਨ ਦੇ ਵਿਸ਼ੇਸ਼ ਸੱਦੇ ’ਤੇ ਕਾਂਗਰਸੀ ਲੀਡਰ ਨਵਜੋਤ ਸਿੰਘ ਸਿੱਧੂ ਵੀ ਪਾਕਿਸਤਾਨ ਵਾਲੇ ਪਾਸੇ ਲਾਂਘੇ ਦੇ ਉਦਘਾਟਨੀ ਸਮਾਗਮ ਵਿੱਚ ਸ਼ਾਮਲ ਹੋਏ ਸਨ।

ਅੱਜ ਦੇ ਦਿਨ ਹੀ ਪਿਛਲੇ ਸਾਲ ਭਾਰਤ ਤੋਂ ਲਾਂਘੇ ਰਾਹੀਂ ਪਹਿਲੇ ਜਥੇ ਨੂੰ ਸ੍ਰੀ ਕਰਤਾਰਪੁਰ ਸਾਹਿਬ ਲਈ ਰਵਾਨਾ ਕੀਤਾ ਗਿਆ ਸੀ। ਇਸ ਜਥੇ ਵਿੱਚ ਸਾਬਕਾ ਪੀਐਮ ਮਨਮੋਹਨ ਸਿੰਘ ਵੀ ਸ਼ਾਮਲ ਹੋਏ ਸਨ। ਜਥੇ ਦੀ ਅਗਵਾਈ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਕੀਤੀ ਗਈ ਸੀ।

ਦੱਸ ਦੇਈਏ ਭਾਰਤ ਵਾਲੇ ਪਾਸਿਓਂ ਇਨ੍ਹੀਂ ਦਿਨੀਂ ਲਾਂਘਾ ਬੰਦ ਪਿਆ ਹੈ। ਕੋਰੋਨਾ ਮਹਾਂਮਾਰੀ ਦੇ ਚੱਲਦਿਆਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਂਘਾ ਬੰਦ ਕਰ ਦਿੱਤਾ ਗਿਆ ਸੀ। ਹਾਲਾਂਕਿ ਪੰਜਾਬ ਸਰਕਾਰ ਅਤੇ ਸੂਬੇ ਦੀਆਂ ਕਈ ਸਿੱਖ ਜਥੇਬੰਦੀਆਂ ਕੇਂਦਰ ਸਰਕਾਰ ਨੂੰ ਲਾਂਘਾ ਖੋਲ੍ਹਣ ਬਾਰੇ ਅਪੀਲ ਕਰ ਚੁੱਕੀਆਂ ਹਨ। ਪਰ ਹਾਲੇ ਤਕ ਕੇਂਦਰ ਸਰਕਾਰ ਨੇ ਕੋਈ ਫੈਸਲਾ ਨਹੀਂ ਲਿਆ। ਉੱਧਰ ਪਾਕਿਸਤਾਨ ਦੀ ਇਮਰਾਨ ਸਰਕਾਰ ਨੇ ਜੂਨ ਮਹੀਨੇ ਵਿੱਚ ਹੀ ਆਪਣੇ ਵਾਲੇ ਪਾਸਿਓਂ ਸ੍ਰੀ ਕਰਤਾਰਪੁਰ ਸਾਹਿਬ ਦਾ ਲਾਘਾ ਖੋਲ੍ਹ ਦਿੱਤਾ ਸੀ।

ਸ੍ਰੀ ਦਰਬਾਰ ਸਾਹਿਬ ਦੇ ਅੰਦਰ ਦਾ ਦ੍ਰਿਸ਼ (ਫੋਟੋ- ਬੀਬੀਸੀ)

ਉਂਞ ਭਾਰਤੀ ਵਿਦੇਸ਼ ਮੰਤਰਾਲੇ ਨੇ ਕਿਹਾ ਹੈ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਤੋਂ ਪਹਿਲਾਂ ਕਰਤਾਰਪੁਰ ਕੌਰੀਡੋਰ ਖੋਲ੍ਹਣ ਦਾ ਫੈਸਲਾ ਕੋਰੋਨਾ ਵਾਇਰਸ ਪ੍ਰੋਟੋਕੋਲ ਦੇ ਮੁਤਾਬਕ ਲਿਆ ਜਾਵੇਗਾ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਨੁਰਾਗ ਸ੍ਰੀਵਾਸਤਵ ਨੇ ਕਿਹਾ ‘ਕੋਵਿਡ 19 ਪ੍ਰੋਟੋਕਲ ਕਾਰਨ ਕਰਤਾਰਪੁਰ ਕੌਰੀਡੋਰ ਬੰਦ ਕਰ ਦਿੱਤਾ ਗਿਆ ਸੀ। ਹੁਣ ਇਹ ਸਬੰਧਤ ਅਧਿਕਾਰੀਆਂ ਦੀ ਸਹਿਮਤੀ ਤੋਂ ਬਾਅਦ ਖੋਲ੍ਹਿਆ ਜਾਵੇਗਾ।’

