The Khalas Tv Blog International ਟਰੰਪ ਦੇ ਹਜ਼ਾਰਾਂ ਹਮਾਇਤੀ ਸੜਕਾਂ ‘ਤੇ ਉੱਤਰੇ, ਟਰੰਪ ਨੇ ਜਿੱਤਣ ਦੀ ਦਿੱਤੀ ਹੱਲਾਸ਼ੇਰੀ
International

ਟਰੰਪ ਦੇ ਹਜ਼ਾਰਾਂ ਹਮਾਇਤੀ ਸੜਕਾਂ ‘ਤੇ ਉੱਤਰੇ, ਟਰੰਪ ਨੇ ਜਿੱਤਣ ਦੀ ਦਿੱਤੀ ਹੱਲਾਸ਼ੇਰੀ

‘ਦ ਖ਼ਾਲਸ ਬਿਊਰੋ :- ਅਮਰੀਕਾ ਦੇ ਸਾਬਕਾ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹਜ਼ਾਰਾਂ ਹਮਾਇਤੀਆਂ ਨੇ ਵਾਸ਼ਿੰਗਟਨ ਡੀਸੀ ਵਿੱਚ ਅਮਰੀਕੀ ਚੋਣਾਂ ਵਿੱਚ ਹੋਈ ਧਾਂਦਲੀ ਦੇ ਬਿਨਾਂ ਸਬੂਤੋਂ ਕੀਤੇ ਜਾਂਦੇ ਦਾਅਵਿਆਂ ਦੇ ਪੱਖ ਵਿੱਚ ਰੈਲੀ ਕੱਢੀ। ਰੈਲੀ ਵਿੱਚ ਪਹੁੰਚੇ ਲੋਕਾਂ ਨੇ ਝੰਡੇ ਚੁੱਕੇ ਹੋਏ ਸਨ ਅਤੇ ਕੁੱਝ ਨੇ ਬੁਲਟ ਪਰੂਫ਼ ਜਾਕਟਾਂ ਵੀ ਪਾਈਆਂ ਹੋਈਆਂ ਸਨ। ਰਾਸ਼ਟਰਪਤੀ ਟਰੰਪ ਦੀਆਂ ਗੱਡੀਆਂ ਦਾ ਕਾਫਿਲਾ ਪ੍ਰਦਰਸ਼ਨਕਾਰੀਆਂ ਵਿੱਚੋਂ ਲੰਘਿਆ।

ਦਰਅਸਲ ਤਿੰਨ ਨਵੰਬਰ ਨੂੰ ਹੋਈਆਂ ਰਾਸ਼ਟਰਪਤੀ ਚੋਣਾਂ ‘ਚ ਜੋਅ ਬਾਇਡਨ ਨੂੰ ਜਿੱਤ ਹਾਸਲ ਹੋਈ ਸੀ। ਬਾਇਡਨ ਨੇ 6 ਨਵੰਬਰ ਨੂੰ ਬਾਇਡਨ ਨੇ ਜੌਰਜੀਆ ਵਿੱਚ ਆਪਣੀ ਜਿੱਤ ਦੀ ਸੰਭਾਵਨਾ ਨਾਲ ਉਸ ਨੂੰ ਹੋਰ ਪੱਕਿਆਂ ਕਰ ਲਿਆ। ਇਸ ਨਾਲ ਸਾਲ 1992 ਤੋਂ ਬਾਅਦ ਸੂਬੇ ਵਿੱਚ ਜਿੱਤ ਹਾਸਲ ਕਰਨ ਵਾਲੇ ਉਹ ਪਹਿਲੇ ਡੈਮੋਕ੍ਰੇਟ ਉਮੀਦਵਾਰ ਬਣ ਗਏ ਹਨ।

