The Khalas Tv Blog Punjab ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਬੂਟੇ ਲਗਾਏ ਜਾਣਗੇ: ਡੀਜੀਪੀ ਗੌਰਵ ਯਾਦਵ
Punjab

ਪੰਜਾਬ ਪੁਲਿਸ ਵੱਲੋਂ ਸੂਬੇ ਭਰ ਵਿੱਚ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਬੂਟੇ ਲਗਾਏ ਜਾਣਗੇ: ਡੀਜੀਪੀ ਗੌਰਵ ਯਾਦਵ

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਸੂਬੇ ਵਿੱਚ ਹਰਿਆਲੀ ਨੂੰ ਵਧਾਉਣ ਸਬੰਧੀ ਕੀਤੇ ਐਲਾਨ ਤੋਂ ਇੱਕ ਦਿਨ ਬਾਅਦ ਹੀ ਡਾਇਰੈਕਟਰ ਜਨਰਲ ਆਫ਼ ਪੁਲਿਸ (ਡੀਜੀਪੀ) ਪੰਜਾਬ ਗੌਰਵ ਯਾਦਵ ਨੇ ਅੱਜ ਇੱਥੇ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਬੌਟਲ ਪਾਮ ਦਾ ਬੂਟਾ ਲਗਾ ਕੇ “ਆਓ ਰੁਖ ਲਗਾਈਏ, ਧਰਤੀ ਮਾਂ ਨੂੰ ਬਚਾਈਏ” ਦੇ ਨਾਅਰੇ ਅਧੀਨ ਸੂਬਾ ਪੱਧਰੀ ਪੌਦੇ ਲਗਾਉਣ ਦੀ ਮੁਹਿੰਮ ਦੀ ਸ਼ੁਰੂਆਤ ਕੀਤੀ।

ਇਸ ਪਹਿਲਕਦਮੀ ਨੂੰ ਗਲੋਬਲ ਵਾਰਮਿੰਗ ਨਾਲ ਲੜਨ ਲਈ ਵਾਤਾਵਰਨ ਪੱਖੀ ਪਹੁੰਚ ਕਰਾਰਦਿਆਂ ਦਿੰਦਿਆਂ ਡੀਜੀਪੀ ਗੌਰਵ ਯਾਦਵ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸ਼ੁਰੂ ਕੀਤੀ ਇਸ ਮੁਹਿੰਮ ਤਹਿਤ ਸਾਰੇ ਪੁਲਿਸ ਜ਼ਿਲ੍ਹਿਆਂ/ਯੂਨਿਟਾਂ ਵਿੱਚ ਬੌਟਲ ਪਾਮ, ਮਲਸਰੀ, ਅਮਲਤਾਸ, ਟੀਕ, ਟਰਮੀਨਲੀਆ ਅਰਜਨ ਸਮੇਤ ਵੱਖ-ਵੱਖ ਕਿਸਮਾਂ ਦੇ ਹਜ਼ਾਰਾਂ ਬੂਟੇ ਲਗਾਏ ਜਾਣਗੇ।

ਡੀਜੀਪੀ ਨੇ ਪੰਜਾਬ ਦੇ ਲੋਕਾਂ ਨੂੰ ਅੱਗੇ ਆਉਣ ਅਤੇ ਪੌਦੇ ਲਗਾਉਣ ਦੀ ਇਸ ਮੁਹਿੰਮ ਨੂੰ ਜਨਤਕ ਲਹਿਰ ਵਿੱਚ ਬਦਲਣ ਲਈ ਪੰਜਾਬ ਪੁਲਿਸ ਦੇ ਇਸ ਉਪਰਾਲੇ ਵਿੱਚ ਵੱਧ ਤੋਂ ਵੱਧ ਯੋਗਦਾਨ ਪਾਉਣ ਦੀ ਅਪੀਲ ਕੀਤੀ।