ਬਿਨਾ ਦੇਰੀ ਕੀਤੇ ਲਾਂਘਾ ਖੋਲ੍ਹੇ ਭਾਰਤ ਸਰਕਾਰ: ਜਥੇਦਾਰ ਹਰਪ੍ਰੀਤ ਸਿੰਘ

ਲਾਂਘੇ ਨੂੰ ਇੱਕ ਸਾਲ ਪੂਰਾ ਹੋਣ ’ਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਕਰਤਾਰਪੁਰ ਲਾਂਘਾ ਏਸ਼ੀਆ ਖਿੱਤੇ ਵਿੱਚ ਸ਼ਾਂਤੀ ਸਥਾਪਿਤ ਕਰਨ ਲਈ ਮਾਲ ਪੱਥਰ ਸਾਬਿਤ ਹੋਏਗਾ, ਅਤੇ ਹੋ ਵੀ ਰਿਹਾ ਸੀ। ਦੋਵਾਂ ਮੁਲਕਾਂ ਦੇ ਲੋਕ ਅਮਨ ਚਾਹੁੰਦੇ ਹਨ। ਪਰ ਦੋਵਾਂ ਮੁਲਕਾਂ ਦੀ ਅੰਦਰੂਨੀ ਸਿਆਸਤ ਅੜਿੱਕਾ ਬਣ ਰਹੀ ਹੈ। ਅਜਿਹਾ ਹੋਣਾ ਨਹੀਂ ਚਾਹੀਦਾ।

ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਜੇ ਦੋਵੇਂ ਮੁਲਕ ਸ਼ਾਂਤੀ ਚਾਹੁੰਦੇ ਹਨ ਤਾਂ ਕਰਤਾਰਪੁਰ ਲਾਂਘਾ ਇਸ ਲਈ ਇੱਕ ਬਿਹਤਰ ਵਿਕਲਪ ਹੈ। ਉਨ੍ਹਾਂ ਕਿਹਾ ਕਿ ਮਹਾਂਮਾਰੀ ਕਰਕੇ ਲਾਂਘਾ ਬੰਦ ਕੀਤਾ ਗਿਆ ਸੀ। ਪਾਕਿਸਤਾਨ ਨੇ ਤਾਂ ਲਾਂਘਾ ਖੋਲ੍ਹ ਦਿੱਤਾ ਹੈ। ਹੁਣ ਤਕ ਭਾਰਤ ਵਿੱਚ ਲਗਭਗ ਸਾਰੇ ਧਾਰਮਕ ਅਸਥਾਨ ਖੁੱਲ੍ਹ ਚੁੱਕੇ ਹਨ ਪਰ ਲਾਂਘਾ ਹਾਲੇ ਵੀ ਬੰਦ ਹੀ ਰੱਖਿਆ ਗਿਆ ਹੈ। ਉਨ੍ਹਾਂ ਕਿਹਾ ਕਿ ਲਾਂਘਾ ਬੰਦ ਰੱਖਣ ਦਾ ਹੁਣ ਕੋਈ ਮਤਲਬ ਨਹੀਂ ਬਣਦਾ।

ਉਨ੍ਹਾਂ ਕਿਹਾ ਕਿ ਕਰਤਾਰਪੁਰ ਸਾਹਿਬ ਵਿੱਚ ਦਰਸ਼ਨ ਕਰਨ ਲਈ ਸਿਰਫ ਸਿੱਖ ਹੀ ਨਹੀਂ, ਬਲਕਿ ਹਿੰਦੂਆਂ ਸਮੇਤ ਦੇਸ਼ ਭਰ ਦੇ ਲੋਕ ਲਾਂਘੇ ਰਾਹੀਂ ਪਾਕਿਸਤਾਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤ ਸਰਕਾਰ ਨੂੰ ਬਿਨਾ ਦੇਰੀ ਕੀਤੇ ਲਾਂਘਾ ਖੋਲ੍ਹ ਕੇ ਖੁਲ੍ਹਦਿਲੀ ਦਾ ਸਬੂਤ ਪੇਸ਼ ਕਰਨਾ ਚਾਹੀਦਾ ਹੈ।

ਹੁਣ ਲਾਂਘੇ ਰਾਹੀਂ ਨਨਕਾਣਾ ਸਾਹਿਬ ਦੇ ਵੀ ਹੋ ਸਕਣਗੇ ਦਰਸ਼ਨ!

ਅੱਜ ਮੀਡੀਆ ਨਾਲ ਗੱਲਬਾਤ ਦੌਰਾਨ ਗਿਆਨੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਜਾਣਕਾਰੀ ਮਿਲੀ ਹੈ ਕਿ ਪਾਕਿਸਤਾਨ ਸਰਕਾਰ ਕਰਤਾਰਪੁਰ ਸਾਹਿਬ ਤੋਂ ਸ੍ਰੀ ਨਨਕਾਣਾ ਸਾਹਿਬ ਤਕ ਰਾਹ ਬਣਾ ਦੀ ਯੋਜਨਾ ਬਣਾ ਰਹੀ ਹੈ। ਯਾਨੀ ਸ਼ਰਧਾਲੂ ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਤੋਂ ਇਲਾਵਾ ਸ੍ਰੀ ਨਨਕਾਣਾ ਸਾਹਿਬ ਦੇ ਵੀ ਦਰਸ਼ਨ ਕਰ ਸਕਣਗੇ। ਉਨ੍ਹਾਂ ਕਿਹਾ ਕਿ ਜੇ ਪਾਕਿਸਤਾਨ ਸਰਕਾਰ ਇਸ ਤਰ੍ਹਾਂ ਦਾ ਪ੍ਰੋਜੈਕਟ ਉਲੀਕਦੀ ਹੈ ਤਾਂ ਇਹ ਉਨ੍ਹਾਂ ਦਾ ਬਹੁਤ ਵਧੀਆ ਪ੍ਰੋਜੈਕਟ ਹੋਏਗਾ।