ਬਾਇਡਨ ਕੋਲ ਇਲੈਕਟੋਰਲ ਕਾਲਜ ਵਿੱਚ ਫਿਲਹਾਲ 306 ਵੋਟਾਂ ਹਨ, ਜਦਕਿ ਰਾਸ਼ਟਰਪਤੀ ਬਣਨ ਲਈ 270 ਦੀ ਲੋੜ ਹੁੰਦੀ ਹੈ। ਇਸ ਸਭ ਦੇ ਬਾਵਜੂਦ ਟਰੰਪ ਆਪਣੀ ਹਾਰ ਮੰਨਣ ਤੋਂ ਮੁਨਕਰ ਹਨ। ਜਿਸ ਸਬੰਧ ਵਿੱਚ ਉਨ੍ਹਾਂ ਵੱਲੋਂ ਕਈ ਚੋਣਾਂ ਵਿੱਚ ਵਿਆਪਕ ਧਾਂਦਲੀ ਦੇ ਮੁਕੱਦਮੇ ਵੀ ਕੀਤੇ ਗਏ, ਪਰ ਉਹ ਆਪਣੇ ਯਤਨਾਂ ਵਿੱਚ ਫਿਲਹਾਲ ਸਫ਼ਲ ਹੁੰਦੇ ਦਿਖਾਈ ਨਹੀਂ ਦਿੰਦੇ।

ਰੈਲੀ ਵਿੱਚ ਕੀ ਹੋਇਆ?

ਸਥਾਨਕ ਸਮੇਂ ਮੁਤਾਬਕ (ਵਿਸ਼ਵੀ ਔਸਤ ਸਮਾਂ ਸ਼ਾਮ ਪੰਜ ਵਜੇ) ਦੁਪਹਿਰ ਦੇ ਆਸਪਾਸ ਟਰੰਪ ਹਮਾਇਤੀਆਂ ਨੇ ਮੁਜ਼ਾਹਰੇ ਸ਼ੁਰੂ ਕੀਤੇ ਅਤੇ ਉਨ੍ਹਾਂ ਨੇ ਵ੍ਹਾਈਟ ਹਾਊਸ ਤੋਂ ਸੁਪਰੀਮ ਕੋਰਟ ਵੱਲ ਤੁਰਨਾ ਸ਼ੁਰੂ ਕਰ ਦਿੱਤਾ। ਇਸ ਮਾਰਚ ਲਈ ਉਹ ਵੱਖ-ਵੱਖ ਨਾਵਾਂ ਦੀ ਵਰਤੋਂ ਕਰ ਰਹੇ ਸਨ। ਜਿਵੇਂ ਟਰੰਪ ਦੇ ਮੇਕ ਅਮੇਰਿਕਾ ਗਰੇਟ ਅਗੇਨ ਦੇ ਸੰਖੇਪ MAGA ਦੀ ਵਰਤੋਂ ਕਰਦੇ ਹੋਏ ‘Million MAGA March’ ਤੇ ‘ਟਰੰਪ ਅਤੇ ਵਾਸ਼ਿੰਗਟਨ ਡੀਸੀ ਦੀ ਚੋਰੀ ਰੋਕਣ ਲਈ ਮਾਰਚ’।

