ਤਿਰੂਪਤੀ ਮੰਦਰ ਵਿੱਚ ਪ੍ਰਸ਼ਾਦ ਵਜੋਂ ਚੜ੍ਹਾਏ ਜਾਣ ਵਾਲੇ ਲੱਡੂਆਂ ਵਿੱਚ ਮਿਲਾਵਟੀ ਘਿਓ ਦੀ ਵਰਤੋਂ ਨਾਲ ਸਬੰਧਤ ਮਾਮਲੇ ਵਿੱਚ ਇੱਕ ਵਿਸ਼ੇਸ਼ ਜਾਂਚ ਟੀਮ ਨੇ ਚਾਰ ਮੁੱਖ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ।
ਸੁਪਰੀਮ ਕੋਰਟ ਦੇ ਹੁਕਮਾਂ ਤੋਂ ਬਾਅਦ ਸੀਬੀਆਈ ਦੀ ਨਿਗਰਾਨੀ ਹੇਠ ਐਸਆਈਟੀ ਦਾ ਗਠਨ ਕੀਤਾ ਗਿਆ ਸੀ। ਬੀਬੀਸੀ ਦੇ ਅਨੁਸਾਰ, ਐਸਆਈਟੀ ਨੇ ਵਿਪਿਨ ਜੈਨ (45) ਅਤੇ ਪੋਮਿਲ ਜੈਨ (47) ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਦੋਵੇਂ ਉਤਰਾਖੰਡ ਦੇ ਰੁੜਕੀ ਵਿੱਚ ਭੋਲੇਬਾਬਾ ਆਰਗੈਨਿਕ ਡੇਅਰੀ ਦੇ ਡਾਇਰੈਕਟਰ ਹਨ।
ਉਨ੍ਹਾਂ ਤੋਂ ਇਲਾਵਾ, ਤਿਰੂਪਤੀ ਜ਼ਿਲ੍ਹੇ ਵਿੱਚ ਵੈਸ਼ਨਵੀ ਡੇਅਰੀ ਸਪੈਸ਼ਲਿਟੀਜ਼ ਲਿਮਟਿਡ ਦੇ ਸੀਈਓ ਅਪੂਰਵ ਵਿਨਾਇਕਾਂਤ ਚਾਵੜਾ (47) ਅਤੇ ਤਾਮਿਲਨਾਡੂ ਦੇ ਡਿੰਡੀਗੁਲ ਵਿੱਚ ਏਆਰ ਡੇਅਰੀ ਦੇ ਪ੍ਰਬੰਧ ਨਿਰਦੇਸ਼ਕ ਰਾਜੂ ਰਾਜਸ਼ੇਖਰਨ (69) ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ ਹੈ।
ਰਿਮਾਂਡ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਜਦੋਂ ਘਿਓ ਵਿੱਚ ਮਿਲਾਵਟ ਹੋ ਰਹੀ ਸੀ, ਉਸ ਸਮੇਂ ਵਿਪਿਨ ਜੈਨ ਅਤੇ ਪੋਮਿਲ ਜੈਨ ਵੈਸ਼ਨਵੀ ਡੇਅਰੀ ਦੇ ਡਾਇਰੈਕਟਰ ਸਨ। ਚਾਰੇ ਮੁਲਜ਼ਮਾਂ ਨੂੰ ਐਤਵਾਰ ਦੁਪਹਿਰ ਨੂੰ ਗ੍ਰਿਫ਼ਤਾਰ ਕੀਤਾ ਗਿਆ, ਅਤੇ ਅਲੀਪਿਰੀ (ਤਿਰੂਪਤੀ) ਸਥਿਤ ਐਸਆਈਟੀ ਦਫ਼ਤਰ ਲਿਆਂਦਾ ਗਿਆ।
ਰਿਮਾਂਡ ਰਿਪੋਰਟ ਤਿਆਰ ਹੋਣ ਤੋਂ ਬਾਅਦ, ਚਾਰਾਂ ਮੁਲਜ਼ਮਾਂ ਨੂੰ ਸਖ਼ਤ ਸੁਰੱਖਿਆ ਵਿਚਕਾਰ ਡਾਕਟਰੀ ਜਾਂਚ ਲਈ ਰੁਈਆ ਹਸਪਤਾਲ ਲਿਜਾਇਆ ਗਿਆ। ਇਸ ਤੋਂ ਬਾਅਦ, ਇਸ ਮਾਮਲੇ ਦੇ ਜਾਂਚ ਅਧਿਕਾਰੀ, ਐਡੀਸ਼ਨਲ ਐਸਪੀ ਵੈਂਕਟ ਰਾਓ, ਚਾਰਾਂ ਮੁਲਜ਼ਮਾਂ ਨੂੰ ਐਡੀਸ਼ਨਲ ਜੁਡੀਸ਼ੀਅਲ ਮੈਜਿਸਟਰੇਟ ਪ੍ਰਵੀਨ ਕੁਮਾਰ ਦੇ ਘਰ ਲੈ ਗਏ। ਨਿਆਂਇਕ ਅਧਿਕਾਰੀ ਵੱਲੋਂ ਰਿਮਾਂਡ ਰਿਪੋਰਟ ਦੇਖਣ ਤੋਂ ਬਾਅਦ, ਚਾਰਾਂ ਮੁਲਜ਼ਮਾਂ ਨੂੰ ਰਿਮਾਂਡ ‘ਤੇ ਭੇਜ ਦਿੱਤਾ ਗਿਆ।