ਦੱਸ ਦੇਈਏ ਇਸ ਤੋਂ ਪਹਿਲਾਂ ਵੀ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਅਪੀਲ ਕਰ ਚੁੱਕੇ ਹਨ। ਉਨ੍ਹਾਂ ਕਿਹਾ ਸੀ ਕਿ ਕੋਵਿਡ ਮਹਾਂਮਾਰੀ ਤੋਂ ਬਾਅਦ ਜਦੋਂ ਪੂਰਾ ਦੇਸ਼ ਅਨਲੌਕ ਦੀ ਪ੍ਰਕਿਰਿਆ ਵੱਲ ਵੱਧ ਰਿਹਾ ਹੈ ਅਤੇ ਸਾਰੇ ਧਾਰਮਿਕ ਅਸਥਾਨ ਖੋਲ੍ਹੇ ਜਾ ਰਹੇ ਹਨ ਤਾਂ ਉੱਥੇ ਕਰਤਾਰਪੁਰ ਸਾਹਿਬ ਕੌਰੀਡੋਰ ਵੀ ਖੁੱਲ੍ਹਣਾ ਚਾਹੀਦਾ ਹੈ। ਉਨ੍ਹਾਂ ਕਿਹਾ ਸੀ ਕਿ ਭਾਵੇਂ ਸਰਕਾਰ ਕੁੱਝ ਜ਼ਰੂਰ ਹਦਾਇਤਾਂ ਅਤੇ ਪ੍ਰਹੇਜ਼ ਲਾਗੂ ਕਰ ਦੇਵੇ ਪਰ ਸਿੱਖ ਸੰਗਤਾਂ ਦੀ ਸ਼ਰਧਾ ਭਾਵਨਾ ਲਈ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹ ਦੇਵੇ।

ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਸੰਗਤਾਂ ਨੂੰ ਵਧਾਈ

ਸ੍ਰੀ ਕਰਤਾਰਪੁਰ ਸਾਹਿਬ ਲਾਂਘੇ ਦੇ ਇੱਕ ਸਾਲ ਮੁਕੰਮਲ ਹੋਣ ’ਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੀਆਂ ਸਾਰੀਆਂ ਸੰਗਤਾਂ ਨੂੰ ਵਧਾਈ ਦਿੱਤੀ ਹੈ। ਦੇਸ਼ ਵਿੱਚ ਕੋਰੋਨਾ ਵਾਇਰਸ ਕਰਕੇ ਫੈਲੀ ਮਹਾਂਮਾਰੀ ਕਰਕੇ ਫਿਲਹਾਲ ਲਾਂਘਾ ਬੰਦ ਪਿਆ ਹੈ, ਇਸ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਨ੍ਹਾਂ ਨੂੰ ਲਾਂਘਾ ਮੁੜ ਖੁੱਲ੍ਹਣ ਦੀ ਉਡੀਕ ਹੈ, ਜਿਸ ਨਾਲ ਸੰਗਤਾਂ ਆਸਾਨੀ ਨਾਲ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕਣ।

ਇਸ ਮੌਕੇ ਕੈਪਟਨ ਅਮਰਿੰਦਰ ਸਿੰਘ ਨੇ ਫੇਸਬੁੱਕ ’ਤੇ ਪੋਸਟ ਸਾਂਝੀ ਕਰਦਿਆਂ ਲਿਖਿਆ, ‘ਕਰਤਾਰਪੁਰ ਲਾਂਘਾ ਖੁੱਲ੍ਹਣ ਦੇ ਇੱਕ ਸਾਲ ਪੂਰਾ ਹੋਣ ‘ਤੇ ਸਾਰੀਆਂ ਸਿੱਖ ਸੰਗਤਾਂ ਨੂੰ ਲੱਖ ਲੱਖ ਵਧਾਈਆਂ। ਮੇਰੀ ਅਰਦਾਸ ਹੈ ਕਿ ਵਾਹਿਗੁਰੂ ਸਦਾ ਆਪਣੀ ਮਿਹਰ ਹਰ ਇੱਕ ਜੀਅ ‘ਤੇ ਬਣਾਈ ਰੱਖੇ। ਕੋਵਿਡ19 ਕਰਕੇ ਬੰਦ ਹੋਏ ਕਰਤਾਰਪੁਰ ਲਾਂਘੇ ਦੇ ਮੁੜ ਖੁੱਲਣ ਦੀ ਉਡੀਕ ਵਿੱਚ ਹਾਂ ਤਾਂ ਜੋ ਅਸੀਂ ਸਾਰੇ ਸਰਹੱਦ ਪਾਰ ਇਤਿਹਾਸਕ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰ ਸਕੀਏ।’

ਇਸ ਤੋਂ ਇਲਾਵਾ ਅਕਾਲੀ ਦਲ ਵੱਲੋਂ ਵੀ ਲਾਂਘਾ ਖੋਲ੍ਹਣ ਦੀ ਅਪੀਲ ਕੀਤੀ ਗਈ ਹੈ। ਪਿਛਲੇ ਮਹੀਨੇ ਅਕਾਲੀ ਦਲ ਲੀਡਰ ਬਿਕਰਮ ਮਜੀਠੀਆ ਆਪਣੇ ਪਾਰਟੀ ਵਰਕਰਾਂ ਨਾਲ ਡੇਰਾ ਬਾਬਾ ਨਾਨਕ ਪਹੁੰਚੇ ਅਤੇ ਲਾਂਘਾ ਖੋਲ੍ਹਣ ਲਈ ਅਰਦਾਸ ਬੇਨਤੀ ਕੀਤੀ।

ਕੀ ਹੈ ਕਰਤਾਰਪੁਰ ਲਾਂਘਾ?

