The Khalas Tv Blog Punjab PSEB ਨੇ ਕੀਤਾ ਵੱਡਾ ਖ਼ੁਲਾਸਾ! ਮਾਂ-ਬੋਲੀ ਦੇ ਵਿਸ਼ੇ ’ਚ ਹਜ਼ਾਰਾਂ ਬੱਚੇ ਫੇਲ੍ਹ
Punjab

PSEB ਨੇ ਕੀਤਾ ਵੱਡਾ ਖ਼ੁਲਾਸਾ! ਮਾਂ-ਬੋਲੀ ਦੇ ਵਿਸ਼ੇ ’ਚ ਹਜ਼ਾਰਾਂ ਬੱਚੇ ਫੇਲ੍ਹ

PSEB

ਹਾਲ ਹੀ ਵਿੱਚ ਪੰਜਾਬ ਸਕੂਲ ਸਿੱਖਿਆ ਬੋਰਡ (PSEB) ਨੇ 10ਵੀਂ ਤੇ 12ਵੀਂ ਦੇ ਨਤੀਜੇ ਜਾਰੀ ਕੀਤੇ ਹਨ। ਭਾਵੇਂ ਸਮੁੱਚਾ ਨਤੀਜਾ ਵਧੀਆ ਹੈ, ਪਰ ਬੋਰਡ ਨੇ ਵਿਦਿਆਰਥੀਆਂ ਦੇ ਭਾਸ਼ਾ ਦੇ ਮਿਆਰ ਬਾਰੇ ਚਿੰਤਾ ਜ਼ਾਹਰ ਕੀਤੀ ਹੈ। ਹਜ਼ਾਰਾਂ ਵਿਦਿਆਰਥੀਆਂ ਦੀ ਕੰਪਾਰਟਮੈਂਟ ਆਈ ਹੈ ਤੇ ਇਨ੍ਹਾਂ ਵਿੱਚ ਸਭ ਤੋਂ ਵੱਧ ਮਾੜਾ ਹਾਲ ਜਨਰਲ ਅੰਗਰੇਜ਼ੀ ਵਿਸ਼ੇ ਦਾ ਰਿਹਾ ਹੈ। ਸਭ ਤੋਂ ਗੰਭੀਰ ਵਿਸ਼ਾ ਇਹ ਹੈ ਕਿ ਪੰਜਾਬ ਵਿੱਚ ਰਹਿੰਦਿਆਂ, ਪੰਜਾਬ ਸਕੂਲ ਸਿੱਖਿਆ ਬੋਰਡ ਵਿੱਚ ਪੜ੍ਹਦਿਆਂ 12ਵੀਂ ਜਮਾਤ ਦੇ 1,098 ਵਿਦਿਆਰਥੀ ਪੰਜਾਬੀ ਮਾਂ ਬੋਲੀ ਦੇ ਵਿਸ਼ੇ (ਜਨਰਲ ਪੰਜਾਬੀ) ਵਿੱਚ ਹੀ ਫੇਲ੍ਹ ਹੋ ਗਏ ਹਨ ਜਦਕਿ ਉਰਦੂ ਭਾਸ਼ਾ ਦਾ ਨਤੀਜਾ 100 ਫੀਸਦੀ ਆਇਆ ਹੈ।

ਨਤੀਜਿਆਂ ਵਿੱਚ ਹੈਰਾਨ ਕਰਨ ਵਾਲੇ ਤੱਥ ਸਾਹਮਣੇ ਆਏ ਹਨ। ਬੋਰਡ ਮੁਤਾਬਕ 12ਵੀਂ ਜਮਾਤ ਵਿੱਚ 218 ਵਿਸ਼ਿਆਂ ਦਾ ਇਮਤਿਹਾਨ ਲਿਆ ਗਿਆ ਸੀ ਜਿਨ੍ਹਾਂ ਵਿੱਚ 7 ਵਿਸ਼ੇ ਭਾਸ਼ਾਵਾਂ ਨਾਲ ਸਬੰਧਿਤ ਸਨ, ਜਿਵੇਂ ਪੰਜਾਬੀ, ਹਿੰਦੀ ਤੇ ਅੰਗ੍ਰੇਜ਼ੀ। ਇਸੇ ਤਰ੍ਹਾਂ 10ਵੀਂ ਜਮਾਤ ਦੇ ਵੀ ਕੁੱਲ 93 ਵਿਸ਼ਿਆਂ ਵਿੱਚੋਂ ਹਿੰਦੀ, ਪੰਜਾਬੀ ਤੇ ਅੰਗ੍ਰੇਜ਼ੀ ਦੀ ਪ੍ਰੀਖਿਆ ਹੋਈ ਸੀ।