ਟਰੰਪ ਨੇ 13 ਨਵੰਬਰ ਨੂੰ ਕਿਹਾ ਸੀ ਕਿ ਉਹ ਰੈਲੀ ਦੌਰਾਨ ਹਮਾਇਤੀਆਂ ਕੋਲ ਰੁਕ ਕੇ ਉਨ੍ਹਾਂ ਨੂੰ ਹੈਲੋ ਕਹਿਣਗੇ ਪਰ ਉਨ੍ਹਾਂ ਕਾ ਕਾਫ਼ਲਾ ਉਥੋਂ ਬਿਨਾਂ ਰੁਕੇ ਹੀ ਗੌਲਫ਼ ਕੋਰਸ ਵੱਲ ਲੰਘ ਗਿਆ। ਬਾਅਦ ਵਿੱਚ ਟਰੰਪ ਨੇ ਆਪਣੇ ਹਮਾਇਤੀਆਂ ਵੱਲੋਂ ਕੱਢੀ ਰੈਲੀ ਦੀਆਂ ਵੀਡੀਓਜ਼ ਨੂੰ ਰੀ-ਟਵੀਟ ਕੀਤਾ। ਉਨ੍ਹਾਂ ਨੇ ਲਿਖਿਆ, “ਅਸੀਂ ਜਿੱਤਾਂਗੇ।” ਹਾਲਾਂਕਿ ਇਹ ਸਪਸ਼ਟ ਨਹੀਂ ਹੈ ਕਿ ਉਹ ਮੁੜ ਆਪਣੇ ਹਮਾਇਤੀਆਂ ਵਿੱਚ ਦਿਖਣਗੇ ਜਾਂ ਨਹੀਂ। #MillionMAGAMarch ਦੀ ਵਰਤੋਂ ਕਰਦਿਆਂ ਲੋਕਾਂ ਨੇ ਰੈਲੀ ਤੇ ਮਾਰਚ ਦੀਆਂ ਫੋਟੋਆਂ ਸੋਸ਼ਲ ਮੀਡੀਆ ਉੱਪਰ ਪੋਸਟ ਕੀਤੀਆਂ।

ਟਰੰਪ ਕੀ ਕਹਿ ਰਹੇ ਹਨ?

ਟਰੰਪ ਵੱਲੋਂ ਚੋਣ ਨਤੀਜਿਆਂ ਨੂੰ ਚੁਣੌਤੀ ਦੇਣਾ ਜਾਰੀ ਹੈ। ਉਨ੍ਹਾਂ ਨੇ ਟਵੀਟ ਕੀਤੇ ਕਿ ਜੌਰਜੀਆ ਵਿੱਚ ਵੋਟਾਂ ਦੀ ਜਾਂਚ ਸਮੇਂ ਦੀ ਬਰਬਾਦੀ ਹੈ, ਉਹ ਬਿਨਾਂ ਕਿਸੇ ਸਬੂਤ ਦੇ ਦਸਤਖ਼ਤਾਂ ਬਾਰੇ ਸਵਾਲ ਖੜ੍ਹੇ ਕਰ ਰਹੇ ਹਨ। ਜੌਰਜੀਆ ਵਿੱਚ ਜਿੱਤ ਦਾ ਫ਼ਰਕ ਬਹੁਤ ਘੱਟ ਹੋਣ ਕਾਰਨ ਉੱਥੇ ਹੱਥਾਂ ਨਾਲ ਗਿਣਤੀ ਕੀਤੀ ਜਾ ਰਹੀ ਹੈ ਪਰ ਇਸ ਨਾਲ ਨਤੀਜਿਆਂ ਦੇ ਬਦਲਣ ਦੀ ਸੰਭਾਵਨਾ ਨਹੀਂ ਹੈ।

ਚੋਣ ਅਧਿਕਾਰੀਆਂ ਨੇ ਕਿਹਾ ਕਿ ਇਹ ਚੋਣਾਂ ਅਮਰੀਕੀ ਇਤਿਹਾਸ ਦੀਆਂ ਸਭ ਤੋਂ ਸੁਰੱਖਿਅਤ ਚੋਣਾਂ ਸਨ। ਇਸ ਨੂੰ ਸਰਕਾਰੀ ਅਧਿਕਾਰੀਆਂ ਵੱਲੋਂ ਟਰੰਪ ਦੇ ਦਾਅਵਿਆਂ ਨੂੰ ਸਪਸ਼ਟ ਰੂਪ ਵਿੱਚ ਨਕਾਰਨ ਵਜੋਂ ਦੇਖਿਆ ਜਾ ਰਿਹਾ ਹੈ।

ਸੱਤਾ ਦੀ ਤਬਦੀਲੀ ਬਾਰੇ ਕੀ ਕੁਝ ਹੋ ਰਿਹਾ?