ਗੁਰਦੁਆਰਾ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ, ਜ਼ਿਲ੍ਹਾ ਗੁਰਦਾਸਪੁਰ ਦੇ ਡੇਰਾ ਬਾਬਾ ਨਾਨਕ ਦੇ ਨਾਲ ਲਗਦੀ ਭਾਰਤੀ ਸਰਹੱਦ ਤੋਂ ਪਾਕਿਸਤਾਨ ਵਿੱਚ ਕਰੀਬ ਚਾਰ ਕਿਲੋਮੀਟਰ ਅੰਦਰ ਹੈ। ਇੱਥੇ ਗੁਰੂ ਨਾਨਕ ਦੇਵ ਜੀ ਨੇ ਆਪਣੇ ਜੀਵਨ ਦੇ ਆਖਰੀ 17-18 ਸਾਲ ਬਿਤਾਏ ਸਨ।

ਇਸ ਗੁਰਦੁਆਰੇ ਜਾਣ ਲਈ ਭਾਰਤ ਤੋਂ ਪਾਕਿਸਤਾਨ ਵਿਚਾਲੇ ਇੱਕ ਸਿੱਧਾ ਰਾਹ ਬਣਾਇਆ ਗਿਆ ਹੈ, ਜਿਸ ਨੂੰ ਕਰਤਾਰਪੁਰ ਲਾਂਘਾ ਕਹਿੰਦੇ ਹਨ। ਇਸ ਲਾਂਘੇ ਜ਼ਰੀਏ ਸ਼ਰਧਾਲੂ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰ ਸਕਦੇ ਹਨ। ਇਸ ਤੋਂ ਪਹਿਲਾਂ ਸੰਗਤਾਂ ਡੇਰਾ ਬਾਬਾ ਨਾਨਕ ਵਿਖੇ ਦੂਰਬੀਨਾਂ ਰਾਹੀਂ ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨ ਕਰਦੀਆਂ ਸਨ।

ਗੁਰਦੁਆਰਾ ਕਰਤਾਰਪੁਰ ਸਾਹਿਬ ਇਤਿਹਾਸਿਕ ਕਸਬਾ ਡੇਰਾ ਬਾਬਾ ਨਾਨਕ, ਜ਼ਿਲ੍ਹਾ ਗੁਰਦਾਸਪੁਰ, ਪੰਜਾਬ ਦੇ ਨਜ਼ਦੀਕ ਕੌਮਾਂਤਰੀ ਸਰਹੱਦ ਤੋਂ ਲਗਭਗ 4.5 ਕਿਲੋਮੀਟਰ ਦੂਰ ਸਥਿਤ ਪਾਕਿਸਤਾਨ ਦੇ ਜ਼ਿਲ੍ਹਾ ਨਾਰੋਵਾਲ ਵਿੱਚ ਸਥਿਤ ਹੈ।

ਲਾਂਘੇ ਰਾਹੀਂ ਸ੍ਰੀ ਦਰਬਾਰ ਸਾਹਿਬ, ਕਰਤਾਰਪੁਰ ਜਾਣ ਲਈ ਜ਼ਰੂਰੀ ਵਸਤਾਂ

ਗੁਰਦੁਆਰਾ ਦਰਬਾਰ ਸਾਹਿਬ, ਕਰਤਾਰਪੁਰ ਦੇ ਦਰਸ਼ਨਾਂ ਲਈ ਜਾਣਾ ਹੋਵੇ ਤਾਂ ਤੁਹਾਨੂੰ ਲਾਂਘੇ ਤੋਂ ਹੋ ਕੇ ਜਾਣਾ ਪਵੇਗਾ। ਇਹ ਲਾਂਘਾ ਵੀਜ਼ਾ ਮੁਕਤ ਹੋਵੇਗਾ ਹੁਣ ਕਰਤਾਰਪੁਰ ਜਾਣ ਲਈ ਪਾਸਪੋਰਟ ਦੀ ਲੋੜ ਵੀ ਨਹੀਂ ਹੋਵੇਗੀ, ਕੇਵਲ ਇੱਕ ਵੈਧ ਆਈਡੀ ਚਾਹੀਦੀ ਹੋਵੇਗੀ। ਹੁਣ ਜਾਣ ਤੋਂ 10 ਦਿਨਾਂ ਪਹਿਲਾਂ ਅਪਲਾਈ ਕਰਨ ਦੀ ਲੋੜ ਨਹੀਂ ਹੈ, ਪਹਿਲਾਂ ਅਜਿਹਾ 10 ਦਿਨ ਪਹਿਲਾੰ ਅਪਲਾਈ ਕਰਨਾ ਪੈਂਦਾ ਸੀ।

ਲਾਂਘੇ ਲਈ ਜਿਨ੍ਹਾਂ ਲੋਕਾਂ ਦੀ ਅਰਜ਼ੀ ਉੱਤੇ ਮੁਹਰ ਲੱਗ ਜਾਂਦੀ ਹੈ ਭਾਵ ਉਨ੍ਹਾਂ ਨੂੰ ਜਾਣ ਦੀ ਇਜਾਜ਼ਤ ਮਿਲ ਜਾਂਦੀ ਹੈ ਤਾਂ ਉਨ੍ਹਾਂ ਨੂੰ ਇੱਕ ਕਾਰਡ ਦਿੱਤਾ ਜਾਂਦਾ ਹੈ। ਪਾਕਿਸਤਾਨ ਸਰਕਾਰ ਨੇ ਭਾਰਤੀ ਸ਼ਰਧਾਲੂਆਂ ਲਈ 20 ਡਾਲਰ ਫੀਸ ਤੈਅ ਕੀਤੀ ਸੀ, ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਬਣਦੀ ਹੈ। ਇੱਕ ਜ਼ਰੂਰੀ ਗੱਲ ਇਹ ਹੈ ਕਿ ਯਾਤਰੀਆਂ ਨੂੰ ਸਿਰਫ਼ ਗੁਰਦੁਆਰਾ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਦੀ ਇਜਾਜ਼ਤ ਹੋਵੇਗੀ, ਬਾਹਰ ਕਿਸੇ ਹੋਰ ਜਗ੍ਹਾ ਦੀ ਨਹੀਂ।

ਯਾਤਰਾ ਕਰਨ ਲਈ ਕੀ ਕਰੀਏ?

