The Khalas Tv Blog Punjab ਝੂਠੇ ਪੁਲਿਸ ਮੁਕਾਬਲੇ ’ਚ ਸਾਬਕਾ ਐੱਸਐੱਚਓ ਸਣੇ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ
Punjab Religion

ਝੂਠੇ ਪੁਲਿਸ ਮੁਕਾਬਲੇ ’ਚ ਸਾਬਕਾ ਐੱਸਐੱਚਓ ਸਣੇ ਤਿੰਨ ਥਾਣੇਦਾਰਾਂ ਨੂੰ ਉਮਰ ਕੈਦ

ਮੋਹਾਲੀ ਸਥਿਤ ਵਿਸ਼ੇਸ਼ ਸੀਬੀਆਈ ਅਦਾਲਤ ਨੇ ਸੋਮਵਾਰ ਨੂੰ 1992 ਦੇ ਇਕ ਹੋਰ ਕੇਸ ਦੀ ਸੁਣਵਾਈ ਕਰਦਿਆਂ ਦੋ ਨੌਜਵਾਨਾਂ ਨੂੰ ਅਗ਼ਵਾ ਕਰ ਕੇ ਝੂਠੇ ਪੁਲਿਸ ਮੁਕਾਬਲੇ ਵਿਚ ਮਾਰਨ ਤੇ ਲਾਸ਼ ਨੂੰ ਅਣਪਛਾਤਾ ਦਸ ਕੇ ਸਸਕਾਰ ਕਰਨ ਦੇ ਮਾਮਲੇ ਵਿਚ ਤਰਨ ਤਾਰਨ ਦੇ ਸਿਟੀ ਥਾਣੇ ਦੇ ਤਤਕਾਲੀ ਐੱਸਐੱਚਓ ਗੁਰਬਚਨ ਸਿੰਘ, ਤਤਕਾਲੀ ਏਐੱਸਆਈ ਰੇਸ਼ਮ ਸਿੰਘ ਅਤੇ ਸਾਬਕਾ ਥਾਣੇਦਾਰ ਹੰਸਰਾਜ ਸਿੰਘ ਨੂੰ ਦੋਸ਼ੀ ਮੰਨਦਿਆਂ ਧਾਰਾ 302 ਅਤੇ ਧਾਰਾ 120-ਬੀ ਤਹਿਤ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਇਸ ਮਾਮਲੇ ਵਿੱਚ ਨਾਮਜ਼ਦ ਇੱਕ ਦੋਸ਼ੀ ਪੁਲੀਸ ਮੁਲਾਜ਼ਮ ਅਰਜੁਨ ਸਿੰਘ ਦੀ ਤਿੰਨ ਸਾਲ ਪਹਿਲਾਂ ਦਸੰਬਰ 2021 ਵਿੱਚ ਮੌਤ ਹੋ ਚੁੱਕੀ ਹੈ। ਦੋਸ਼ੀਆਂ ’ਤੇ ਤਰਨ ਤਾਰਨ ਦੇ ਦੋ ਨੌਜਵਾਨਾਂ ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰਨ ਅਤੇ ਲਾਸ਼ਾਂ ਨੂੰ ਲਾਵਾਰਸ ਦੱਸ ਕੇ ਖ਼ੁਦ ਹੀ ਸਸਕਾਰ ਕਰਨ ਦਾ ਦੋਸ਼ ਸੀ। ਦੱਸਣਯੋਗ ਹੈ ਕਿ ਮ੍ਰਿਤਕ ਨੌਜਵਾਨ ਜਗਦੀਪ ਸਿੰਘ ਮੱਖਣ ਪੰਜਾਬ ਪੁਲੀਸ ਵਿੱਚ ਸਿਪਾਹੀ ਅਤੇ ਗੁਰਨਾਮ ਸਿੰਘ ਪਾਲੀ ਐੱਸਪੀਓ ਸੀ।