ਚਿੰਤਾ ਦਾ ਵਿਸ਼ਾ ਇਹ ਹੈ ਕਿ ਇਸ ਸਾਲ 12ਵੀਂ ਜਮਾਤ ਵਿੱਚ ਕੁੱਲ 2,84,452 ਵਿਦਿਆਰਥੀਆਂ ਨੇ ਭਾਸ਼ਾ ਦਾ ਪਰਚਾ ਦਿੱਤਾ ਸੀ ਪਰ ਇਨ੍ਹਾਂ ਵਿੱਚੋਂ 16,641 ਵਿਦਿਆਰਥੀ ਭਾਸ਼ਾਵਾਂ ਦੇ ਵਿਸ਼ੇ ਵਿੱਚ ਫੇਲ੍ਹ ਹੋ ਗਏ ਹਨ। ਇਨ੍ਹਾਂ ਦੀ ਰੀਅਪੀਅਰ/ਕੰਪਾਰਟਮੈਂਟ ਆਈ ਹੈ। ਇਨ੍ਹਾਂ ਨੂੰ ਭਾਸ਼ਾ ਦੇ ਵਿਸ਼ੇ ਦਾ ਪਰਚਾ ਦੁਬਾਰਾ ਦੇਣਾ ਹੋਵੇਗਾ। ਇਨ੍ਹਾਂ ਵਿਸ਼ਿਆਂ ਵਿੱਚ ਵਿਦਿਆਰਥੀਆਂ ਦੀ ਹਾਲਤ ਏਨੀ ਮਾੜੀ ਹੈ ਕਿ ਕਿਹਾ ਜਾ ਰਿਹਾ ਹੈ ਕਿ ਜੇ ਅਧਿਆਪਕ ਵਾਧੂ ਅੰਕ ‘ਗਰੇਸ ਅੰਕ’ (Grace Marks) ਨਾ ਦਿੰਦੇ ਤਾਂ ਇਹ ਅੰਕੜਾ ਕਿਤੇ ਜ਼ਿਆਦਾ ਹੋਣਾ ਸੀ।

ਪੰਜਾਬ ਸਕੂਲ ਸਿੱਖਿਆ ਬੋਰਡ ਦੇ ਅੰਕੜਿਆਂ ਮੁਤਾਬਕ 12ਵੀਂ ਜਮਾਤ ਵਿੱਚ ਪੇਪਰ ਦੇਣ ਵਾਲੇ ਕੁੱਲ ਵਿਦਿਆਰਥੀਆਂ ਵਿੱਚੋਂ 5.8 ਫ਼ੀਸਦੀ ਵਿਦਿਆਰਥੀ ਇਸ ਵਿਸ਼ੇ ਵਿੱਚੋਂ ਫੇਲ੍ਹ ਹੋਏ ਹਨ। ਇਹ ਮਾਮਲਾ ਇਸ ਵੀ ਗੰਭੀਰ ਹੈ ਕਿਉਂਕਿ ਇਨ੍ਹਾਂ ’ਚੋਂ 4.71 ਫ਼ੀਸਦੀ ਵਿਦਿਆਰਥੀ ਜਨਰਲ ਅੰਗਰੇਜ਼ੀ ਵਿਸ਼ੇ ਨਾਲ ਸਬੰਧਿਤ ਹਨ।

ਦਸਵੀਂ ਜਮਾਤ ਦੀ ਗੱਲ ਕਰੀਏ ਤਾਂ ਇਸ ਸਾਲ 7,166 ਵਿਦਿਆਰਥੀ ਭਾਸ਼ਾ ਦੇ ਵਿਸ਼ੇ ਵਿੱਚੋਂ ਫੇਲ੍ਹ ਹੋਏ ਹਨ। ਇਹ ਇਮਤਿਹਾਨ ਦੇਣ ਵਾਲੇ ਕੁੱਲ ਵਿਦਿਆਰਥੀਆਂ ਦਾ 2.5 ਫੀਸਦੀ ਬਣਦਾ ਹੈ। ਇਨ੍ਹਾਂ ਵਿੱਚੋਂ ਵੀ 2,345 ਵਿਦਿਆਰਥੀ (1.19 ਫੀਸਦੀ) ਅੰਗਰੇਜ਼ੀ ਵਿਸ਼ੇ ਨਾਲ ਸਬੰਧਤ ਹਨ।