  • ਕਰਤਾਰਪੁਰ ਸਾਹਿਬ ਦੀ ਯਾਤਰਾ ਕਰਨ ਵਾਲੇ ਸ਼ਰਧਾਲੂਆਂ ਨੂੰ ਸਭ ਤੋਂ ਪਹਿਲਾਂ ਭਾਰਤ ਸਰਕਾਰ ਦੇ ਪੋਰਟਲ https://prakashpurb550.mha.gov.in/ ਉੱਤੇ ਰਜਿਸਟਰ ਕਰਨਾ ਹੋਵੇਗਾ।
  • ਯਾਤਰਾ ਤੋਂ ਚਾਰ ਦਿਨ ਪਹਿਲਾਂ ਯਾਤਰੀਆਂ ਨੂੰ ਯਾਤਰਾ ਦੀ ਸੂਚਨਾ ਮਿਲੇਗੀ।
  • ਯਾਤਰਾ ਬਿਨਾ ਵੀਜ਼ੇ ਦੀ ਹੋਵੇਗੀ ਪਰ ਇਸ ਦੇ ਲਈ ਇਸ ਆਨ ਲਾਈਨ ਪੋਰਟਲ ਤੋਂ ਯਾਤਰਾ ਦਾ ਪਰਮਿਟ ਲੈਣਾ ਜ਼ਰੂਰੀ ਹੈ।
  • ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਮੋਬਾਈਲ ਨੰਬਰ ਜ਼ਰੂਰੀ ਹੈ। ਯਾਤਰਾ ਦੇ ਆਨਲਾਈਨ ਬਿਨੈ-ਪੱਤਰ ਜਮ੍ਹਾ ਕਰਾਉਣ ਲਈ ਈ-ਮੇਲ ਆਈਡੀ ਜ਼ਰੂਰੀ ਨਹੀਂ।
  • ਹਾਲਾਂਕਿ ਜੇ ਆਨਲਾਈਨ ਵੇਰਵੇ ਜਮ੍ਹਾਂ ਕਰਦੇ ਸਮੇਂ ਈ-ਮੇਲ ਆਈਡੀ ਮੁਹੱਈਆ ਕਰੋਗੇ ਤਾਂ ਇਲੈਕਟਰਾਨਿਕ ਟਰੈਵਲ ਆਥੋਰਾਈਜੇਸ਼ਨ (ਈਟੀਏ) ਨੂੰ ਈ-ਮੇਲ ਵਿੱਚ ਅਟੈਚਮੈਂਟ ਦੇ ਤੌਰ ‘ਤੇ ਹਾਸਿਲ ਕੀਤਾ ਜਾ ਸਕਦਾ ਹੈ।
  • ਬਦਲ ਦੇ ਤੌਰ ‘ਤੇ ਮੋਬਾਇਲ ਸੰਦੇਸ਼ ਵਿੱਚ ਦਿੱਤੇ ਲਿੰਕ ਤੋਂ ਈਟੀਏ ਡਾਊਨਲੋਡ ਕੀਤਾ ਜਾ ਸਕਦਾ ਹੈ।
  • ਭਾਰਤ ਵਲੋਂ ਇਹ ਯਾਤਰਾ ਮੁਫ਼ਤ ਹੈ, ਪਰ ਪਾਕਿਸਤਨ ਵਲੋਂ ਪ੍ਰਤੀ ਯਾਤਰੀ 20 ਡਾਲਰ ਦੀ ਫ਼ੀਸ ਲਈ ਜਾਂਦੀ ਹੈ ਜੋ ਕਿ ਭਾਰਤੀ ਕਰੰਸੀ ਮੁਤਾਬਕ ਤਕਰੀਬਨ 1400 ਰੁਪਏ ਬਣਦੀ ਹੈ।

