The Khalas Tv Blog Punjab ਪੰਜਾਬ ‘ਚ ਸੰਘਣੀ ਧੁੰਦ ਦੀ ਚੇਤਾਵਨੀ , ਸੀਤ ਲਹਿਰ ਅਤੇ ਧੁੰਦ ਦਾ ਜ਼ੋਰ, 10 ਜ਼ਿਲ੍ਹਿਆਂ ‘ਚ ਆਰੇਂਜ ਅਲਰਟ
Punjab

ਪੰਜਾਬ ‘ਚ ਸੰਘਣੀ ਧੁੰਦ ਦੀ ਚੇਤਾਵਨੀ , ਸੀਤ ਲਹਿਰ ਅਤੇ ਧੁੰਦ ਦਾ ਜ਼ੋਰ, 10 ਜ਼ਿਲ੍ਹਿਆਂ ‘ਚ ਆਰੇਂਜ ਅਲਰਟ

Thick fog warning in Punjab

ਚੰਡੀਗੜ੍ਹ : ਹੁਣ ਪੰਜਾਬ ‘ਚ ਸੰਘਣੀ ਧੁੰਦ ਦੇ ਨਾਲ ਠੰਡ ਦੀ ਤੀਬਰਤਾ ਵਧ ਗਈ ਹੈ। ਸੋਮਵਾਰ ਨੂੰ ਸੀਤ ਲਹਿਰ ਕਾਰਨ ਅੰਮ੍ਰਿਤਸਰ, ਬਠਿੰਡਾ ਅਤੇ ਜਲੰਧਰ ਦੇ ਆਦਮਪੁਰ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ ਹੇਠਾਂ ਡਿੱਗ ਗਿਆ। ਅੰਮ੍ਰਿਤਸਰ ਦਾ ਤਾਪਮਾਨ 3.6 ਡਿਗਰੀ ਰਿਹਾ, ਜੋ ਆਮ ਨਾਲੋਂ 0.7 ਡਿਗਰੀ ਘੱਟ ਸੀ, ਜਦਕਿ ਬਠਿੰਡਾ ਦਾ ਘੱਟੋ-ਘੱਟ ਤਾਪਮਾਨ 4.4 ਡਿਗਰੀ (ਆਮ ਨਾਲੋਂ 0.5 ਡਿਗਰੀ ਘੱਟ) ਅਤੇ ਆਦਮਪੁਰ ਦਾ ਘੱਟੋ-ਘੱਟ ਤਾਪਮਾਨ 3.0 ਡਿਗਰੀ ਸੈਲਸੀਅਸ ਰਿਹਾ।

ਆਦਮਪੁਰ, ਹਲਵਾਰਾ ਅਤੇ ਬਠਿੰਡਾ ਵਿੱਚ ਵੀ ਵਿਜ਼ੀਬਿਲਟੀ 0 ਤੋਂ 50 ਮੀਟਰ ਹੀ ਰਹੀ। ਅੰਮ੍ਰਿਤਸਰ ਵਿੱਚ ਵਿਜ਼ੀਬਿਲਟੀ 50 ਤੋਂ 200 ਮੀਟਰ, ਲੁਧਿਆਣਾ ਵਿੱਚ 200 ਤੋਂ 500 ਮੀਟਰ ਅਤੇ ਪਟਿਆਲਾ ਤੇ ਪਠਾਨਕੋਟ ਵਿੱਚ 2000 ਤੋਂ 4000 ਮੀਟਰ ਸੀ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਔਰੇਂਜ ਅਲਰਟ ਜਾਰੀ ਕੀਤਾ ਹੈ। ਇਸ ਤਹਿਤ 10 ਜ਼ਿਲ੍ਹਿਆਂ ਵਿੱਚ ਸੰਘਣੀ ਧੁੰਦ ਦੇ ਨਾਲ ਸੀਤ ਲਹਿਰ ਰਹੇਗੀ ਜਦਕਿ ਬਾਕੀ ਜ਼ਿਲ੍ਹਿਆਂ ਵਿੱਚ ਸਿਰਫ਼ ਸੰਘਣੀ ਧੁੰਦ ਹੀ ਰਹੇਗੀ। ਇਨ੍ਹਾਂ 10 ਜ਼ਿਲ੍ਹਿਆਂ ਵਿੱਚ ਅੰਮ੍ਰਿਤਸਰ, ਤਰਨਤਾਰਨ, ਕਪੂਰਥਲਾ, ਜਲੰਧਰ, ਫ਼ਿਰੋਜ਼ਪੁਰ, ਫ਼ਾਜ਼ਿਲਕਾ, ਫ਼ਰੀਦਕੋਟ, ਮੋਗਾ ਅਤੇ ਬਠਿੰਡਾ ਸ਼ਾਮਲ ਹਨ।