ਅੰਗ੍ਰੇਜ਼ੀ ਵਿਸ਼ਾ ਲਾਜ਼ਮੀ ਹੋਣ ਕਰਕੇ ਇਮਤਿਹਾਨ ਦੇਣ ਵਾਲੇ ਸਾਰੇ 2,84,452 ਵਿਦਿਆਰਥੀਆਂ ਨੇ ਇਸ ਵਿਸ਼ੇ ਦਾ ਪਰਚਾ ਦਿੱਤਾ ਸੀ ਜਿਨ੍ਹਾਂ ’ਚੋਂ 13,384 ਫੇਲ੍ਹ ਹੋ ਗਏ ਹਨ। ਪੰਜਾਬੀ ਇੱਕ ਚੋਣਵਾਂ ਵਿਸ਼ਾ ਸੀ, ਇਸ ਲਈ ਇਸ ਵਿਸ਼ੇ ਵਿੱਚ ਅੰਗ੍ਰੇਜ਼ੀ ਨਾਲੋਂ ਪ੍ਰਦਰਸ਼ਨ ਥੋੜਾ ਚੰਗਾ ਰਿਹਾ, ਪਰ ਫਿਰ ਵੀ ਵਿਦਿਆਰਥੀ ਪੰਜਾਬੀ ਵਿੱਚ ਫੇਲ੍ਹ ਹੋਏ ਹਨ।

ਇਸ ਸਾਲ 12ਵੀਂ ਦੇ 44,452 ਵਿਦਿਆਰਥੀਆਂ ਨੇ ਚੋਣਵੀਂ ਪੰਜਾਬੀ ਦਾ ਇਮਤਿਹਾਨ ਦਿੱਤਾ ਸੀ। ਇਨ੍ਹਾਂ ਵਿੱਚੋਂ 975 ਫੇਲ੍ਹ ਹੋ ਗਏ ਹਨ। ਖ਼ਾਸ ਗੱਲ ਇਹ ਹੈ ਕਿ ਇਸ ਸਾਲ ਲਿਖਤੀ ਪੇਪਰ ਵਿੱਚ 80 ਨੰਬਰਾਂ ਵਿੱਚੋਂ ਸਿਰਫ਼ 27 ਨੰਬਰ ਪਾਸ ਹੋਣ ਲਈ ਰੱਖੇ ਗਏ ਸੀ, ਪਰ ਵਿਦਿਆਰਥੀ ਇਹ 27 ਨੰਬਰ ਵੀ ਨਹੀਂ ਲੈ ਸਕੇ। 20 ਨੰਬਰ ਅੰਦਰੂਨੀ ਮੁਲਾਂਕਣ ਵਿਚੋਂ ਵੀ ਸਕੂਲ ਵੱਲੋਂ ਨੰਬਰ ਭੇਜੇ ਜਾਂਦੇ ਹਨ ਜੋ ਜ਼ਿਆਦਾਤਰ ਸਕੂਲ 99 ਫ਼ੀਸਦ ਲਾ ਹੀ ਦਿੰਦੇ ਹਨ।

ਹੈਰਾਨੀ ਦੀ ਗੱਲ ਇਹ ਵੀ ਹੈ ਕਿ 21ਵੀਂ ਦੇ 7 ਵਿਸ਼ੇ ਭਾਸ਼ਾ ਨਾਲ ਸਬੰਧਿਤ ਸਨ, ਸਿਰਫ਼ ਉਰਦੂ ਹੀ ਇਕਲੌਤਾ ਐਸਾ ਵਿਸ਼ਾ ਰਿਹਾ ਜਿਸ ਦਾ ਨਤੀਜਾ 100 ਫ਼ੀਸਦੀ ਰਿਹਾ ਹੈ। ਉਰਦੂ ਵਿਸ਼ੇ ਵਿਚ 162 ਵਿਚੋਂ 162 ਤੇ ਸੰਸਕ੍ਰਿਤ ਵਿਚੋਂ 193 ’ਚੋਂ 191 ਵਿਦਿਆਰਥੀ ਪਾਸ ਹੋ ਸਕੇ ਹਨ।

ਇਸੇ ਤਰ੍ਹਾਂ ਦਸਵੀਂ ਜਮਾਤ ਵਿਚ ਪੰਜਾਬੀ ਵਿਸ਼ੇ ਵਿੱਚ 1,315 ਵਿਦਿਆਰਥੀ ਫੇਲ੍ਹ ਹੋ ਗਏ ਹਨ ਜਦੋਂ ਕਿ ਹਿੰਦੀ ਵਿਸ਼ੇ ਦਾ ਨਤੀਜਾ ਇਸ ਪੰਜਾਬੀ ਨਾਲੋਂ ਵਧੀਆ ਰਿਹਾ। ਦਸਵੀਂ ਜਮਾਤ ਵਿਚ ਕੁੱਲ 2,80,636 ਵਿਦਿਆਰਥੀਆਂ ਨੇ ਇਮਤਿਹਾਨ ਦਿੱਤਾ, ਜਿਨ੍ਹਾਂ ਵਿਚੋਂ 604 ਫੇਲ੍ਹ ਹੋਏ ਹਨ।

Exit mobile version