ਲਾਂਘੇ ਰਾਹੀਂ ਕਰਤਾਰਪੁਰ ਸਾਹਿਬ ਜਾਣ ਦੀਆਂ ਕੁਝ ਜਰੂਰੀ ਸ਼ਰਤਾਂ

  • ਵੀਜ਼ਾ ਤਾਂ ਨਹੀਂ ਪਰ ਇਲੈਕਟਰਾਨਿਕ ਟਰੈਵਲ ਆਥੋਰਾਈਜ਼ੇਸ਼ਨ (ਬਿਜਲਾਣੂ ਰਾਹਦਾਰੀ) ਜ਼ਰੂਰੀ ਹੈ ਜੋ ਕੇਵਲ ਅਪਣੀ ਦਰਖ਼ਾਸਤ ਔਨਲਾਈਨ ਦਾਖਲ ਕਰਵਾਣ ਤੇ ਮਿਲਦੀ ਹੈ।
  • ਵੈਲਿਡ ਪਾਸਪੋਰਟ (ਓਵਰਸੀਜ਼ ਭਾਰਤੀ ਲਈ ਓ ਸੀ ਆਈ ਵੀ) ਅਤੀ ਜ਼ਰੂਰੀ ਹੈ।
  • ਲਾਂਘਾ ਕੇਵਲ ਭਾਰਤੀ ਰੈਜ਼ੀਡੈਂਟ ਜਾਂ ਓਵਰਸੀਜ਼ ਭਾਰਤੀ ਨਾਗਰਿਕਾ ਲਈ ਖੁੱਲ੍ਹਾ ਹੈ। ਪਾਕਿਸਤਾਨੀਆਂ ਲਈ ਨਹੀਂ।
  • ਈਟੀਏ ਅਰਜ਼ੀ ਦੀ ਪੁਲੀਸ ਪੜਤਾਲ ਤੋਂ ਬਾਦ ਭਾਰਤ-ਪਾਕਿਸਤਾਨ ਦੋਵਾਂ ਸਰਕਾਰਾਂ ਦੀ ਕਲੀਅਰੈਂਸ ਮਿਲਣ ’ਤੇ ਆਨਲਾਈਨ ਜਾਰੀ ਕੀਤੀ ਜਾਂਦੀ ਹੈ।
  • ਕਿਸੇ ਵੀ ਉਮਰ ਦਾ ਬੱਚਾ ਬੁੱਢਾ ਅਰਜ਼ੀ ਲਗਾ ਸਕਦਾ ਹੈ।
  • ਇੱਕ ਵਾਰ ਸਫਰ ਕਰ ਲੈਣ ਦੇ 15 ਦਿਨ ਬਾਦ ਦੁਬਾਰਾ ਅਰਜ਼ੀ ਲਗਾਈ ਜਾ ਸਕਦੀ ਹੈ।

ਸਿੱਖ ਧਰਮ ਵਿੱਚ ਕਰਤਾਰਪੁਰ ਸਾਹਿਬ ਦਾ ਮਹੱਤਵ

ਗੁਰਦੁਆਰਾ ਕਰਤਾਰਪੁਰ ਸਾਹਿਬ ਉਹ ਮੁਕੱਦਸ ਅਸਥਾਨ ਹੈ, ਜਿੱਥੇ ਗੁਰੂ ਨਾਨਕ ਸਾਹਿਬ 70 ਸਾਲ 4 ਮਹੀਨੇ ਦੀ ਆਯੂ ਭੋਗ ਕੇ ਪਰਮਾਤਮਾ ਵੱਲੋਂ ਸੌਂਪੀ ਜ਼ਿੰਮੇਵਾਰੀ ਨਿਭਾਉਂਦਿਆਂ 22 ਸਤੰਬਰ 1539 ਨੂੰ ਜੋਤੀ ਜੋਤਿ ਸਮਾ ਗਏ ਸਨ। ਵਿਦਵਾਨਾਂ ਅਨੁਸਾਰ ਗੁਰੂ ਜੀ ਦੇ ਜੋਤੀ-ਜੋਤਿ ਸਮਾਉਣ ਪਿੱਛੋਂ ਹਿੰਦੂਆਂ ਅਤੇ ਮੁਸਲਮਾਨਾਂ ਵਿਚਕਾਰ ਮਤਭੇਦ ਪੈਦਾ ਹੋ ਗਏ। ਹਿੰਦੂ ਕਹਿੰਦੇ ਸਨ ਕਿ ਉਹ ਉਨ੍ਹਾਂ ਦੇ ਸੰਤ ਹਨ ਤੇ ਉਹ ਉਨ੍ਹਾਂ ਦੇ ਸਰੀਰ ਦਾ ਦਾਹ ਸਸਕਾਰ ਕਰਨਗੇ ਜਦੋਂਕਿ ਮੁਸਲਮਾਨ ਕਹਿੰਦੇ ਸਨ ਕਿ ਉਹ ਉਨ੍ਹਾਂ ਦੇ ਪੀਰ ਹਨ ਤੇ ਸ਼ਰ੍ਹਾ ਅਨੁਸਾਰ ਉਹ ਉਨ੍ਹਾਂ ਨੂੰ ਦਫ਼ਨ ਕਰਨਗੇ।

ਕੁਝ ਸਿਆਣੇ ਲੋਕਾਂ ਦੇ ਕਹਿਣ ’ਤੇ ਜਦੋਂ ਗੁਰੂ ਨਾਨਕ ਸਾਹਿਬ ਦੀ ਪਵਿੱਤਰ ਦੇਹ ਤੋਂ ਚਾਦਰ ਚੁੱਕੀ ਗਈ ਤਾਂ ਉੱਥੇ ਫੁੱਲਾਂ ਤੋਂ ਬਿਨਾਂ ਹੋਰ ਕੁਝ ਨਹੀਂ ਸੀ। ਮਤਭੇਦ ਦੂਰ ਕਰਨ ਲਈ ਚਾਦਰ ਬਰਾਬਰ ਪਾਡ਼ੀ ਗਈ। ਹਿੰਦੂਆਂ ਨੇ ਅੱਧੀ ਚਾਦਰ ਦਾ ਸਸਕਾਰ ਕਰ ਦਿੱਤਾ ਅਤੇ ਉਸ ਸਥਾਨ ’ਤੇ ‘ਸੰਤ ਨਾਨਕ ਦੇਵ ਦੀ ਸਮਾਧ’ ਬਣਾ ਲਈ। ਮੁਸਲਮਾਨਾਂ ਨੇ ਅੱਧੀ ਚਾਦਰ ਦਫ਼ਨਾ ਕੇ ਨਾਨਕ ਪੀਰ ਦੀ ਮਜ਼ਾਰ ਬਣਾ ਲਈ, ਜੋ ਅੱਜ ਵੀ ਕਾਇਮ ਹੈ।