ਇਸ ਮੌਕੇ ਡੀਜੀਪੀ ਪੰਜਾਬ ਤੋਂ ਬਾਅਦ ਸਪੈਸ਼ਲ ਡੀਜੀਪੀ ਕਮਿਊਨਿਟੀ ਅਫੇਅਰਜ਼ ਡਿਵੀਜ਼ਨ (ਸੀਏਡੀ) ਗੁਰਪ੍ਰੀਤ ਕੌਰ ਦਿਓ, ਸਪੈਸ਼ਲ ਡੀਜੀਪੀ ਹਿਊਮਨ ਰਿਸੋਰਸ ਡਿਵੈਲਪਮੈਂਟ (ਐਚਆਰਡੀ) ਈਸ਼ਵਰ ਸਿੰਘ, ਸਪੈਸ਼ਲ ਡੀਜੀਪੀ ਰੇਲਵੇ ਸ਼ਸ਼ੀ ਪੀ ਦਿਵੇਦੀ, ਐਡੀਸ਼ਨਲ ਡਾਇਰੈਕਟਰ ਜਨਰਲਜ਼ ਆਫ਼ ਪੁਲਿਸ (ਏਡੀਜੀਜ਼ਪੀ) ਡਾ. ਨਰੇਸ਼ ਕੁਮਾਰ ਅਰੋੜਾ, ਰਾਮ ਸਿੰਘ, ਐਸ.ਐਸ. ਸ੍ਰੀਵਾਸਤਵ, ਬੀ ਚੰਦਰ ਸੇਖਰ, ਜੀ ਨਾਗੇਸ਼ਵਰ ਰਾਓ, ਐਲ ਕੇ ਯਾਦਵ ਅਤੇ ਮੋਹਨੀਸ਼ ਚਾਵਲਾ ਅਤੇ ਇੰਸਪੈਕਟਰ ਜਨਰਲ ਆਫ਼ ਪੁਲਿਸ (ਆਈਜੀਪੀ) ਹੈੱਡਕੁਆਰਟਰ ਸੁਖਚੈਨ ਸਿੰਘ ਗਿੱਲ ਨੇ ਵੀ ਬੂਟੇ ਲਗਾਏ। ਇਸ ਦੌਰਾਨ ਪੰਜਾਬ ਪੁਲਿਸ ਹੈੱਡਕੁਆਰਟਰ ਵਿਖੇ ਵੱਖ-ਵੱਖ ਪ੍ਰਜਾਤੀਆਂ ਦੇ ਲਗਭਗ 25 ਬੂਟੇ ਲਗਾਏ ਗਏ।

ਡੀਜੀਪੀ ਨੇ ਸਾਰੇ ਸਬੰਧਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਸਬੰਧਤ ਜ਼ਿਲ੍ਹਿਆਂ/ਯੂਨਿਟਾਂ ਵਿੱਚ ਲਗਾਏ ਗਏ ਸਾਰੇ ਪੌਦਿਆਂ ਦੀ ਸਹੀ ਤੇ ਸੁਚੱਜੀ ਦੇਖਭਾਲ ਨੂੰ ਯਕੀਨੀ ਬਣਾਉਣ। ਜ਼ਿਕਰਯੋਗ ਹੈ ਕਿ 28 ਪੁਲਿਸ ਜ਼ਿਲ੍ਹਿਆਂ ਦੇ ਸਾਰੇ ਸੀਪੀਜ਼/ਐਸਐਸਪੀਜ਼ ਤੋਂ ਇਲਾਵਾ ਰੇਲਵੇ, ਕਮਾਂਡੋ ਬਟਾਲੀਅਨ, ਪੀਏਪੀ ਬਟਾਲੀਅਨ, ਆਈਆਰਬੀ ਬਟਾਲੀਅਨ ਅਤੇ ਇੰਟੈਲੀਜੈਂਸ ਵਿੰਗ ਸਮੇਤ ਸਾਰੀਆਂ ਯੂਨਿਟਾਂ ਦੇ ਮੁਖੀਆਂ ਨੇ ਵੀ ਆਪਣੇ ਸਬੰਧਤ ਜ਼ਿਲ੍ਹਿਆਂ ਵਿੱਚ ਬੂਟੇ ਲਗਾਏ।

ਇਹ ਵੀ ਪੜ੍ਹੋ –  ਪਾਕਿਸਤਾਨ ਨੇ ਇਸ ਉਮਰ ਦੇ ਸਿੱਖਾਂ ਲਈ ਵੀਜ਼ਾ ਨਿਯਮ ਕੀਤੇ ਸੁਖਾਲੇ, ਪਰਮਜੀਤ ਸਰਨਾ ਨੇ ਦਿੱਤੀ ਜਾਣਕਾਰੀ

 

Exit mobile version