ਪੀੜਤ ਪਰਿਵਾਰ ਦੇ ਵਕੀਲਾਂ ਜਗਜੀਤ ਸਿੰਘ ਬਾਜਵਾ, ਸਰਬਜੀਤ ਸਿੰਘ ਵੇਰਕਾ ਅਤੇ ਪੁਸ਼ਪਿੰਦਰ ਸਿੰਘ ਨੱਤ ਨੇ ਦੱਸਿਆ ਕਿ ਦੋਸ਼ੀ ਥਾਣੇਦਾਰਾਂ ਨੂੰ ਧਾਰਾ 302, ਧਾਰਾ 120ਬੀ ਅਤੇ ਧਾਰਾ 218 ਤਹਿਤ ਉਮਰ ਕੈਦ ਤੇ ਸਵਾ ਦੋ ਲੱਖ ਰੁਪਏ ਜੁਰਮਾਨਾ, ਧਾਰਾ 364 ਤਹਿਤ ਸੱਤ ਸਾਲ ਦੀ ਕੈਦ ਤੇ 50 ਹਜ਼ਾਰ ਰੁਪਏ ਜੁਰਮਾਨਾ ਅਤੇ ਧਾਰਾ 343 ਤਹਿਤ ਦੋ ਸਾਲ ਦੀ ਕੈਦ ਤੇ 25 ਹਜ਼ਾਰ ਰੁਪਏ ਜੁਰਮਾਨਾ ਕੀਤਾ ਗਿਆ ਹੈ। ਜੇ ਦੋਸ਼ੀ ਜੁਰਮਾਨੇ ਦੀ ਰਾਸ਼ੀ ਜਮ੍ਹਾ ਨਹੀਂ ਕਰਵਾਉਂਦੇ ਤਾਂ ਉਨ੍ਹਾਂ ਨੂੰ ਤਿੰਨ ਸਾਲ ਹੋਰ ਵਾਧੂ ਸਜ਼ਾ ਭੁਗਤਣੀ ਪਵੇਗੀ।

ਪੀੜਤ ਪਰਿਵਾਰ ਦੇ ਵਕੀਲਾਂ ਨੇ ਦੱਸਿਆ ਕਿ ਜਗਦੀਪ ਸਿੰਘ ਉਰਫ਼ ਮੱਖਣ ਨੂੰ ਤਤਕਾਲੀ ਐੱਸਐੱਚਓ ਗੁਰਬਚਨ ਸਿੰਘ ਦੀ ਅਗਵਾਈ ਵਾਲੀ ਟੀਮ ਨੇ 18 ਨਵੰਬਰ 1992 ਵਿੱਚ ਘਰੋਂ ਅਗਵਾ ਕਰ ਲਿਆ ਸੀ। ਅਗਵਾ ਕਰਨ ਤੋਂ ਪਹਿਲਾਂ ਪੁਲੀਸ ਨੇ ਘਰ ਵਿੱਚ ਗੋਲੀ ਚਲਾਈ ਅਤੇ ਗੋਲੀ ਵੱਜਣ ਕਾਰਨ ਮੱਖਣ ਦੀ ਸੱਸ ਸ਼ਿਵੰਦਰ ਕੌਰ ਦੀ ਮੌਤ ਹੋ ਗਈ ਸੀ।

ਇਸੇ ਤਰ੍ਹਾਂ ਉਕਤ ਪੁਲੀਸ ਟੀਮ ਨੇ ਤਿੰਨ ਦਿਨਾਂ ਬਾਅਦ 21 ਨਵੰਬਰ ਨੂੰ ਗੁਰਨਾਮ ਸਿੰਘ ਉਰਫ਼ ਪਾਲੀ ਨੂੰ ਵੀ ਘਰੋਂ ਚੁੱਕ ਲਿਆ ਸੀ। ਪਾਲੀ ਅਤੇ ਮੱਖਣ ਨੂੰ 30 ਨਵੰਬਰ 1992 ਨੂੰ ਝੂਠੇ ਪੁਲੀਸ ਮੁਕਾਬਲੇ ਵਿੱਚ ਮਾਰ ਦਿੱਤਾ ਗਿਆ ਸੀ। ਦੋਸ਼ੀ ਪੁਲੀਸ ਅਧਿਕਾਰੀਆਂ ਨੇ ਦੋਵੇਂ ਨੌਜਵਾਨਾਂ ਦੀਆਂ ਲਾਸ਼ਾਂ ਨੂੰ ਲਾਵਾਰਿਸ ਦੱਸ ਕੇ ਸਸਕਾਰ ਵੀ ਖ਼ੁਦ ਹੀ ਕਰ ਦਿੱਤਾ ਸੀ।

 

Exit mobile version