ਕੁਝ ਵਿਦਵਾਨਾਂ ਅਨੁਸਾਰ ਜਦੋਂ ਗੁਰੂ ਨਾਨਕ ਦੇਵ ਨਿਰੰਕਾਰ ਦੇ ਦੇਸ਼ ਤੁਰ ਗਏ ਤਾਂ ਮੁਸਲਮਾਨਾਂ ਨੇ ਉਨ੍ਹਾਂ ਦੀ ਅੰਤਿਮ ਯਾਦਗਾਰ ਵਜੋਂ ਇਕ ਖੂਹ ਲਵਾਇਆ ਅਤੇ ਇਕ ਮਸੀਤ (ਮਕਤਬ) ਸਥਾਪਿਤ ਕੀਤੀ। ਕਲਾਨੌਰ ਦੇ ਅਹਿਲਕਾਰ ਦੁਨੀ ਚੰਦ ਕਰੋਡ਼ੀ ਦਾ ਗੁਰੂ ਨਾਨਕ ਦੇਵ ਪ੍ਰਤੀ ਹੰਕਾਰ ਟੁੱਟਣ ’ਤੇ ਉਸ ਨੇ 100 ਘੁਮਾ ਜ਼ਮੀਨ ਉਨ੍ਹਾਂ ਨੂੰ ਭੇਟ ਕੀਤੀ।

ਕਰਤਾਰਪੁਰ ਸਾਹਿਬ ਦਾ ਇਤਿਹਾਸ

ਪੰਥ ਰਤਨ ਗਿਆਨੀ ਗਿਆਨ ਸਿੰਘ ਅਨੁਸਾਰ 13 ਮਾਘ ਸੰਮਤ 1572 ਨੂੰ ਗੁਰੂ ਨਾਨਕ ਸਾਹਿਬ ਨੇ ਮੋਹਰੀ ਗੱਡ ਕੇ ਕਰਤਾਰਪੁਰ ਦੀ ਨੀਂਹ ਰੱਖੀ। ਗੁਰਦੁਆਰੇ ਦੇ ਨਾਲ ਹੀ ਦੁਨੀ ਚੰਦ ਨੇ ਇੱਕ ਧਰਮਸ਼ਾਲਾ ਵੀ ਬਣਵਾਈ, ਜੋ ਲੋਪ ਹੋ ਚੁੱਕੀ ਹੈ। ਬਾਅਦ ਵਿੱਚ ਗੁਰੂ ਜੀ ਦਾ ਪਰਿਵਾਰ ਵੀ ਇੱਥੇ ਹੀ ਆ ਗਿਆ।

ਗੁਰਦੁਆਰੇ ਦੇ ਅੰਦਰ ਇੱਕ ਇਤਿਹਾਸਕ ਖੂਹ (ਫੋਟੋ- ਬੀਬੀਸੀ)

ਇਸ ਸਥਾਨ ’ਤੇ ਗੁਰੂ ਜੀ ਨੇ ਆਪਣੀ ਗ੍ਰਿਹਸਤ ਸੰਭਾਲੀ, ਖ਼ੁਦ ਖੇਤੀਬਾਡ਼ੀ ਕੀਤੀ ਅਤੇ ਸਿੱਖੀ ਦੇ ਉਪਦੇਸ਼ ਦਿੱਤੇ। ਇੱਥੇ ਹੀ ਉਨ੍ਹਾਂ ਨੇ ਭਾਈ ਲਹਿਣਾ ਨੂੰ ਸਿੱਖਾਂ ਦਾ ਦੂਜਾ ਗੁਰੂ ਥਾਪ ਕੇ ਗੁਰੂ ਅੰਗਦ ਬਣਾਇਆ। ਭਾਈ ਲਹਿਣਾ ਜੀ ਨੇ ਛੇ ਸਾਲ ਤਕ ਕਰਤਾਰਪੁਰ ਰਹਿ ਕੇ ਗੁਰੂ ਜੀ ਦੀ ਸੇਵਾ ਕੀਤੀ। ਰਾਜਾ ਚੁੰਨੀ ਲਾਲ ਹੈਦਰਾਬਾਦੀਏ ਦੁਆਰਾ ਇਸ ਸਥਾਨ ਦੀ ਸੇਵਾ ਕਰਾਉਣ ਤੋਂ ਬਾਅਦ 1827 ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਪਾਲਕੀ ਅਤੇ ਗੁੰਬਦ ’ਤੇ ਸੋਨਾ ਚੜ੍ਹਵਾਇਆ।

ਕਰਤਾਰਪੁਰ ਸਾਹਿਬ ਦੀ ਮੌਜੂਦਾ ਇਮਾਰਤ ਲਾਲਾ ਸ਼ਾਮ ਦਾਸ ਨੇ 1911 ਵਿੱਚ ਬਣਵਾਈ ਸੀ। ਭਾਈ ਕਾਨ੍ਹ ਸਿੰਘ ਨਾਭਾ ‘ਮਹਾਨ ਕੋਸ਼’ ਦੇ ਸਫ਼ਾ 302 ’ਤੇ ਨਗਰ ਦੇ ਨਿਰਮਾਣ ਸਬੰਧੀ ਲਿਖਦੇ ਹਨ, ‘ਇਸ ਨਗਰ ਦੇ ਵਸਾਉਣ ਵਿੱਚ ਭਾਈ ਦੋਧਾ ਅਤੇ ਭਾਈ ਦੁਨੀ ਚੰਦ (ਕਰੋਡ਼ੀ ਮੱਲ) ਦਾ ਉੱਦਮ ਸ਼ਾਮਲ ਹੈ, ਜਿਨ੍ਹਾਂ ਨੇ ਸਤਿਗੁਰੂ ਲਈ ਪਿੰਡ ਵਸਾ ਕੇ ਧਰਮਸ਼ਾਲਾ ਬਣਵਾਈ। ਬਾਅਦ ਵਿੱਚ ਕਰਤਾਰਪੁਰ ਨੂੰ ਚਿਰੋਕਣਾ ਰਾਵੀ ਨੇ ਆਪਣੇ ਵਿੱਚ ਲੀਨ ਕਰ ਲਿਆ’

