The Khalas Tv Blog Punjab ਅੱਜ ਰੇਤੇ ਦੀਆਂ 15 ਖੱਡਾਂ ਹੋਈਆਂ ਚਾਲੂ,ਮਹੀਨੇ ਤੱਕ ਪਹੁੰਚੇਗੀ ਗਿਣਤੀ 50 ਤੱਕ,ਮੁੱਖ ਮੰਤਰੀ ਪੰਜਾਬ ਨੇ ਕੀਤਾ ਐਲਾਨ
Punjab

ਅੱਜ ਰੇਤੇ ਦੀਆਂ 15 ਖੱਡਾਂ ਹੋਈਆਂ ਚਾਲੂ,ਮਹੀਨੇ ਤੱਕ ਪਹੁੰਚੇਗੀ ਗਿਣਤੀ 50 ਤੱਕ,ਮੁੱਖ ਮੰਤਰੀ ਪੰਜਾਬ ਨੇ ਕੀਤਾ ਐਲਾਨ

ਲੁਧਿਆਣਾ : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਲੁਧਿਆਣਾ ਵਿੱਚ ਪਿੰਡ ਗੋਰਸੀਆਂ ਖਾਨ ਮੁਹੰਮਦ ਵਿਖੇ  ਸਰਕਾਰੀ ਖੱਡ ਨੂੰ ਲੋਕਾਂ ਲਈ ਚਾਲੂ ਕਰ ਦਿੱਤਾ ਹੈ ਤੇ ਇਹ ਵੀ ਐਲਾਨ ਕੀਤਾ ਹੈ ਕਿ ਅੱਜ ਕੁੱਲ 15 ਖੱਡਾਂ ਚਾਲੂ ਕੀਤੀਆਂ ਜਾਣਗੀਆਂ ਤੇ ਇਸ ਮਹੀਨੇ ਦੇ ਅੰਤ ਤੱਕ ਇਹਨਾਂ ਦੀ ਗਿਣਤੀ 50 ਤੱਕ ਹੋ ਜਾਵੇਗੀ। ਇਸ ਦੌਰਾਨ ਮਾਈਨਿੰਗ ਮੰਤਰੀ ਮੀਤ ਹੇਅਰ ਵੀ ਉਹਨਾਂ ਦੇ ਨਾਲ ਸਨ ।

ਖੱਡ ਵਾਲੀ ਥਾਂ ‘ਤੇ ਕੀਤੀ ਪ੍ਰੈਸ ਕਾਨਫਰੰਸ ਵਿੱਚ ਮਾਨ ਸਰਕਾਰ ਨੇ ਆਪਣੀ ਸਰਕਾਰ ਦੀਆਂ ਪ੍ਰਾਪਤੀਆਂ ਗਿਣਾਈਆਂ ਤੇ ਸਾਰੀਆਂ ਗਰੰਟੀਆਂ ਪੂਰੀਆਂ ਦਾ ਦਾਅਵਾ ਕੀਤਾ ਹੈ ਤੇ ਇਹ ਵੀ ਕਿਹਾ ਹੈ ਕਿ ਵਿਧਾਇਕਾਂ ਦੀ ਪੈਨਸ਼ਨ ਵਾਲਾ ਕਾਨੂੰਨ ਲਾਗੂ ਕਰਨਾ,ਮੁਹੱਲਾ ਕਲੀਨਿਕਾਂ ਖੋਲਣੇ,ਸਕੂਲ ਆਫ ਐਮੀਨੈਂਸ ਖੋਲਣੇ,ਵਿਦੇਸ਼ਾਂ ਵਿੱਚ ਅਧਿਆਪਕਾਂ ਦੀ ਟਰੇਨਿੰਗ ਵਰਗੇ ਕਈ ਕੰਮ ਮਾਨ ਸਰਕਾਰ ਵੇਲੇ ਹੋਏ ਹਨ ।

