ਫਗਵਾੜਾ : ਪੰਜਾਬ ਦੀਆਂ ਸੜਕਾਂ ‘ਤੇ ਵਾਪਰਦੇ ਹਾਦਸੇ ਅਕਸਰ ਅਖ਼ਬਾਰਾਂ ਵਿੱਚ ਸੁਰਖ਼ੀਆਂ ਬਣਦੇ ਰਹਿੰਦੇ ਹਨ। ਜੇ ਕਾਰਨਾਂ ਦੀ ਗੱਲ ਕਰੀਏ ਤਾਂ ਨਿਤ ਕਿਸੇ ਨਾ ਕਿਸੇ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪੈਂਦੇ ਹਨ। ਇਸ ਤਰਾਂ ਦਾ ਹੀ ਇਕ ਹਾਦਸਾ ਫਗਵਾੜਾ-ਮੁਹਾਲੀ ਮੁੱਖ ਮਾਰਗ ’ਤੇ ਵਾਪਰਿਆ, ਜਿਸ ਵਿੱਚ ਤਿੰਨ ਵਿਅਕਤੀਆਂ ਨੂੰ ਆਪਣੀ ਜਾਨ ਗੁਆਉਣੀ ਪੈ ਗਈ।
ਇਹ ਹਾਦਸਾ ਉਦੋਂ ਵਾਪਰਿਆ ਜਦੋਂ ਕਸਬਾ ਬਹਿਰਾਮ ਵਿੱਚ ਮਿੱਟੀ ਨਾਲ ਭਰਿਆ ਇੱਕ ਟਰਾਲਾ ਸੜਕ ’ਤੇ ਜਾਂਦੀਆਂ ਦੋ ਕਾਰਾਂ ’ਤੇ ਪਲਟ ਗਿਆ। ਇਸ ਘਟਨਾ ਵਿੱਚ ਤਿੰਨ ਲੋਕਾਂ ਦੀ ਮੌਤ ਹੋ ਗਈ, ਜਦਕਿ ਦੂਜੀ ਕਾਰ ’ਚ ਸਵਾਰ ਤਿੰਨ ਜਣੇ ਜ਼ਖ਼ਮੀ ਹੋ ਗਏ ਹਨ। ਇਸ ਹਾਦਸੇ ਵਿੱਚ ਮਰਨ ਵਾਲਿਆਂ ਦੀ ਪਛਾਣ ਗੁਰਇਕਬਾਲ ਸਿੰਘ ਪੁੱਤਰ ਅਮਰੀਕ ਸਿੰਘ, ਉਸ ਦੀ ਪਤਨੀ ਰਮਨਦੀਪ ਕੌਰ ਤੇ ਪੁੱਤਰ ਜਸਮੀਤ ਸਿੰਘ ਵਾਸੀ ਪਿੰਡ ਚੀਮਾ ਖੁੰਡੀ ਤਹਿਸੀਲ ਬਟਾਲਾ ਜ਼ਿਲ੍ਹਾ ਗੁਰਦਾਸਪੁਰ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਅਚਾਨਕ ਸੰਤੁਲਨ ਵਿਗੜਨ ਕਾਰਨ ਮਿੱਟੀ ਦਾ ਭਰਿਆ ਇਹ ਟਰਾਲਾ ਪਲਟ ਗਿਆ, ਜਿਸ ਕਾਰਨ ਨਾਲ ਜਾ ਰਹੀਆਂ ਦੋ ਕਾਰਾਂ ਇਸ ਦੇ ਹੇਠਾਂ ਦੱਬ ਗਈਆਂ। ਪਹਿਲੀ ਕਾਰ ਟਰਾਲੇ ਦੇ ਐਨ ਹੇਠਾਂ ਆ ਜਾਣ ਕਾਰਨ ਇਸ ’ਚ ਸਵਾਰ ਤਿੰਨ ਜਣਿਆਂ ਦੀ ਥਾਂ ’ਤੇ ਹੀ ਮੌਤ ਹੋ ਗਈ। ਇਸ ਹਾਦਸੇ ਦਾ ਸ਼ਿਕਾਰ ਹੋਈ ਦੂਜੀ ਕਾਰ ਵਿੱਚ ਸਵਾਰ ਤਿੰਨ ਜਾਣੇ ਜ਼ਖਮੀ ਹੋਏ ਹਨ। ਇਸ ਕਾਰ ਵਿੱਚ ਸਵਾਰ ਵਿਅਕਤੀਆਂ ਦੀ ਪਛਾਣ ਮਨਜਿੰਦਰ ਸਿੰਘ ਵਾਸੀ ਪੱਦੀ ਮੱਟ ਵਾਲੀ ,ਉਸ ਦੀ ਮਾਮੀ ਸੁਖਵਿੰਦਰ ਕੌਰ ਤੇ ਮਾਮੀ ਦੇ ਮੁੰਡੇ ਪਰਮਜੀਤ ਸਿੰਘ ਵਜੋਂ ਹੋਈ ਹੈ।
ਹਾਦਸੇ ਦੀ CCTV ਆਈ ਸਾਹਮਣੇ
ਇਸ ਹਾਦਸੇ ਮਗਰੋਂ ਟਰਾਲਾ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਥਾਣਾ ਬਹਿਰਾਮ ਦੇ ਮੁਖੀ ਗੁਰਦਿਆਲ ਸਿੰਘ ਨੇ ਪੁਲੀਸ ਪਾਰਟੀ ਨਾਲ ਮੌਕੇ ’ਤੇ ਪੁੱਜ ਕੇ ਜਾਂਚ ਆਰੰਭ ਦਿੱਤੀ ਹੈ। ਇਸ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ। ਜਿਸ ਵਿੱਚ ਸਪਸ਼ਟ ਤੋਰ ਤੇ ਦੋਖਿਆ ਜਾ ਸਕਦਾ ਹੈ ਕਿ ਹਾਈਵੇਅ ਤੇ ਜਾ ਰਹੀਆਂ ਗੱਡੀਆਂ ਜਾ ਰਹੀਆਂ ਹਨ,ਇਸ ਦੌਰਾਨ ਟਰਾਲੇ ਵਾਲੇ ਨੇ ਇੱਕ ਦਮ ਹੀ ਬਿਨਾਂ ਦੇਖੇ ਹੀ ਮੋੜ ਕੱਟ ਦਿੱਤਾ। ਜਿਸ ਕਾਰਨ ਉਸ ਦਾ ਸੰਤੁਲਨ ਵਿਗੜ ਗਿਆ ਤੇ ਟਰਾਲਾ ਗੱਡੀਆਂ ਤੇ ਪਲਟ ਗਿਆ।
ਇਸ ਦੌਰਾਨ ਇੱਕ ਹੋਰ ਕਾਰ ਹਾਦਸੇ ਦਾ ਸ਼ਿਕਾਰ ਹੋ ਸਕਦੀ ਸੀ ਪਰ ਉਸ ਗੱਡੀ ਦੇ ਡਰਾਈਵਰ ਨੇ ਬਚਾਅ ਕਰਦੇ ਹੋਏ ਗੱਡੀ ਨੂੰ ਫੋਰਨ ਦੂਜੇ ਪਾਸੇ ਮੋੜ ਲਿਆ।
ਟਰਾਲਾ ਚਾਲਕ ‘ਤੇ ਪਰਚਾ ਦਰਜ ਕਰ ਦਿੱਤਾ ਗਿਆ ਹੈ । ਪੁਲਿਸ ਅਧਿਕਾਰੀਆਂ ਨੇ ਟਰਾਲਾ ਡਰਾਈਵਰ ਦਾ ਨਾਂ ਮੇਜਰ ਸਿੰਘ ਦਸਿਆ ਹੈ ਤੇ ਇਹ ਸਾਫ਼ ਕੀਤਾ ਹੈ ਕਿ ਇਹ ਹਾਦਸਾ ਟਰਾਲਾ ਡਰਾਈਵਰ ਵਲੋਂ ਲਾਪਰਵਾਹੀ ਨਾਲ ਮੋੜ ਕੱਟਣ ਕਰਕੇ ਵਾਪਰਿਆ ਹੈ।ਜਿਸ ਕਾਰਨ ਇਕੋ ਪਰਿਵਾਰ ਦੇ ਤਿੰਨ ਮੈਂਬਰ ਮਾਰੇ ਗਏ ਹਨ।