ਬਿਊਰੋ ਰਿਪੋਰਟ (ਜਲੰਧਰ, 31 ਅਕਤੂਬਰ 2025): ਜਲੰਧਰ ਜ਼ਿਲ੍ਹੇ ਦੇ ਭੋਗਪੁਰ ਖੇਤਰ ਅਧੀਨ ਪੈਂਦੇ ਪਿੰਡ ਮਾਨਕ ਰਾਏ ਵਿੱਚ ਤਿੰਨ ਔਰਤਾਂ ਨਾਲ ਕੁੱਟਮਾਰ ਅਤੇ ਉਨ੍ਹਾਂ ਨੂੰ ਬੰਧਕ ਬਣਾਉਣ ਦੀ ਹੈਰਾਨੀਜਨਕ ਘਟਨਾ ਸਾਹਮਣੇ ਆਈ ਹੈ। ਇਹ ਝਗੜਾ ਇੱਕ ਘੋੜੀ ਅਤੇ ਇੱਕ ਵੱਛੀ ਦੇ ਲਾਪਤਾ ਹੋਣ ਕਾਰਨ ਸ਼ੁਰੂ ਹੋਇਆ।
ਜਾਣਕਾਰੀ ਅਨੁਸਾਰ, ਬੀਤੀ ਰਾਤ ਪਿੰਡ ਦੇ ਇੱਕ ਡੇਰੇ ਦੀ ਘੋੜੀ ਅਤੇ ਇੱਕ ਵੱਛੀ ਖੁੱਲ੍ਹ ਕੇ ਕਿਤੇ ਚਲੀਆਂ ਗਈਆਂ ਸਨ। ਅਗਲੀ ਸਵੇਰ ਜਦੋਂ ਡੇਰੇ ਦੇ ਮਰਦ ਬਾਹਰ ਗਏ ਹੋਏ ਸਨ, ਤਾਂ ਤਿੰਨ ਔਰਤਾਂ- ਨੀਰਾ, ਮਲਕੂ ਅਤੇ ਉਨ੍ਹਾਂ ਦੀ ਭੂਆ ਸੇਤੀ ਜਾਨਵਰਾਂ ਦੀ ਭਾਲ ਵਿੱਚ ਨਿਕਲੀਆਂ।
ਭਾਲ ਦੌਰਾਨ, ਜਦੋਂ ਉਹ ਖੇਤਾਂ ਵਿੱਚ ਬਣੇ ਇੱਕ ਦੂਜੇ ਡੇਰੇ ’ਤੇ ਪਹੁੰਚੀਆਂ ਅਤੇ ਉੱਥੇ ਮੌਜੂਦ ਲੋਕਾਂ ਤੋਂ ਪਸ਼ੂਆਂ ਬਾਰੇ ਪੁੱਛਿਆ, ਤਾਂ ਡੇਰੇ ’ਤੇ ਮੌਜੂਦ ਚਾਰ ਵਿਅਕਤੀਆਂ ਨੇ ਉਨ੍ਹਾਂ ’ਤੇ ਤੁਰੰਤ ਹਮਲਾ ਕਰ ਦਿੱਤਾ। ਹਮਲਾਵਰਾਂ ਨੇ ਤਿੰਨਾਂ ਔਰਤਾਂ ਨੂੰ ਬੇਰਹਿਮੀ ਨਾਲ ਕੁੱਟਿਆ।
ਔਰਤਾਂ ਕਿਸੇ ਤਰ੍ਹਾਂ ਉੱਥੋਂ ਭੱਜ ਨਿਕਲੀਆਂ, ਪਰ ਹਮਲਾਵਰਾਂ ਨੇ ਪਿੱਛਾ ਕਰਕੇ ਦੋ ਔਰਤਾਂ (ਨੀਰਾ ਅਤੇ ਮਲਕੂ) ਨੂੰ ਦੁਬਾਰਾ ਫੜ ਲਿਆ ਅਤੇ ਆਪਣੇ ਡੇਰੇ ਵਿੱਚ ਬੰਧਕ ਬਣਾ ਲਿਆ। ਤੀਜੀ ਔਰਤ ਭੱਜ ਕੇ ਪਿੰਡ ਪਹੁੰਚੀ ਅਤੇ ਸਥਾਨਕ ਲੋਕਾਂ ਨੂੰ ਸਾਰੀ ਘਟਨਾ ਬਾਰੇ ਦੱਸਿਆ।
ਪਿੰਡ ਵਾਸੀਆਂ ਵੱਲੋਂ ਸੂਚਨਾ ਮਿਲਣ ’ਤੇ ਸਬ-ਇੰਸਪੈਕਟਰ ਅੰਜੂ ਦੀ ਅਗਵਾਈ ਹੇਠ ਪੁਲਿਸ ਟੀਮ ਮੌਕੇ ’ਤੇ ਪਹੁੰਚੀ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਦੋਵੇਂ ਬੰਧਕ ਔਰਤਾਂ ਨੂੰ ਮੁਕਤ ਕਰਵਾਇਆ ਅਤੇ ਉਨ੍ਹਾਂ ਨੂੰ ਇਲਾਜ ਲਈ ਕਾਲਾ ਬਕਰਾ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਪੀੜਤ ਔਰਤਾਂ ਦੇ ਬਿਆਨ ਦਰਜ ਕਰ ਲਏ ਗਏ ਹਨ। ਪੁਲਿਸ ਹਮਲਾਵਰਾਂ ਖ਼ਿਲਾਫ਼ ਕੁੱਟਮਾਰ ਅਤੇ ਬੰਧਕ ਬਣਾਉਣ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕਰਕੇ ਮੁਲਜ਼ਮਾਂ ਦੀ ਭਾਲ ਕਰ ਰਹੀ ਹੈ।