ਮੌਸਮ ਵਿਭਾਗ ਦੇ ਚੰਡੀਗੜ੍ਹ ਕੇਂਦਰ ਦੇ ਡਾਇਰੈਕਟਰ ਏ.ਕੇ.ਸਿੰਘ ਅਨੁਸਾਰ ਆਉਣ ਵਾਲੇ 48 ਘੰਟਿਆਂ ਦੌਰਾਨ ਸੰਘਣੀ ਧੁੰਦ ਦੇ ਨਾਲ-ਨਾਲ ਸੀਤ ਲਹਿਰ ਕਾਰਨ ਘੱਟੋ-ਘੱਟ ਤਾਪਮਾਨ ਦੋ ਡਿਗਰੀ ਹੇਠਾਂ ਆ ਸਕਦਾ ਹੈ। ਉਨ੍ਹਾਂ ਕਿਹਾ ਕਿ ਸੰਘਣੀ ਧੁੰਦ ਵਾਲੇ ਜ਼ਿਲ੍ਹਿਆਂ ਵਿੱਚ ਵਿਜ਼ੀਬਿਲਟੀ 50 ਮੀਟਰ ਤੋਂ ਘੱਟ ਹੋ ਸਕਦੀ ਹੈ। ਵਿਭਾਗ ਨੇ ਡਰਾਈਵਰਾਂ ਨੂੰ ਆਪਣੀ ਗੱਡੀ ਹੌਲੀ ਚਲਾਉਣ, ਪੈਦਲ ਚੱਲਣ ਵਾਲਿਆਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਅਤੇ ਬਜ਼ੁਰਗਾਂ ਅਤੇ ਬੱਚਿਆਂ ਨੂੰ ਸਵੇਰ ਅਤੇ ਸ਼ਾਮ ਦੇ ਸਮੇਂ ਬਹੁਤ ਜ਼ਿਆਦਾ ਬਾਹਰ ਨਾ ਜਾਣ ਦੀ ਸਲਾਹ ਦਿੱਤੀ ਹੈ।

ਵਿਭਾਗ ਦੀ ਭਵਿੱਖਬਾਣੀ ਅਨੁਸਾਰ ਆਉਣ ਵਾਲੇ ਦਿਨਾਂ ਵਿੱਚ ਮੌਸਮ ਖੁਸ਼ਕ ਰਹੇਗਾ ਪਰ ਸੰਘਣੀ ਧੁੰਦ ਅਤੇ ਸੀਤ ਲਹਿਰ ਕਾਰਨ ਠੰਢ ਵਧੇਗੀ। ਪੰਜਾਬ ਦੇ ਬਾਕੀ ਜ਼ਿਲ੍ਹਿਆਂ ਵਿੱਚੋਂ ਲੁਧਿਆਣਾ ਦਾ ਘੱਟੋ-ਘੱਟ ਤਾਪਮਾਨ 9.8 ਡਿਗਰੀ, ਪਟਿਆਲਾ ਦਾ 7.6 ਡਿਗਰੀ ਅਤੇ ਪਠਾਨਕੋਟ ਦਾ 5.8 ਡਿਗਰੀ ਦਰਜ ਕੀਤਾ ਗਿਆ।

Exit mobile version