ਟਰੰਪ ਉੱਪਰ ਆਪਣੀ ਹਾਰ ਅਤੇ ਬਾਇਡਨ ਦੀ ਜਿੱਤ ਨੂੰ ਮੰਨ ਕੇ ਸੱਤਾ ਦੀ ਤਬਦੀਲੀ ਲਈ ਮਾਹੌਲ ਸਾਜ਼ਗਾਰ ਬਣਾਉਣ ਦਾ ਦਬਾਅ ਵਧਦਾ ਜਾ ਰਿਹਾ ਹੈ। ਆਮ ਸੇਵਾ ਪ੍ਰਸ਼ਾਸਨ ਜਿਸ ਨੇ ਇਸ ਪ੍ਰਕਿਰਿਆ ਨੂੰ ਅਮਲੀ ਜਾਮਾ ਪਹਿਨਾਉਣਾ ਹੁੰਦਾ ਹੈ ਉਸ ਨੇ ਹਾਲੇ ਬਾਇਡਨ ਤੇ ਕਮਲਾ ਹੈਰਿਸ ਦੀ ਜਿੱਤ ਨੂੰ ਪ੍ਰਵਾਨਗੀ ਦੇਣੀ ਹੈ। ਬਾਇਡਨ ਦੀ ਟੀਮ ਨੂੰ ਕਲਾਸੀਫਾਈਡ ਸਕਿਊਰਿਟੀ ਨਾਲ ਜੁੜੇ ਮਸਲਿਆਂ ਸੰਘੀ ਏਜੰਸੀਆਂ ਅਤੇ ਟਰਾਂਜ਼ਿਸ਼ਨ ਲਈ ਲੁੜੀਂਦੀ ਫੰਡਿੰਗ ਤੱਕ ਪਹੁੰਚ ਨਹੀਂ ਦਿੱਤੀ ਗਈ ਹੈ।

ਬਾਇਡਨ ਦੇ ਬੁਲਾਰੇ ਜੈਨ ਪਾਸਕੀ ਨੇ ਕਿਹਾ ਕਿ ਪਹੁੰਚ ਵਿੱਚ ਕਮੀ ਬਾਇਡਨ ਦੇ ਕੰਮ ਕਰਨ ਵਿੱਚ ਰੁਕਾਵਟ ਖੜ੍ਹੀ ਕਰੇਗੀ।ਇਸ ਬਾਰੇ ਆਪਣਾ ਪੱਖ ਰਖਦਿਆਂ ਟਰੰਪ ਦੇ ਸਾਬਕਾ ਚੀਫ਼ ਆਫ਼ ਸਟਾਫ਼ ਨੇ ਕਿਹਾ ਹੈ ਕਿ ਟਰਾਂਜ਼ਿਸ਼ਨ ਸ਼ੁਰੂ ਹੋਣ ਵਿੱਚ ਹੋ ਰਹੀ ਦੇਰੀ ਕੌਮੀ ਸੁਰੱਖਿਆ ਲਈ ਖ਼ਤਰਾ ਹੈ। ਉਨ੍ਹਾਂ ਨੇ ਕਿਹਾ ਕਿ ਇਹ ਕੋਈ ਅਜਿਹੀ ਪ੍ਰਕਿਰਿਆ ਨਹੀਂ ਜਿੱਥੇ ਤੁਸੀਂ ਸਿਫ਼ਰ ਤੋਂ ਹਜ਼ਾਰ ਮੀਲ ਦੀ ਰਫ਼ਤਾਰ ਫੜ ਲਵੋਂ।

ਰਿਪਬਲਿਕਨ ਆਗੂ ਵੀ ਹਾਂਲਾਂਕਿ ਉਨ੍ਹਾਂ ਦੀ ਗਿਣਤੀ ਹਾਲੇ ਥੋੜ੍ਹੀ ਹੈ ਪਰ ਉਹ ਬਾਇਡਨ ਨੂੰ ਰੋਜ਼ਾਨਾ ਦੀ ਇੰਟਲੀਜੈਂਸ ਬਰੀਫਿੰਗ ਦਿੱਤੇ ਜਾਣ ਦੀ ਹਮਾਇਤ ਕਰ ਰਹੇ ਹਨ।

Exit mobile version