ਦਰਿਆ ਰਾਵੀ ਦੇ ਪੱਛਮੀ ਕਿਨਾਰੇ ’ਤੇ ਇਸ ਅਜੋਕੀ ਇਮਾਰਤ ਦਾ ਨਵਨਿਰਮਾਣ ਬਾਅਦ ਵਿੱਚ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਨੇ 1,35,000 ਰੁਪਏ ਖ਼ਰਚ ਕੇ ਕਰਵਾਇਆ। ਅਜੇ ਇਹ ਇਮਾਰਤ ਬਣ ਹੀ ਰਹੀ ਸੀ ਕਿ ਦੇਸ਼ ਦੀ ਵੰਡ ਕਾਰਨ ਉਸਾਰੀ ਵਿੱਚ ਹੀ ਰੋਕ ਦਿੱਤੀ ਗਈ। 3 ਜੂਨ 1947 ਨੂੰ ਹੋਏ ਐਲਾਨ ਮੁਤਾਬਿਕ ਜਦੋਂ ਗੁਰਦਾਸਪੁਰ ਦੀ ਹੱਦਬੰਦੀ ਕਰਨ ਵਾਲੇ ਅੰਗਰੇਜ਼ ਅਧਿਕਾਰੀ ਨੇ ਗੁਰਦਾਸਪੁਰ ਦੀ ਵੰਡ ਕੀਤੀ ਤਾਂ ਉਹ ਇਹ ਵੰਡ ਕਰਨ ਵਿੱਚ ਪੂਰੀ ਤਰ੍ਹਾਂ ਅਸਮਰੱਥ ਰਿਹਾ। ਪਹਿਲਾਂ ਤਾਂ ਉਸ ਨੇ ਪੂਰੇ ਦਾ ਪੂਰਾ ਗੁਰਦਾਸਪੁਰ ਜ਼ਿਲ੍ਹਾ ਪਾਕਿਸਤਾਨ ਵਿੱਚ ਪਾ ਦਿੱਤਾ ਪਰ ਜਦੋਂ ਪੰਡਿਤ ਜਵਾਹਰ ਲਾਲ ਨਹਿਰੂ ਅਤੇ ਕੁਝ ਪ੍ਰਮੁੱਖ ਸਿੱਖ ਆਗੂਆਂ ਦੀਆਂ ਕੋਸ਼ਿਸ਼ਾਂ ਸਦਕਾ ਇਸ ’ਤੇ ਦੁਬਾਰਾ ਵਿਚਾਰ ਹੋਈ ਤਾਂ ਗੁਰਦਾਸਪੁਰ ਦੇ ਦੋ ਟੋਟੇ ਕੀਤੇ ਗਏ। ਇੱਕ ਹਿੱਸਾ ਪਾਕਿਸਤਾਨ ਵਿੱਚ ਚਲਾ ਗਿਆ ਅਤੇ ਇੱਕ ਹਿੰਦੁਸਤਾਨ ਵਿੱਚ ਰਹਿ ਗਿਆ।

ਇਸ ਮੁੜ ਹੋਈ ਹੱਦਬੰਦੀ ਨਾਲ ਕਰਤਾਰਪੁਰ ਐਨ ਸਰਹੱਦ ਦੇ ਉੱਪਰ ਪਾਕਿਸਤਾਨ ਵੱਲ ਆ ਗਿਆ। ਗੁਰਦੁਆਰਾ ਕਰਤਾਰਪੁਰ ਸਾਹਿਬ ਜੋ ਕਿ ਦੇਸ਼ ਦੀ ਵੰਡ ਤੋਂ ਪਹਿਲਾਂ ਪਿੰਡ ਡੋਡਾ, ਜ਼ਿਲ੍ਹਾ ਗੁਰਦਾਸਪੁਰ, ਤਹਿਸੀਲ ਸ਼ਕਰਗਡ਼੍ਹ ਵਿੱਚ ਆਉਂਦਾ ਸੀ, ਹੁਣ ਮੌਜੂਦਾ ਸਮੇਂ ਲਾਹੌਰ-ਨਾਰੋਵਾਲ ਰੇਲਵੇ ਲਾਈਨ ’ਤੇ ਰਾਵੀ ਦਰਿਆ ਦੇ ਕੰਢੇ ਤਹਿਸੀਲ ਨਾਰੋਵਾਲ ਵਿੱਚ ਸਥਿਤ ਹੈ। ਇਹ ਬਟਾਲਾ ਤੋਂ 36 ਕਿਲੋਮੀਟਰ ਅਤੇ ਡੇਰਾ ਬਾਬਾ ਨਾਨਕ ਸਰਹੱਦ ਤੋਂ ਸਿਰਫ਼ 3 ਕਿਲੋਮੀਟਰ ਪਾਕਿਸਤਾਨ ਵਿੱਚ ਰਾਵੀ ਦੇ ਕਿਨਾਰੇ ’ਤੇ ਸਥਿਤ ਹੈ।

Exit mobile version