ਮੁੱਖ ਮੰਤਰੀ ਮਾਨ ਨੇ ਕਿਹਾ ਹੈ ਕਿ ਇਹਨਾਂ ਖੱਡਾਂ ਦੀ ਸ਼ੁਰੂਆਤ ਹੋਣ ਤੋਂ ਬਾਅਦ ਰੇਤਾ ਸਸਤਾ ਤੇ ਸਹੀ ਰੇਟ ‘ਤੇ ਮਿਲਿਆ ਕਰੇਗਾ।ਇਸ ਸੰਬੰਧ ਵਿੱਚ ਐਪ ਵੀ ਜਾਰੀ ਕੀਤੀ ਹੈ ਤੇ ਹਰ ਟਰੈਕਟਰ ਟਰਾਲੀ ਨੂੰ ਕਿਊ ਆਰ ਕੋਡ ਦਿੱਤਾ ਜਾਵੇਗਾ। ਇਸ ਦਾ ਸਰਕਾਰੀ ਮੁੱਲ ਸਾਢੇ 5 ਰੁਪਏ ਤੈਅ ਕੀਤਾ ਗਿਆ ਹੈ। ਰੇਤਾ ਲੈਣ ਲਈ ਆਪਣਾ ਟਰੈਕਟਰ ਟਰਾਲੀ ਲੈ ਕੇ ਨੇੜੇ ਦੀ ਖੱਡ ਤੇ ਪਹੁੰਚ ਕਰਨੀ ਪਵੇਗੀ।

ਇਸ ਲਈ ਜਰੂਰੀ ਹੈ ਟਰਾਲੀ ਡਬਲ ਟਾਇਰਾਂ ਵਾਲੀ ਹੋਵੇ ਤੇ ਲੱਦ ਹੋਣ ਤੋਂ ਬਾਅਦ ਇਸ ‘ਤੇ ਤਰਪਾਲ ਪਾਈ ਹੋਣੀ ਜਰੂਰੀ ਹੈ। ਖੱਡਾਂ ਦਾ ਸਮਾਂ ਸਵੇਰੇ 6 ਤੋਂ ਲੈ ਕੇ ਸ਼ਾਮ 7 ਵਜੇ ਤੱਕ ਹੋਇਆ ਕਰੇਗਾ ਤੇ ਰਾਤ ਨੂੰ ਇਥੇ ਸੁਰੱਖਿਆ ਕਰਮਚਾਰੀ ਪਹਿਰਾ ਦੇਣਗੇ ਤੇ ਇਸ ਤੋਂ ਇਲਾਵਾ ਸੀਸੀਟੀਵੀ ਕੈਮਰੇ ਵੀ ਲਗਾਏ ਜਾਣਗੇ।ਇਸ ਤੋਂ ਇਲਾਵਾ ਖੱਡਾਂ ਵਾਲੀਆਂ ਥਾਵਾਂ ‘ਤੇ ਟਿੱਪਰ ਤੇ ਜੇਸੀਬੀ ‘ਤੇ ਪਾਬੰਦੀ ਰਹੇਗੀ।

ਕੁੱਝ ਸਵਾਲਾਂ ਦੇ ਜੁਆਬ ਦਿੰਦੇ ਹੋਏ ਮਾਨ ਨੇ ਇਹ ਵੀ ਸਾਫ ਕੀਤਾ ਕਿ ਰੇਤ ਮਾਫੀਆ ਨੂੰ ਪਾਲਣ ਵਾਲਿਆਂ ਖਿਲਾਫ ਕਾਰਵਾਈ ਹੋਵੇਗੀ ਤੇ ਭਾਈਬੰਦੀ ਬਿਲਕੁਲ ਨਹੀਂ ਚਲੇਗੀ। ਪੰਜਾਬ ਹੁਣ ਤਰੱਕੀ ਦੀਆਂ ਰਾਹਾਂ ਤੇ ਹੈ ਤੇ ਕਿਸੇ ਵੀ ਤਰਾਂ ਦੇ ਭ੍ਰਿਸ਼ਟਾਚਾਰ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।

Exit mobile version